ਪਰਾਲੀ ਸਾੜਨ ਦੇ ਮਸਲੇ ਦਾ ਹੱਲ ਸਰਕਾਰ ਦੇ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਖ਼ੁਸ਼ੀ ਜਾਂ ਸ਼ੌਕ ਨਾਲ ਅਜਿਹਾ ਨਹੀਂ ਕਰਦਾ, ਬਸ ਉਸ ਦੀ ਤਾਂ ਮਜਬੂਰੀ ਹੈ, ਜੋ ਸਾਨੂੰ ਸਮਝਣੀ ਪਵੇਗੀ

Straw Burning

ਪਿਛਲੇ ਸਮੇਂ ਵਿਚ ਕਿਸਾਨਾਂ ਵਲੋਂ ਸਾੜੀ ਜਾਂਦੀ ਪਰਾਲੀ ਨਾਲ ਹੋ ਰਹੇ ਪ੍ਰਦੂਸ਼ਣ ਨਾਲ ਮਨੁੱਖੀ ਜ਼ਿੰਦਗੀ ਲਈ ਮਾਰੂ ਨੁਕਸਾਨ ਬਾਰੇ ਬਹੁਤ ਕੁੱਝ ਸਾਡੇ ਸਤਿਕਾਰਯੋਗ ਬੁਧੀਜੀਵੀਆਂ, ਡਾਕਟਰਾਂ ਤੇ ਖੇਤੀ ਮਾਹਰਾਂ ਨੇ ਲਿਖਿਆ ਹੈ। ਕਿਸਾਨ ਉਸ ਨੂੰ ਠੀਕ ਮੰਨ ਕੇ ਸਹਿਮਤ ਹਨ। ਕਿਸਾਨ ਵੀ ਮੰਨਦਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਹਰ ਪਾਸੇ ਨੁਕਸਾਨ ਹੀ ਨੁਕਸਾਨ ਹੈ। ਉਹ ਨਾ ਚਾਹੁੰਦਾ ਹੋਇਆ ਵੀ ਪਰਾਲੀ ਨੂੰ ਸਾੜਦਾ ਹੈ।

ਕਿਸਾਨ ਖ਼ੁਸ਼ੀ ਜਾਂ ਸ਼ੌਕ ਨਾਲ ਅਜਿਹਾ ਨਹੀਂ ਕਰਦਾ, ਬਸ ਉਸ ਦੀ ਤਾਂ ਮਜਬੂਰੀ ਹੈ, ਜੋ ਸਾਨੂੰ ਸਮਝਣੀ ਪਵੇਗੀ। ਇਹ ਸੱਚ ਹੈ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ ਪਰ ਇਹ ਵੀ ਸੱਚ ਹੈ ਕਿ ਕਿਸਾਨ ਜਿੰਨਾ ਕੁ ਪ੍ਰਦੂਸ਼ਣ ਪਰਾਲੀ ਸਾੜ ਕੇ ਪੈਦਾ ਕਰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਕਿਸਾਨ ਦੀ ਬੀਜੀ ਹੋਈ ਫ਼ਸਲ ਹਵਾ ਵਿਚਲੀਆਂ ਜ਼ਹਿਰੀਲੀਆਂ ਗੈਸਾਂ ਨੂੰ  ਜਜ਼ਬ ਕਰ ਲੈਂਦੀ ਹੈ।

ਇਸ ਗੱਲ ਨੂੰ ਕੋਈ ਨਹੀਂ ਸਮਝ ਰਿਹਾ। ਪ੍ਰਦੂਸ਼ਣ ਦਾ ਪੈਦਾ ਹੋਣਾ ਤੇ ਖ਼ਤਮ ਹੋਣਾ ਇਹ ਇਕ ਸਰਕਲ ਹੈ ਜਿਸ ਨੂੰ ਸਾਡੇ ਝੋਨੇ ਦੀ ਫ਼ਸਲ ਪੂਰਾ ਕਰਦੀ ਹੈ। ਸਵਾਲ ਹੈ ਕਿ ਪਰਾਲੀ ਬਣੀ ਕਿਵੇਂ? ਜਿਨ੍ਹਾਂ ਗੈਸਾਂ, ਪ੍ਰਦੂਸ਼ਿਤ ਤੱਤਾਂ ਤੋਂ ਸਾਡਾ ਝੋਨਾ ਤਿਆਰ ਹੋਇਆ, ਉਸ ਨੂੰ ਸਾੜੇ ਤੋਂ ਉਹ ਤੱਤ ਤੇ ਗੈਸਾਂ ਪੈਦਾ ਹੁੰਦੀਆਂ ਹਨ। ਨਾ ਕੁੱਝ ਘਟਦਾ ਹੈ ਤੇ ਨਾ ਕੁੱਝ ਵਧਦਾ ਹੈ।

