ਸਰਕਾਰ ਮਹਿਲਾ ਸਵੈਮ ਸੇਵੀ ਸਮੂਹਾਂ ਨੂੰ ਖੇਤੀ-ਡਰੋਨ ਪ੍ਰਦਾਨ ਕਰੇਗੀ : ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਹਾ, ਔਰਤਾਂ ਦੀ ਅਗਵਾਈ ਵਾਲਾ ਵਿਕਾਸ ਹੀ ਦੇਸ਼ ਨੂੰ ਅੱਗੇ ਲੈ ਕੇ ਜਾਵੇਗਾ

New Delhi: Prime Minister Narendra Modi addresses the nation from the Red Fort on the occasion of the 77th Independence Day, in New Delhi, Tuesday, Aug. 15, 2023. (PTI Photo/Manvender Vashist Lav)

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰ ਛੇਤੀ ਹੀ ਮਹਿਲਾ ਸਵੈਮ ਸੇਵੀ ਸਹਾਇਤਾ ਸਮੂਹਾਂ ਨੂੰ ਖੇਤੀ ਡਰੋਨ ਪ੍ਰਦਾਨ ਕਰਨ ਲਈ ਇਕ ਯੋਜਨਾ ਸ਼ੁਰੂ ਕਰੇਗੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਡਰੋਨ ਉਡਾਉਣ ਅਤੇ ਉਸ ਦੀ ਮੁਰੰਮਤ ਕਰਨ ਦੀ ਸਿਖਲਾਈ ਵੀ ਦਿਤੀ ਜਾਵੇਗੀ। ਯੋਜਨਾ ਸ਼ੁਰੂਆਤ ’ਚ 15 ਹਜ਼ਾਰ ਮਹਿਲਾ ਸਵੈਮ ਸੇਵੀ ਸਮੂਹਾਂ (ਐਸ.ਐਚ.ਜੀ.) ਨੂੰ ਡਰੋਨ ਪ੍ਰਦਾਨ ਕਰਨ ਨਾਲ ਸ਼ੁਰੂ ਕੀਤੀ ਜਾਵੇਗੀ। ਦੇਸ਼ ’ਚ ਲਗਭਗ 10 ਕਰੋੜ ਔਰਤਾਂ ਐਸ.ਐਚ.ਜੀ. ਨਾਲ ਜੁੜੀਆਂ ਹਨ। 

ਪ੍ਰਧਾਨ ਮੰਤਰੀ ਨੇ 77ਵੇਂ ਆਜ਼ਾਦੀ ਦਿਹਾੜੇ ’ਤੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਡਰੋਨ ਦੇ ਸੰਚਾਲਨ ਅਤੇ ਮੁਰੰਮਤ ਦੀ ਸਿਖਲਾਈ ਦੇਵਾਂਗੇ। ਕਈ ਸਵੈਮ ਸਹਾਇਤਾ ਸਮੂਹਾਂ ਨੂੰ ਡਰੋਨ ਦਿਤੇ ਜਾਣਗੇ। ਇਨ੍ਹਾਂ ਖੇਤੀ ਡਰੋਨਾਂ ਦਾ ਅਸਰਦਾਰ ਢੰਗ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ। ਇਹ ਪਹਿਲਾ 15 ਹਜ਼ਾਰ ਮਹਿਲਾ ਸਵੈਮ ਸਹਾਇਤਾ ਸਮੂਹਾਂ ਵਲੋਂ ਡਰੋਨ ਉਡਾਉਣ ਤੋਂ ਸ਼ੁਰੂ ਹੋਵੇਗੀ।’’

ਉਨ੍ਹਾਂ ਕਿਹਾ ਕਿ ਔਰਤਾਂ ਦੀ ਅਗਵਾਈ ਵਾਲਾ ਵਿਕਾਸ ਹੀ ਦੇਸ਼ ਨੂੰ ਅੱਗੇ ਲੈ ਕੇ ਜਾਵੇਗਾ। ਮੋਦੀ ਨੇ ਕਿਹਾ, ‘‘ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਨਾਗਰਿਕ ਹਵਾਬਾਜ਼ੀ ’ਚ ਭਾਰਤ ਕੋਲ ਸਭ ਤੋਂ ਵੱਧ ਔਰਤ ਪਾਇਲਟਾਂ ਹਨ।’’ ਉਨ੍ਹਾਂ ਕਿਹਾ ਕਿ ਔਰਤ ਵਿਗਿਆਨੀ ਚੰਦਰਯਾਨ ਮਿਸ਼ਨ ਦੀ ਅਗਵਾਈ ਕਰ ਰਹੀਆਂ ਹਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਸਮੂਹ ਨੇ ਔਰਤਾਂ ਦੀ ਅਗਵਾਈ ’ਚ ਵਿਕਾਸ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਨਜ਼ੂਰ ਕੀਤਾ ਹੈ। ਮੋਦੀ ਨੇ ਨਾਲ ਹੀ ਕਿਹਾ ਕਿ ‘ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ’ ਹੇਠ ਕਿਸਾਨਾਂ ਦੇ ਖਾਤਿਆਂ ’ਚ 2.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਜਮ੍ਹਾਂ ਕਰਵਾਈ ਗਈ ਹੈ। ਸਰਕਾਰ ਕਿਸਾਨਾਂ ਨੂੰ ਤਿੰਨ ਕਿਸਤਾਂ ’ਚ ਸਾਲਾਨਾ 6 ਹਜ਼ਾਰ ਰੁਪਏ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਖਾਦਾਂ ਲਈ 10 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਵੀ ਦਿਤੀ ਹੈ।