ਕਿਸਾਨਾਂ ਨੂੰ ਗ਼ੈਰ-ਬਾਸਮਤੀ ਦੀਆਂ ਪੀ.ਆਰ. 128-129 ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ
ਕਿਸਮਾਂ ਨੂੰ ਛੇਤੀ ਪੱਕਣ ਤੇ ਪਾਣੀ ਦੀ ਬੱਚਤ ਕਰ ਕੇ ਵਧੇਰੇ ਕਾਰਗਰ ਦਸਿਆ
ਚੰਡੀਗੜ੍ਹ, 14 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ 'ਤੇ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਗ਼ੈਰ-ਬਾਸਮਤੀ (ਪਰਮਲ) ਦੀਆਂ ਪੀ.ਆਰ.-128 ਅਤੇ ਪੀ.ਆਰ.-129 ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿਤੀ ਹੈ ਜੋ ਫ਼ਸਲ ਦੇ ਛੇਤੀ ਪੱਕਣ, ਪਾਣੀ ਦੀ ਘੱਟ ਖ਼ਪਤ ਅਤੇ ਪਰਾਲੀ ਨੂੰ ਸਾੜੇ ਬਿਨਾਂ ਢੁਕਵੇਂ ਪ੍ਰਬੰਧਨ ਦੀਆਂ ਅਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰ ਕੇ ਕਾਫ਼ੀ ਕਾਰਗਰ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਕਮਿਸ਼ਨਰ (ਵਿਕਾਸ) ਵਿਸ਼ਵਾਜੀਤ ਖੰਨਾ ਨੇ ਦਸਿਆ ਕਿ ਇਨ੍ਹਾਂ ਦੋਵਾਂ ਨਵੀਆਂ ਕਿਸਮਾਂ ਨੂੰ ਮਿਲਿੰਗ ਇੰਡਸਟਰੀ ਦੇ ਨੁਮਾਇੰਦਿਆਂ ਤੋਂ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ, ਜੋ ਸੂਬੇ ਦੇ ਕਿਸਾਨਾਂ ਨੂੰ ਚੌਲਾਂ ਦੀ ਕਿਸਮ ਜਾਰੀ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸਾਲ 2019 ਅਤੇ 2020 ਵਿਚ ਮਿਲਿੰਗ ਟਰਾਇਲ ਵੱਡੇ ਪੱਧਰ 'ਤੇ ਕਰਵਾਏ ਗਏ ਸਨ।
ਵਧੀਕ ਮੁੱਖ ਸਕੱਤਰ ਨੇ ਅੱਗੇ ਦਸਿਆ ਕਿ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁੱਝ ਕਿਸਾਨਾਂ ਵਲੋਂ ਲੰਮੀ ਮਿਆਦ ਅਤੇ ਵੱਧ ਪਾਣੀ ਦੀ ਖ਼ਪਤ ਵਾਲੀਆਂ ਕਿਸਮਾਂ ਦੀ ਥਾਂ ਇਹ ਦੋਵੇਂ ਨਵੀਆਂ ਕਿਸਮਾਂ ਅਪਣਾਉਣ ਦੀ ਉਮੀਦ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕਈ ਟਰਾਇਲ ਕੀਤੇ ਗਏ ਹਨ ਅਤੇ ਜਿਨ੍ਹਾਂ ਦੇ ਨਤੀਜੇ ਕਾਫ਼ੀ ਚੰਗੇ ਰਹੇ ਹਨ।
ਸ੍ਰੀ ਖੰਨਾ ਨੇ ਇਹ ਵੀ ਦਸਿਆ ਕਿ ਇਹ ਉਨਤ ਕਿਸਮਾਂ ਸਰਕਾਰ ਦੁਆਰਾ 'ਕਸਟਮ ਮਿਲਿੰਗ ਪਾਲਿਸੀ' ਤਹਿਤ ਕੱਚੇ ਚੌਲਾਂ ਦੀ ਕੁੱਲ ਚਾਵਲ ਦੀ ਰਿਕਵਰੀ ਜੋ ਕਿ 67 ਫ਼ੀ ਸਦੀ ਨਿਰਧਾਰਤ ਕੀਤੀ ਗਈ ਹੈ, ਨੂੰ ਪੂਰਾ ਕਰਦੇ ਹਨ ਅਤੇ ਵੱਖ-ਵੱਖ ਗੁਣਵੱਤਾ ਮਾਪਦੰਡਾਂ ਲਈ ਹੋਰ ਕਿਸਮਾਂ ਦੀ ਤੁਲਨਾ ਵਿਚ ਜ਼ਿਆਦਾ ਸਵੀਕਾਰਯੋਗ ਹਨ।
ਵਧੀਕ ਮੁੱਖ ਸਕੱਤਰ ਨੇ ਇਨ੍ਹਾਂ ਕਿਸਮਾਂ ਦੀ ਸਮੁੱਚੀ ਕੀਮਤ ਨੂੰ ਧਿਆਨ ਵਿਚ ਰਖਦਿਆਂ ਕਿਹਾ ਕਿ ਇਹ ਕਾਸ਼ਤਕਾਰਾਂ ਦੇ ਵਡੇਰੇ ਹਿੱਤ ਵਿਚ ਹੋਵੇਗਾ ਕਿ ਉਹ ਪੀਆਰ 128 ਅਤੇ ਪੀਆਰ 129 ਨੂੰ ਉਨ੍ਹਾਂ ਦੀਆਂ ਪਰਮਲ ਚੌਲਾਂ ਦੀਆਂ ਕਿਸਮਾਂ ਵਿਚ ਸ਼ਾਮਲ ਕਰਨ। ਸ੍ਰੀ ਖੰਨਾ ਨੇ ਉਮੀਦ ਜਤਾਈ ਕਿ ਇਹ ਦੋਵੇਂ ਗ਼ੈਰ-ਬਾਸਮਤੀ ਕਿਸਮਾਂ ਅਨਮੋਲ ਕੁਦਰਤੀ ਵਸੀਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਮੌਸਮ ਦੇ ਬਦਲਾਅ ਅਤੇ ਨਵੇਂ ਕੀੜੇ/ਬਿਮਾਰੀ ਦੇ ਖਤਰੇ ਦੇ ਪ੍ਰਭਾਵ ਨੂੰ ਘਟਾਉਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ।
ਕਾਬਲੇਗੌਰ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਦੇ ਸਬੰਧ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਸਮਝਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦੀ ਤਰੀਕ ਪਹਿਲਾਂ ਹੀ 10 ਦਿਨ ਅਗੇਤੀ ਕਰ ਦਿਤੀ ਹੈ। ਝੋਨੇ ਦੀ ਬਿਜਾਈ ਦਾ ਕੰਮ 10 ਮਈ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਝੋਨੇ ਦੀ ਲੁਆਈ ਦਾ ਕੰਮ 10 ਜੂਨ, 2020 ਨੂੰ ਸ਼ੁਰੂ ਹੋਵੇਗਾ।