ਮਿਸਾਲ ਵਜੋਂ ਇਕ ਬੰਦਾ ਪਹਿਲਾਂ ਮਜਬੂਰੀ ਵੱਸ ਕਚਰਾ ਖਿਲਾਰ ਦਿੰਦਾ ਹੈ ਤੇ ਫਿਰ ਉਹ ਅਪਣੇ ਖਿਲਾਰੇ ਹੋਏ ਕਚਰੇ ਤੋਂ ਇਲਾਵਾ ਪਿਆ ਹੋਰ ਕਚਰਾ ਵੀ ਸਾਫ਼ ਕਰ ਦਿੰਦਾ ਹੈ ਤਾਂ ਉਸ ਨੇ ਕੀ ਗ਼ਲਤ ਕੀਤਾ? ਕੁੱਝ ਲੋਕਾਂ ਨੇ ਇਸ ਮਸਲੇ ਨੂੰ ਲੈ ਕੇ ਅਸਮਾਨ ਸਿਰ ਤੇ ਚੁਕਿਆ ਹੋਇਆ ਹੈ ਜਿਸ ਦਾ ਕਾਰਨ ਸਾਨੂੰ ਭਲੀਭਾਂਤ ਸਮਝ ਆਉਂਦਾ ਹੈ।

ਪਰਾਲੀ ਸਾੜਨ ਦੀ ਤਕਲੀਫ਼ ਸਰਕਾਰਾਂ, ਗਰੀਨ ਟ੍ਰਿਬਿਊਨਲ, ਵਾਤਾਵਰਣ ਨਾਲ ਸਬੰਧਤ ਅਧਿਕਾਰੀ, ਸੰਸਥਾਵਾਂ ਤੇ ਅਖੌਤੀ 'ਵਾਤਾਵਰਣ ਪ੍ਰੇਮੀਆਂ' ਨੂੰ ਹੁਣ ਆ ਕੇ ਹੀ ਕਿਉਂ ਹੋ ਗਈ ਹੈ? ਕਿਸਾਨ ਤਾਂ 30-35 ਸਾਲਾਂ ਤੋਂ ਪਰਾਲੀ ਸਾੜਦਾ ਆ ਰਿਹਾ ਹੈ। ਪਹਿਲਾਂ ਤਾਂ ਕੋਈ ਕੁਸਕਿਆ ਤਕ ਨਹੀਂ, ਸਾਰੇ ਹੀ ਅੰਨਦਾਤਾ ਅੰਨਦਾਤਾ ਕਰਦੇ ਰਹਿੰਦੇ ਸਨ ਤੇ ਜੈ ਕਿਸਾਨ ਦੇ ਨਾਹਰੇ ਲਗਾ ਰਹੇ ਸਨ।

ਹੁਣ 8-10 ਸਾਲਾਂ ਤੋਂ ਪਰਾਲੀ ਦਾ ਧੂੰਆਂ ਇਨ੍ਹਾਂ ਦੇ ਸਾਹ ਕਿਉਂ ਬੰਦ ਕਰਨ ਲੱਗ ਪਿਆ ਹੈ? ਕਿਸ ਕਾਰਨ ਸਰਕਾਰਾਂ ਵਲੋਂ ਦਾਇਰ ਕੀਤੇ ਮੁਕੱਦਮਿਆਂ ਦਾ ਸ਼ਿਕਾਰ ਹੋ ਰਿਹਾ ਹੈ? ਹੁਣ ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਕਿਸਾਨ ਅੰਨਦਾਤਾ ਨਹੀਂ ਰਿਹਾ, ਕਿਉਂ? ਕਿੰਨੇ ਖ਼ੁਦਗਰਜ਼ ਨੇ ਇਹ ਲੋਕ। ਇਹ ਗੱਲ ਸਾਨੂੰ ਭਲੀਭਾਂਤ ਸਮਝ ਆ ਗਈ ਹੈ ਕਿ ਜਦੋਂ ਦੇਸ਼ ਵਿਚ ਅਨਾਜ ਦੀ ਘਾਟ ਕਾਰਨ ਆਮ ਲੋਕ ਭੁੱਖੇ ਮਰਦੇ ਸਨ ਤੇ ਸੱਭ ਪਾਸੇ ਹਾਹਾਕਾਰ ਹੋ ਰਹੀ ਰਹੀ ਸੀ,

