Moga Mews: ਜਗਮੋਹਣ ਸਿੰਘ ਨੇ ਪਿਛਲੇ 15 ਸਾਲਾਂ ਤੋਂ ਆਪਣੇ ਖੇਤਾਂ ਵਿਚ ਨਹੀਂ ਸਾੜੀ ਪਰਾਲੀ
Moga Mews: ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਕਰ ਕੇ ਹੋਰਨਾਂ ਕਿਸਾਨਾਂ ਲਈ ਵੀ ਬਣਿਆ ਮਿਸਾਲ
Jagmohan Singh has not burnt straw in his fields for the last 15 years Jai Singh Wala News: : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਣ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਜੈ ਸਿੰਘ ਵਾਲਾ ਦਾ ਕਿਸਾਨ ਜਗਮੋਹਣ ਸਿੰਘ ਪਿਛਲੇ 15 ਸਾਲਾਂ ਤੋਂ 60 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਕਰ ਕੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ।
ਜਗਮੋਹਣ ਸਿੰਘ ਦਾ ਕਹਿਣਾ ਹੈ ਕਿ ਉਸਨੇ ਵਾਤਾਵਰਣ ਦੀ ਸ਼ੁੱਧਤਾ ਦੀ ਅਹਿਮੀਅਤ ਨੂੰ ਸਮਝਦਿਆਂ 15 ਸਾਲ ਪਹਿਲਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ਬਿਲਕੁਲ ਬੰਦ ਕਰ ਦਿਤੀ ਸੀ। ਉਸਤੋਂ ਬਾਅਦ ਹਰ ਸਾਲ ਉਹ ਝੋਨੇ ਦੀ ਕੰਬਾਈਨ ਨਾਲ ਕਟਾਈ ਕਰਨ ਮਗਰੋਂ ਖੁਲ੍ਹੀ ਪਈ ਪਰਾਲੀ ਅਤੇ ਖੜ੍ਹੇ ਕਰਚਿਆਂ ਵਿਚ ਮਲਚਰ ਮਾਰ ਕੇ ਆਲੂਆਂ ਦੀ ਬਿਜਾਈ ਕਰਦਾ ਹੈ। ਉਸਨੇ ਦਸਿਆ ਕਿ ਉਹ ਝੋਨੇ ਦੀ ਵੀ ਸਿੱਧੀ ਬਿਜਾਈ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਖਾਦਾਂ ਦੀ ਮਾਤਰਾ ਹਰ ਸਾਲ ਘਟ ਰਹੀ ਹੈ ਅਤੇ ਕਾਸ਼ਤਕਾਰੀ ਖ਼ਰਚੇ ਘਟੇ ਹਨ।
ਪਰਾਲੀ ਦੇ ਜ਼ਮੀਨ ਦੀ ਸਤ੍ਹਾ ਤੇ ਰੱਖਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਵੀ 5 ਤੋਂ 10 ਫ਼ੀ ਸਦੀ ਵਧ ਜਾਂਦੀ ਹੈ। ਕੰਬਾਈਨ ਨਾਲ ਪਰਾਲੀ ਖਿਲਾਰਨ ਵਾਲੇ ਯੰਤਰ ਸੁਪਰ ਐਸ.ਐਮ.ਐਸ. ਦੇ ਲਗਾਏ ਜਾਣ ਨਾਲ ਮੁਢ ਕਟਣ ਅਤੇ ਖਿਲਾਰਨ ਵਾਲੀ ਮਸ਼ੀਨ ਪੀ.ਏ.ਯੂ. ਸਟਰਾਅ ਕਰਟਰ-ਕਮ-ਸਪਰੈਡਰ ਦੇ ਆਉਣ ਨਾਲ ਇਹ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਉਸਨੇ ਇਹ ਵੀ ਦਸਿਆ ਕਿ ਉਹ ਆਲੂਆਂ ਦੀ ਫ਼ਸਲ ਵਿਚੋਂ ਕਣਕ ਦੀ ਫ਼ਸਲ ਨਾਲੋਂ ਜ਼ਿਆਦਾ ਕਮਾਈ ਕਰ ਰਿਹੈ ਹੈ ਕਿਉਂਕਿ ਉਸਨੂੰ ਕਣਕ ਦੇ ਇਕ ਸੀਜ਼ਨ ਨਾਲੋਂ ਆਲੂਆਂ ਦੀ ਤਿੰਨ ਵਾਰ ਫ਼ਸਲ ਮਿਲ ਜਾਂਦੀ ਹੈ।
ਜਗਮੋਹਣ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਅਗਲੀ ਫ਼ਸਲ ਦੀ ਬਿਜਾਈ ਵਿਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਂਦੀ। ਉਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿਚ ਯੋਗਦਾਨ ਪਾਉਣ।
ਫੋਟੋ 14 ਮੋਗਾ 01