ਅੱਗ ਲੱਗਣ ਨਾਲ 5 ਏਕੜ ਲੈਮਨ ਗ੍ਰਾਸ ਦੀ ਫ਼ਸਲ ਸੜੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਸਥਿਤੀ ਦਾ ਲਿਆ ਜਾਇਜ਼ਾ

File Photo

ਪਠਾਨਕੋਟ: 14 ਮਈ (ਤੇਜਿੰਦਰ ਸਿੰਘ): ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਖੁਲ੍ਹੇ ਵਿਚ ਸਾੜਣ ਉਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ  ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜ਼ਿਲ੍ਹਾ ਪਠਾਨਕੋਟ ਵਿਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਣ ਉਤੇ ਪਾਬੰਦੀ ਲਗਾਈ ਗਈ ਹੈ,  ਪਰ ਇਸ ਦੇ ਬਾਵਜੂਦ ਕੁੱਝ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਹਵਾ ਨੂੰ ਪ੍ਰਦੂਸ਼ਤ ਕੀਤਾ ਹੀ ਨਹੀਂ ਜਾ ਰਿਹਾ ਹੈ ਸਗੋਂ ਦੂਜੇ ਕਿਸਾਨਾਂ ਦੀ ਫ਼ਸਲਾਂ ਦਾ ਨੁਕਸਾਨ ਵੀ ਕਰ ਰਹੇ ਹਨ।

ਅਜਿਹੇ ਹੀ ਇਕ ਕਿਸਾਨ ਨੇ ਬਲਾਕ ਪਠਾਨਕੋਟ ਦੇ ਪਿੰਡ ਚੌਹਾਨ ਵਿਚ ਅਪਣੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਨੌਜਵਾਨ ਕਿਸਾਨ ਰਾਜੇਸ਼ ਕੁਮਾਰ ਸਲਾਰੀਆ ਪੁੱਤਰ ਸ਼ਕਤੀ ਸਿੰਘ ਵਲੋਂ ਪੰਜ ਏਕੜ ਰਕਬੇ ਵਿਚ ਕਾਸਤ ਕੀਤੀ ਸੁਗੰਧੀ ਵਾਲੀ ਫ਼ਸਲ ਲੈਮਨ ਗ੍ਰਾਸ ਨੂੰ ਵੀ ਸਾੜ ਦਿਤਾ ਗਿਆ ਹੈ ਜਿਸ ਨਾਲ ਰਾਜੇਸ਼ ਸਿੰਘ ਦਾ ਤਕਰੀਬਨ ਪੰਜ ਲੱਖ ਦਾ ਨੁਕਸਾਨ ਹੋ ਗਿਆ ਹੈ।

ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੇ ਹੁਕਮਾਂ ਉਤੇ ਮੌਕੇ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵਲੋਂ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤਾਂ ਦਾ ਦੌਰਾ ਕੀਤਾ ਗਿਆ।  ਇਸ ਟੀਮ ਵਿਚ ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸ਼ਾਮਿਲ ਸਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਰਾਜੇਸ਼ ਕੁਮਾਰ ਨੇ ਦਸਿਆ ਕਿ ਪੰਜਾਬ ਸਰਕਾਰ ਦੀ ਫ਼ਸਲੀ ਵਿਭਿੰਤਾ ਯੋਜਨਾ ਨੂੰ ਅਪਨਾਉਂਦਿਆਂ ਪਿਛਲੇ ਦੋ ਸਾਲ ਤੋਂ ਪੰਜ ਏਕੜ ਰਕਬੇ ਵਿਚ ਸਗੰਧੀ ਵਾਲ ਫ਼ਸਲ ਲੈਮਨ ਗ੍ਰਾਸ ਦੀ ਕਾਸ਼ਤ ਕੀਤੀ ਸੀ ਅਤੇ ਤੇਲ ਕੱਢਣ ਲਈ ਪਲਾਂਟ ਵੀ ਲਗਾਇਆ ਸੀ ਜਿਸ ਤੇ 6 ਲੱਖ ਰੁਪਏ ਖਰਚਾ ਆਇਆ ਸੀ। ਉਨ੍ਹਾਂ ਦਸਿਆ ਕਿ ਮਿਤੀ 12 ਮਈ 2020 ਨੂੰ ਖੇਤਾਂ ਦੇ ਨਾਲ ਲੱਗਦੇ ਖੇਤਾਂ ਦੇ ਮਾਲਿਕ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਦਿਤੀ ਜਿਸ ਨਾਲ ਮੇਰੇ ਪੰਜ ਏਕੜ  ਰਕਬੇ ਵਿਚ ਕਾਸਤ ਕੀਤੀ ਲੈਮਨ ਗ੍ਰਾਸ ਦੀ ਫ਼ਸਲ ਵੀ ਸੜ ਗਈ ਹੈ। ਉਨ੍ਹਾਂ ਦਸਿਆ ਕਿ ਇਸ ਨਾਲ ਮੇਰਾ ਭਾਰੀ ਆਰਥਕ ਨੁਕਸਾਨ ਹੋ ਗਿਆ ਹੈ।

ਉਨ੍ਹਾਂ ਦਸਿਆ ਕਿ ਪੰਜ ਏਕੜ ਲੈਮਨ ਗ੍ਰਾਸ ਦੀ ਫਸਲ ਸੜਣ ਨਾਲ ਤੇਲ ਕੱਢਣ ਵਾਲਾ ਪਲਾਂਟ ਵੀ ਫਿਲਹਾਲ ਬੇਕਾਰ ਹੋ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੰਬੰਧਤ ਕਿਸਾਨ ਵਿਰੁਧ ਬਣਦੀ ਕਾਨੂੰਨੀ ਕਰਨ ਅਤੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਡਾ.ਅਮਰੀਕ ਸਿੰਘ ਨੇ ਦਸਿਆ ਕਿ ਰਾਜੇਸ਼ ਕੁਮਾਰ ਵਲੋਂ ਦਿਤੀ ਲਿਖਤੀ ਸ਼ਿਕਾਇਤ ਪ੍ਰਾਪਤ ਹੋ ਗਈ ਹੈ,

ਜਿਸ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਮੁਖੀ,ਸਦਰ ਪਠਾਨਕੋਟ ਨੂੰ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪੈਦਾ ਹੋਏ ਹਾਲਾਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਸਕਦਾ ਹੈ ਜਿਸ ਕਾਰਨ ਸਿਹਤ ਸਬੰਧੀ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਸਕਦਾ ਹੈ, ਇਸ ਲਈ ਕਣਕ ਦੇ ਨਾੜ ਨੂੰ ਸਾੜਣ ਦੀ ਬਿਜਾਏ ਖੇਤਾਂ ਵਿਚ ਵਾਹ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।