ਉਸ ਸਮੇਂ ਪਰਾਲੀ ਦਾ ਧੂੰਆਂ ਇਨ੍ਹਾਂ ਨੂੰ ਕੁੱਝ ਨਹੀਂ ਸੀ ਕਹਿੰਦਾ। ਹੁਣ ਜਦੋਂ ਕਿਸਾਨ ਨੇ ਦੇਸ਼ ਦੀ ਲੋੜ ਤੋਂ ਵੀ ਵੱਧ ਅਨਾਜ ਪੈਦਾ ਕਰ ਦਿਤਾ ਤਾਂ ਪਰਾਲੀ ਦਾ ਧੂੰਆਂ ਇਨ੍ਹਾਂ ਨੂੰ ਚੂੰਢੀਆਂ ਵੱਡਣ ਲੱਗ ਪਿਆ ਹੈ। ਕੀ ਕਹਿਣੇ ਇਨ੍ਹਾਂ ਵਾਤਾਵਰਣ ਪ੍ਰੇਮੀਆਂ ਦੇ। ਇੱਟਾਂ ਦੇ ਭੱਠਿਆਂ ਤੇ ਹੋਰ ਕਿੰਨੀਆਂ ਹੀ ਫ਼ੈਕਟਰੀਆਂ, ਤਾਪ ਬਿਜਲੀ ਘਰਾਂ ਵਾਲੇ, ਜੋ ਲੱਖਾਂ ਟਨ ਕੋਲਾ ਤੇ ਆਵਾਜਾਈ ਦੇ ਵਾਹਨ ਸਾਰਾ ਸਾਲ ਪ੍ਰਦੂਸ਼ਣ ਪੈਦਾ ਕਰ ਰਹੇ ਹਨ ਜਦੋਂ ਕਿ ਉਹ ਜਿੰਨਾ ਪ੍ਰਦੂਸ਼ਣ ਪੈਦਾ ਕਰਦੇ ਹਨ ਉਸ ਵਿਚੋਂ ਕੁੱਝ ਵੀ ਠੀਕ ਨਹੀਂ ਕਰਦੇ ਪਰ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕਿਉਂਕਿ ਉਨ੍ਹਾਂ ਦੇ ਹੱਥ ਵਿਚ ਰਾਜ ਦਾ ਡੰਡਾ ਹੈ।

ਜੋ ਉਹ ਚਾਹੁੰਦੇ ਹਨ, ਉਸੇ ਤਰ੍ਹਾਂ ਸਰਕਾਰਾਂ, ਕਾਨੂੰਨ ਅਤੇ ਅਦਾਲਤਾਂ ਕਥਿਤ ਤੌਰ ਤੇ ਕਰਦੇ ਹਨ। ਕਿਸਾਨ ਵਿਚਾਰਾ ਇਕੱਲਾ ਤੇ ਬੇਵਸ ਹੋ ਗਿਆ ਹੈ ਜਿਸ ਦਾ ਵਾਲੀ ਵਾਰਸ ਕੋਈ ਨਹੀਂ। ਕਿਸਾਨਾਂ ਵਿਚੋਂ ਵੀ ਜੋ ਸੰਸਦ ਮੈਂਬਰ ਤੇ ਵਿਧਾਨ ਸਭਾ ਮੈਂਬਰ ਚੁਣੇ ਜਾਂਦੇ ਹਨ, ਉਹ ਕਿਸਾਨ ਤੋਂ ਬੇਮੁੱਖ ਹੋ ਜਾਂਦੇ ਹਨ। ਕਿਸਾਨ ਨਾਲ ਗ਼ੱਦਾਰੀ ਕਰ ਕੇ ਅਪਣੀ-ਅਪਣੀ ਪਾਰਟੀ ਦੀ ਗ਼ੁਲਾਮੀ ਕਰਦੇ ਹੋਏ ਲੂਣ ਦੀ ਖਾਣ ਵਿਚ ਲੂਣ ਹੋ ਜਾਂਦੇ ਹਨ ਤੇ ਇਸ ਭ੍ਰਿਸ਼ਟ ਤੰਤਰ ਵਿਚ ਭ੍ਰਿਸ਼ਟ ਹੋ ਕੇ ਵਿਚਰ ਰਹੇ ਹਨ। ਫਿਰ ਕਿਸਾਨਾਂ ਦਾ ਪੱਖ ਕੌਣ ਲਵੇ?

