ਝੋਨੇ ਦੀ ਪਰਾਲੀ ਦੀ ਸੰਭਾਲ ਦੇ ਸਾਰੇ ਤਜਰਬੇ ਫ਼ੇਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਮੁੜ ਧੜੱਲੇ ਨਾਲ ਅੱਗਾਂ ਲਾਉਣ ਲੱਗੇ

Stubble burning

-ਮਸ਼ੀਨਾਂ ਨਾਲ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਵੀ ਕਿਸਾਨਾਂ ਨੇ ਮੂੰਹ ਮੋੜਿਆ
-ਠੇਕੇਦਾਰ ਗੱਠਾਂ ਤਾਂ ਬਣਾ ਜਾਂਦੇ ਪ੍ਰੰਤੂ ਮੁੜ ਕੇ ਖੇਤਾਂ ਵਿਚੋਂ ਗੱਠਾਂ ਨਹੀਂ ਚੁਕਦੇ

ਚੰਡੀਗੜ੍ਹ (ਐਸ.ਐਸ. ਬਰਾੜ): ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਹੁਣ ਤਕ ਦੇ ਕੀਤੇ ਸਾਰੇ ਤਜਰਬੇ ਫ਼ੇਲ੍ਹ ਹੋਏ ਹਨ। ਵੱਡੇ ਕਿਸਾਨ ਤਾਂ ਕਿਸੀ ਵੀ ਕੀਮਤ ਉਪਰ ਪਰਾਲੀ ਦੀ ਸੰਭਾਲ ਕਰ ਸਕਦੇ ਹਨ ਪ੍ਰੰਤੂ ਸਾਧਾਰਨ ਕਿਸਾਨ ਲਈ ਹੁਣ ਤਕ ਦੇ ਤਜਰਬੇ ਕਾਰਗਰ ਸਾਬਤ ਨਹੀਂ ਹੋਏ। ਤਿੰਨ ਹਫ਼ਤੇ ਪਹਿਲਾਂ ਕਿਸਾਨਾਂ ਨੇ ਝੋਨੇ ਦੀ ਪਰਾਲੀ ਦੀਆਂ ਮਸ਼ੀਨਾਂ ਨਾਲ ਗੱਠਾਂ ਬਣਾਉਣ ਵਿਚ ਚੰਗੀ ਦਿਲਚਸਪੀ ਵਿਖਾਈ ਪ੍ਰੰਤੂ ਗੱਠਾਂ ਬਣਾਉਣ ਵਾਲੇ ਠੇਕੇਦਾਰਾਂ ਨੇ ਇਸ ਤਜਰਬੇ ਨੂੰ ਵੀ ਅਸਫ਼ਲ ਬਣਾ ਦਿਤਾ।

ਜਿਨ੍ਹਾਂ ਕਿਸਾਨਾਂ ਨੇ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਕੇ ਮਸ਼ੀਨਾਂ ਨਾਲ ਪਰਾਲੀ ਦੀਆਂ ਗੱਠਾਂ ਬਣਾਈਆਂ, ਉਹ ਖੇਤਾਂ ਵਿਚੋਂ ਚੁਕੀਆਂ ਨਹੀਂ ਗਈਆਂ। ਪਿਛਲੇ ਦੋ-ਦੋ ਹਫ਼ਤਿਆਂ ਤੋਂ ਬੰਨ੍ਹੀਆਂ ਹੋਈਆਂ ਗੱਠਾਂ ਖੇਤਾਂ ਵਿਚ ਪਈਆਂ ਹਨ। ਉਨ੍ਹਾਂ ਦਾ ਤਰਕ ਹੈ ਕਿ ਗੱਠਾਂ ਚੁਕਣ ਲਈ ਮਜ਼ਦੂਰ ਉਪਲਬਧ ਨਹੀਂ ਹਨ। ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿਚ ਬੰਨ੍ਹੀਆਂ ਹੋਈਆਂ ਗੱਠਾਂ ਚੁਕੀਆਂ ਨਹੀਂ ਗਈਆਂ ਉਹ ਉਦੋਂ ਤਕ ਨਾ ਤਾਂ ਖੇਤ ਨੂੰ ਪਾਣੀ ਲਗਾ ਸਕਦੇ ਹਨ ਅਤੇ ਨਾ ਹੀ ਕਣਕ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਨੂੰ ਗੱਠਾਂ ਬੰਨ੍ਹਣ ਤੋਂ ਪਹਿਲਾਂ ਦਾ ਪਾਣੀ ਲਗਿਆ ਹੈ, ਉਥੋਂ ਵੀ ਗੱਠਾਂ ਨਾ ਚੁਕਣ ਕਾਰਨ ਕਿਸਾਨ ਕਣਕ ਦੀ ਬਿਜਾਈ ਨਹੀਂ ਕਰ ਸਕਦਾ।