ਇਸ ਤੋਂ ਬਿਨਾਂ ਕੱਚੇ ਤੇਲ ਵਿਚ ਪਟਰੌਲ, ਡੀਜ਼ਲ ਤੇ ਲੁੱਕ ਤੇ ਹੋਰ ਬਹੁਤ ਕੁੱਝ ਵੀ ਕੱਢ ਲਿਆ ਜਾਂਦਾ, ਤਾਂ ਬਾਕੀ ਜੋ ਪਦਾਰਥ ਬਚਦਾ ਹੈ, ਉਸ ਨੂੰ ਪੈਟ ਕੋਕ ਕਹਿੰਦੇ ਹਨ। ਕੱਚੇ ਤੇਲ ਵਿਚ ਜਿੰਨੀ ਵੀ ਸਲਫ਼ਰ ਹੁੰਦੀ ਹੈ, ਸਾਰੀ ਦੀ ਸਾਰੀ ਇਸ ਵਿਚ ਰਹਿ ਜਾਂਦੀ ਹੈ। ਇਸ ਨੂੰ ਸਾੜਨ ਤੋਂ ਸਲਫ਼ਰ ਡਾਅਕਸਾਈਡ ਪੈਦਾ ਹੁੰਦੀ ਹੈ। (ਪੀ.ਪੀ.ਐਮ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਦੀ ਇਕਾਈ ਹੈ) ਜੋ 65000 ਪੀ.ਪੀ.ਐਮ ਤੋਂ ਲੈ ਕੇ 75000 ਪੀ.ਪੀ.ਐਮ ਤਕ ਇਹ ਪ੍ਰਦੂਸ਼ਣ ਪੈਦਾ ਕਰਦੀ ਹੈ। ਪੈਟਕੋਕ ਸਾਰੇ ਬਾਲਣਾ ਨਾਲੋਂ ਭਾਵ ਕੋਲੇ ਨਾਲੋਂ ਵੀ ਸਸਤੀ ਪੈਂਦੀ ਹੈ ਪਰ ਹੋਰ ਸਾਰੇ ਬਾਲਣਾਂ ਨਾਲੋ ਕਈ ਗੁਣਾ ਕੁਦਰਤ ਲਈ ਹਾਨੀਕਾਰਕ ਹੈ।

ਭਾਰਤ ਵਿਚ ਪੈਟਕੋਕ ਜਿੰਨੀ ਪੈਦਾ ਹੁੰਦੀ ਹੈ, ਉਸ ਤੋਂ ਦਰਜਾ ਗੁਣਾਂ ਵੱਧ ਭਾਵ ਤਿੰਨ ਕਰੋੜ ਟਨ ਬਿਹਾਰ ਤੋਂ ਇਸ ਸਾਲ ਦੇ ਅੰਤ ਤਕ ਮੰਗਵਾ ਲਈ ਜਾਵੇਗੀ। ਕਾਰਬਨਡਾਈਆਕਸਾਈਡ ਦਾ ਹੱਲ ਦਰੱਖ਼ਤ ਤੇ  ਹੋਰ ਫ਼ਸਲਾਂ ਕਰ ਸਕਦੇ ਹਨ ਪਰ ਸਲਫ਼ਰਡਾਈਆਕਸਾਈਡ ਦਾ ਹੱਲ ਵਿਗਿਆਨੀ ਕਿਵੇਂ ਕਰਨਗੇ?  ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ, ਜੋ ਕਿਸੇ ਪਾਸ ਨਹੀਂ ਹੈ। ਏਨੀ ਖ਼ਤਰਨਾਕ ਗੈਸ ਪੈਦਾ ਕਰਨ ਵਾਲੇ ਨੂੰ ਕੋਈ ਵੀ ਕੁੱਝ ਨਹੀਂ ਕਹਿੰਦਾ, ਬਸ ਕਿਸਾਨ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ। ਅਸੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਇਕੱਲੀ ਪੈਟ ਕੋਕ ਜਲਾਉਣ ਤੇ ਪਾਬੰਦੀ ਲੱਗ ਜਾਵੇ ਤਾਂ ਪ੍ਰਦੂਸਣ  ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਸਾਡੇ ਨਾਲ ਇਸ ਸਬੰਧ ਵਿਚ ਕੋਈ ਵੀ ਸੱਜਣ ਵਿਚਾਰ ਵਟਾਂਦਰਾ ਕਰ ਸਕਦਾ ਹੈ। ਅਸੀ ਅੰਕੜਿਆਂ ਤੇ ਵਿਗਿਆਨਕ ਤੱਥਾਂ ਰਾਹੀਂ ਸਾਬਤ ਕਰ ਸਕਦੇ ਹਾਂ ਕਿ ਕਿਸਾਨ ਸਾਰਾ ਸਾਰੇ ਵਿਚ ਇਕ ਫ਼ੀ ਸਦੀ ਵੀ ਵਾਧੂ ਪ੍ਰਦੂਸ਼ਣ ਪੈਦਾ ਨਹੀਂ ਕਰਦਾ। ਸਗੋਂ ਉਪਰੋਕਤ ਸ੍ਰੋਤਾਂ ਤੋਂ ਪੈਦਾ ਹੋਇਆ ਪ੍ਰਦੂਸ਼ਣ ਕਿਸਾਨ ਦੀ ਫ਼ਸਲ ਠੀਕ ਕਰਦੀ ਹੈ। ਇਵੇਂ ਹੀ ਬਿਨਾਂ ਕਿਸੇ ਕਾਰਨ ਤੋਂ ਕੂਕਾਂ ਰੌਲੀ ਪਾਈ ਜਾ ਰਹੀ ਹੈ। ਪਹਿਲਾਂ ਤਾਂ ਖੇਤੀ ਵਿਗਿਆਨੀਆਂ ਨੂੰ ਤੱਥ ਪੇਸ਼ ਕਰ ਕੇ ਕਿਸਾਨ ਦਾ ਇਹ ਪੱਖ ਸਾਹਮਣੇ ਲਿਆਉਣਾ ਚਾਹੀਦਾ ਸੀ ਜੋ ਉਨ੍ਹਾਂ ਦਾ ਫ਼ਰਜ਼ ਵੀ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਅਸੀ ਉਨ੍ਹਾਂ ਲੋਕਾਂ (ਜੋ ਕਿਸਾਨਾਂ ਵਲੋਂ ਪੈਦਾ ਕੀਤੇ ਜਾ ਰਹੇ ਅਖੌਤੀ ਪ੍ਰਦੂਸ਼ਣ ਦੀਆਂ ਦੁਹਾਈਆਂ ਦਿੰਦੇ ਫਿਰ ਰਹੇ ਹਨ) ਨੂੰ ਚੈਲੇਂਜ ਕਰਦੇ ਹਾਂ ਕਿ ਜਿਸ ਵੀ ਮੰਚ ਤੇ ਉਹ ਚਾਹੁਣ ਸਾਡੇ ਨਾਲ ਇਸ ਮਸਲੇ ਤੇ ਵਿਚਾਰ ਵਟਾਂਦਰਾ ਕਰਨ। ਅਸੀ ਅੰਕੜਿਆਂ ਤੇ ਵਿਗਿਆਨਕ ਤੱਥਾਂ ਰਾਹੀਂ ਕਿਸਾਨ ਨੂੰ ਇਸ ਮਾਮਲੇ ਵਿਚ ਬੇਕਸੂਰ ਸਾਬਤ ਕਰ ਸਕਦੇ ਹਾਂ।

ਇਹ ਸਾਰਾ ਸ਼ੋਰ ਸ਼ਰਾਬਾ ਫ਼ੈਕਟਰੀਆਂ, ਕਾਰਪੋਰੇਟਰਾਂ ਤੇ ਤਪਸ ਬਿਜਲੀ ਘਰਾਂ ਵਾਲਿਆਂ ਨੇ ਜਾਣਬੁਝ ਕੇ ਪਾਇਆ ਹੋਇਆ ਹੈ ਤਾਕਿ ਉਨ੍ਹਾਂ ਵਲੋਂ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਵਲੋਂ ਲੋਕਾਂ ਤੇ ਸਰਕਾਰ ਦਾ ਧਿਆਨ ਹਟਿਆ ਰਹੇ। ਇਸ ਵਿਚ ਉਹ ਕਾਮਯਾਬ ਵੀ ਹੋਏ ਹਨ। ਸੋ ਇਸ ਨਕਾਰਖ਼ਾਨੇ ਵਿਚ ਕਿਸਾਨ ਦੀ ਤੂਤੀ ਦੀ ਆਵਾਜ਼ ਕਿਸੇ ਨੂੰ ਨਹੀਂ ਸੁਣਦੀ। ਸਰਕਾਰਾਂ ਤਾਂ ਸੁਣਨਾ ਹੀ ਨਹੀਂ ਚਾਹੁੰਦੀਆਂ ਕਿਉਂÎਕਿ ਸਰਕਾਰਾਂ ਤਾਂ ਉਨ੍ਹਾਂ ਦੀਆਂ ਗ਼ੁਲਾਮ ਹਨ। ਗ਼ੁਲਾਮ ਨੇ ਤਾਂ ਹਰ ਹਾਲਤ ਵਿਚ ਅਪਣੇ ਮਾਲਕ ਦਾ ਪੱਖ ਲੈਣਾ ਹੀ ਹੁੰਦਾ ਹੈ। ਇਸ ਤਰ੍ਹਾਂ ਕਿਸਾਨ ਨੂੰ ਬਿਨਾਂ ਕਿਸੇ ਕਸੂਰ ਤੋਂ ਹੀ ਕਸੂਰਵਾਰ ਸਾਬਤ ਕੀਤਾ ਜਾ ਰਿਹਾ ਹੈ।

ਕਿਵੇਂ ਅੱਜ ਨੱਕ ਵੱਢੀ ਪਹਿਲਾਂ ਹੀ ਤਿੱਖੇ ਨੱਕ ਵਾਲੀ ਨੂੰ ਨੱਕੋ-ਨੱਕੋ ਆਖ ਕੇ ਬੁਲਾ ਰਹੀ ਹੈ ਤਾਕਿ ਉਸ ਨੂੰ ਕੋਈ ਨੱਕ ਵੱਢੀ ਨਾ ਕਹਿ ਦੇਵੇ। ਸਰਕਾਰਾਂ, ਕਾਨੂੰਨ, ਅਦਾਲਤਾਂ, ਮੀਡੀਏ ਦਾ ਇਕ ਹਿੱਸਾ ਤੇ ਸਰਕਾਰੀ ਕਲਮ ਘਸੀਟ ਭਾਵ ਸਾਰਾ ਸੁਪਰਸਟਰਕਚਰ ਹੀ ਇਸ ਮਾਮਲੇ ਵਿਚ ਕਿਸਾਨ ਵਿਰੋਧੀ ਹੈ। ਕਿਸਾਨ ਵਿਚਾਰਾ ਸੱਭ ਪਾਸਿਆਂ ਤੋਂ ਬੇ-ਆਸ ਹੋ ਕੇ ਕਿਸਾਨ ਜਥੇਬੰਦੀਆਂ ਵਲ ਵੇਖ ਰਿਹਾ ਹੈ ਜਿਸ ਪਾਸੇ ਤੋਂ ਉਸ ਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਦਾ ਹੱਥ ਫੜਿਆ ਵੀ ਹੈ।

ਇਸ ਮਸਲੇ ਦਾ ਹੱਲ ਖੇਤੀਬਾੜੀ ਵਿਗਿਆਨੀਆਂ ਨੇ ਸੁਝਾਇਆ ਹੈ। ਪਹਿਲੀ ਗੱਲ ਵਿਗਿਆਨੀ ਕਹਿੰਦੇ ਹਨ ਕਿ ਪਰਾਲੀ ਖੇਤ ਵਿਚ ਵਾਹੀ ਜਾਵੇ ਜੋ ਕਿ ਢੇਡੀ ਖੀਰ ਹੈ। ਜੇਕਰ ਤਵੀਆਂ ਨਾਲ 6-7 ਵਾਰੀ ਵੀ ਪਰਾਲੀ ਵਾਲਾ ਖੇਤ ਵਾਹਿਆ ਜਾਵੇ ਫਿਰ ਵੀ ਉਹ ਖੇਤ ਵਿਚ ਨਹੀਂ ਰਲਦੀ ਕਿਉਂਕਿ ਉਹ ਚੀੜ੍ਹੀ ਹੁੰਦੀ ਹੈ। ਤਵੀਆਂ ਉਸ ਨੂੰ ਕਟਦੀਆਂ ਨਹੀਂ ਸਗੋਂ ਉਸ ਨੂੰ ਗੁਥਮੁੱਥ ਕਰ ਦਿੰਦੀਆਂ ਹਨ। ਫਿਰ ਬੀਜਣ ਸਮੇਂ ਸੀਡ ਡਰਿੱਲ ਵਿਚ ਨਾੜ ਫਸਦਾ ਰਹਿੰਦਾ ਹੈ ਤੇ ਠੀਕ ਢੰਗ ਨਾਲ ਬਿਜਾਈ ਨਹੀਂ ਹੁੰਦੀ। ਜੇਕਰ ਬਿਨਾਂ ਵਾਹੇ ਖੜੇ ਟੰਡਿਆਂ ਤੋਂ ਬੀਜਣੀ ਹੋਵੇ ਤਾਂ ਵੀ ਮਸ਼ੀਨ ਦੀ ਲਿੱਦ ਅੜਿੱਕਾ ਬਣਦੀ ਹੈ।

ਉਸ ਨੂੰ ਜਾਂ ਤਾਂ ਬਾਹਰ ਕੱਢੋ ਜਾਂ ਅੱਗ ਲਗਾਉ। ਬੇਸ਼ਕ ਬਿਨਾਂ ਵਾਹੀ ਕੀਤਿਆਂ ਬੀਜਣ ਨਾਲ ਖ਼ਰਚਾ ਘਟਦਾ ਹੈ ਤੇ ਹੋਰ ਵੀ ਕੁੱਝ ਫ਼ਾਇਦੇ ਹੁੰਦੇ ਹਨ। ਪਰ ਝਾੜ ਵਾਹ ਕੇ ਬੀਜੀ ਨਾਲੋਂ ਇਕ ਕੁਇੰਟਲ ਤੋਂ ਲੈ ਕੇ ਦੋ ਕੁਟਿੰਟਲ ਪ੍ਰਤੀ ਏਕੜ ਘੱਟ ਜਾਂਦਾ ਹੈ। ਜ਼ੀਰੋ ਡਰਿੱਲ ਇਸੇ ਕਰ ਕੇ ਕਾਰਗਰ ਸਾਬਤ ਨਹੀਂ ਹੋਇਆ। ਪਹਿਲਾਂ-ਪਹਿਲ ਬਹੁਤ ਸਾਰੇ ਕਿਸਾਨਾਂ ਨੇ ਆਪ ਇਹ ਮਸ਼ੀਨਾਂ ਖ਼ਰੀਦ ਕੇ ਫ਼ਸਲ ਬੀਜੀ ਜੋ ਘਾਟੇ ਵਿਚ ਗਈ। ਹੈਪੀ ਸੀਡਰ ਮਸ਼ੀਨ ਵੀ ਬਿਨਾਂ ਵਾਹੇ ਤੋਂ ਹੀ ਬੀਜਦੀ ਹੈ। ਇਸ ਕਰ ਕੇ ਕਿਸਾਨਾਂ ਨੇ ਇਸ ਨੂੰ ਵੀ ਜ਼ੀਰੋ ਡਰਿੱਲ ਵਾਂਗ ਹੀ ਸਮਝਿਆ ਹੈ।

ਹਾਰਵੈਸਟਰ ਮਸ਼ੀਨ ਨਾਲ ਕੰਬਾਈਨ ਸਟਰਾਅ ਅਟੈਚਮੈਂਟ ਕਣਕ ਦੀ ਫ਼ਸਲ ਲਈ ਠੀਕ ਹੈ ਕਿਉਂਕਿ ਕਣਕ ਦਾ ਨਾੜ ਸੁੱਕਿਆ ਹੋਇਆ, ਬੋਦਾ ਤੇ ਅਸਾਨੀ ਨਾਲ ਟੁੱਟਣ, ਭੁਰਨ ਵਾਲਾ ਹੁੰਦਾ ਹੈ ਤੇ ਕਿਸਾਨ  ਦੋਵੇਂ ਕੰਮ ਇਕ ਵਾਰੀ ਹੀ ਕਰ ਲੈਂਦਾ ਹੈ। ਪਰ ਝੋਨੇ ਦੀ ਪਰਾਲੀ ਲਈ ਇਹ ਮਸ਼ੀਨ ਠੀਕ ਨਹੀਂ ਕਿਉਂਕਿ ਝੋਨੇ ਦੀ ਪਰਾਲੀ ਹਰੀ, ਗਿੱਲੀ ਤੇ ਚੀੜ੍ਹੀ ਹੁੰਦੀ ਹੈ। ਸਟਰਾਅ ਅਟੈਚਮੈਂਟ ਵਿਚ ਟੁੱਟਣ ਭੁਰਨ ਦੀ ਥਾਂ ਉਸ ਦੇ ਅੰਦਰਲੇ ਪੁਰਜ਼ਿਆਂ ਨਾਲ ਲਿਪਟ ਜਾਂਦੀ ਹੈ ਤੇ ਮਸ਼ੀਨ ਜਾਂ ਤਾਂ ਬੰਦ ਹੋ ਜਾਂਦੀ ਹੈ ਜਾਂ ਉਹ ਗਰਮ ਹੋ ਕੇ ਉਸ ਨੂੰ ਅੱਗ ਲੱਗ ਜਾਂਦੀ ਹੈ।

ਇਸ ਲਈ ਝੋਨੇ ਦੀ ਪਰਾਲੀ ਲਈ ਕਾਮਯਾਬ ਨਹੀਂ ਹੋਈ। ਜੇਕਰ ਇਹ ਮਸ਼ੀਨ ਕਾਮਯਾਬ ਵੀ ਹੋ ਜਾਵੇ ਤੇ ਪਰਾਲੀ ਨੂੰ ਸਾੜਨ ਦੀ ਥਾਂ ਵਾਹ ਕੇ ਪਾਣੀ ਛੱਡ ਦਿਤਾ ਜਾਵੇ ਤੇ ਉਹ ਖੇਤ ਵਿਚ ਗੱਲ ਜਾਵੇ ਤਾਂ ਉਸ ਤੋਂ ਮਿਥੇਨ ਗੈਸ ਹੋਂਦ ਵਿਚ ਆਵੇਗੀ, ਜੋ ਕਾਰਬਨ ਡਾਇਆਸਾਈਡ ਤੋਂ 25 ਗੁਣਾਂ ਵਾਤਾਵਰਣ ਲਈ ਹਾਨੀਕਾਰਕ ਹੈ। ਇਸ ਤਰ੍ਹਾਂ ਨਾਲ ਅਸੀ ਪਰਾਲੀ ਨੂੰ ਖੇਤਾਂ ਵਿਚ ਗਾਲ ਕੇ ਏਨੀ ਹਾਨੀਕਾਰਕ ਗੈਸ ਪੈਦਾ ਕਰਨ ਦੀ ਜ਼ਿੱਦ ਕਿਉਂ ਕਰ ਰਹੇ ਹਾਂ?

ਲਗਦਾ ਹੈ ਖੇਤੀ ਵਿਗਿਆਨਕਾਂ ਨੇ ਇਸ ਬਾਰੇ ਸੋਚਿਆ ਨਹੀਂ ਅਤੇ ਨਾ ਹੀ ਧਿਆਨ ਦਿਤਾ ਹੈ। ਪਰਾਲੀ ਸਾੜਨ ਨਾਲ ਜੋ ਗੈਸਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਦਾ ਸਰਕਲ ਤਾਂ ਸਾਡੀ ਫ਼ਸਲ ਪੂਰਾ ਕਰ ਲੈਂਦੀ ਹੈ। ਮਿਥੇਨ ਗੈਸ ਦਾ ਇਲਾਜ ਵਿਗਿਆਨਕ ਕੀ ਕਰਨਗੇ? ਬਿਹਤਰ ਇਹੀ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਨਾ ਜਾਵੇ। ਜੇਕਰ ਫਿਰ ਵੀ ਸਰਕਾਰ ਪਰਾਲੀ ਦਾ ਹੱਲ ਕੱਢਣਾ ਚਾਹੁੰਦੀ ਹੈ ਤਾਂ ਸਰਕਾਰ ਕਿਸਾਨਾਂ ਨੂੰ 2500 ਰੁਪਏ ਵਖਰੇ ਤੌਰ ਉਤੇ ਪਰਾਲੀ ਕੱਢਣ ਦਾ ਖ਼ਰਚਾ ਦੇਵੇ ਜਿਸ ਨਾਲ ਕਿਸਾਨ ਉਤੇ ਵਾਧੂ ਮਾਰ ਨਾ ਪਵੇ ਤੇ ਸਮੱਸਿਆ ਦਾ ਵੀ ਹੱਲ ਵੀ ਹੋ ਜਾਵੇ।
ਸੰਪਰਕ : 098558-63288
ਸਰੂਪ ਸਿੰਘ ਸਹਾਰਨਮਾਜਰਾ