ਇਸ ਕੌੜੇ ਤਜਰਬੇ ਨੂੰ ਵੇਖ ਕੇ ਕਿਸਾਨਾਂ ਨੇ ਪਿਛਲੇ ਇਕ ਹਫ਼ਤੇ ਤੋਂ ਮੁੜ ਤੋਂ ਪਰਾਲੀ ਨੂੰ ਅੱਗਾਂ ਲਗਾਉਣੀਆਂ ਆਰੰਭ ਦਿਤੀਆਂ। ਇਹੀ ਕਾਰਨ ਹੈ ਕਿ ਪਿਛਲੇ ਦਸ ਦਿਨਾਂ ਤੋਂ ਹਰ ਖੇਤ ਵਿਚ ਅੱਗਾਂ ਲੱਗੀਆਂ ਵਿਖਾਈ ਦੇ ਰਹੀਆਂ ਹਨ। ਜਿਥੋਂ ਤਕ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਖਪਤ ਕਰਨ ਦਾ ਸਬੰਧ ਹੈ, ਉਹ ਤਜਰਬਾ ਵੀ ਕਾਮਯਾਬ ਨਹੀਂ ਹੋਇਆ। ਖੇਤ ਵਿਚ ਖੜੀ ਪਰਾਲੀ ਅਤੇ ਝੋਨੇ ਦੀ ਕਟਾਈ ਸਮੇਂ ਮਸ਼ੀਨਾਂ ਵਲੋਂ ਖੇਤ ਵਿਚ ਸੁਟੀ ਪਰਾਲੀ ਦੇ ਹੁੰਦਿਆਂ ਜ਼ਮੀਨ ਦੀ ਵਹਾਈ ਬਿਲਕੁਲ ਸੰਭਵ ਨਹੀਂ। ਮਸ਼ੀਨ ਵਲੋਂ ਖੇਤ ਵਿਚ ਸੁੱਟੀ ਪਰਾਲੀ ਨੂੰ ਹਰ ਹਾਲਤ ਵਿਚ ਅੱਗ ਲਗਾ ਕੇ ਹੀ ਉਸ ਦੀ ਖਪਤ ਹੁੰਦੀ ਹੈ। ਉਸ ਤੋਂ ਬਾਅਦ ਝੋਨੇ ਨੇ ਡੇਢ ਦੋ ਫ਼ੁੱਟ ਦੇ ਕਰਚੇ (ਬੂਟੇ ਦਾ ਨਾੜ) ਨੂੰ ਸਮੇਟਣ ਲਈ ਵੀ ਵੱਡੇ ਟਰੈਕਟਰ ਨਾਲ ਤਵੀਆਂ ਨਾਲ ਖੇਤ ਦੀ ਵਹਾਈ ਹੋ ਸਕਦੀ ਹੈ।

ਬਹੁਤੇ ਕਿਸਾਨਾਂ ਕੋਲ ਛੋਟੇ ਟਰੈਕਟਰ ਹਨ, ਜੋ ਤਵੀਆਂ ਨਾਲ ਵਹਾਈ ਨਹੀਂ ਕਰ ਸਕਦੇ। ਤਵੀਆਂ ਨਾਲ ਵਹਾਈ ਸਮੇਂ ਛੋਟੇ ਟਰੈਕਟਰਾਂ ਦਾ ਨੁਕਸਾਨ ਹੋਣ ਦੀਆਂ ਵੀ ਆਮ ਸ਼ਿਕਾਇਤਾਂ ਮਿਲ ਰਹੀਆਂ ਹਨ। ਇਕ ਹੋਰ ਤਜਰਬਾ ਝੋਨੇ ਦੀ ਪਰਾਲੀ ਵਾਲੇ ਖੇਤ ਵਿਚ 'ਜ਼ੀਰੋ ਡਰਿਲ' ਨਾਲ ਬਿਨਾਂ ਖੇਤ ਦੀ ਵਹਾਈ ਦੇ ਕਣਕ ਬੀਜਣ ਦਾ ਤਜਰਬਾ ਕੀਤਾ ਗਿਆ। ਇਸ ਤਜਰਬੇ ਤੋਂ ਵੀ ਕਿਸਾਨਾਂ ਨੇ ਮੂੰਹ ਮੋੜ ਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 'ਜ਼ੀਰੋ ਡਰਿਲ' ਨਾਲ ਕੀਤੀ ਬਿਜਾਈ ਨਾਲ ਕਣਕ ਦਾ ਝਾੜ ਚਾਰ ਕੁਇੰਟਲ ਤਕ ਘੱਟ ਨਿਕਲਦਾ ਹੈ।

ਤਜਰਬੇ ਫ਼ੇਲ੍ਹ ਹੋਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਿਰਫ਼ ਦੋ ਤਿੰਨ ਹਫ਼ਤਿਆਂ ਦਾ ਸਮਾਂ ਮਿਲਦਾ ਹੈ। ਇੰਨੇ ਘੱਅ ਸਮੇਂ ਵਿਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਮਸ਼ੀਨਰੀ ਉਪਲਬੱਧ ਹੋਣਾ ਸੰਭਵ ਨਹੀਂ। ਮਸ਼ੀਨਰੀ ਦੀ ਕੀਮਤ ਵੀ ਇੰਨੀ ਹੈ ਕਿ 10 ਏਕੜ ਤਕ ਦੀ ਜ਼ਮੀਨ ਦਾ ਮਾਲਕ ਵੀ ਇਸ ਨੂੰ ਖ਼ਰੀਦ ਨਹੀਂ ਸਕਦਾ ਕਿਉਂਕਿ ਇਸ ਦੀ ਵਰਤੋਂ ਸਿਰਫ਼ 15-20 ਦਿਨ ਹੀ ਹੋਣੀ ਹੈ ਅਤੇ ਉਸ ਤੋਂ ਬਾਅਦ ਸਾਰਾ ਸਾਲ ਇਹ ਮਸ਼ੀਨਰੀ ਵੇਹਲੀ ਪਈ ਰਹੇਗੀ। ਖੇਤੀ ਮਾਹਰਾਂ ਨੂੰ ਤਜਰਬੇ ਕਰਨ ਤੋਂ ਪਹਿਲਾਂ ਕਿਸਾਨਾਂ ਦੀਆਂ ਖੇਤਾਂ ਵਿਚ ਜਾ ਕੇ ਮੁਸ਼ਕਲਾ ਵੇਖਣੀਆਂ ਹੋਣਗੀਆਂ। ਉਨ੍ਹਾਂ ਨੂੰ ਨਾਲ ਲੈ ਕੇ ਹੀ ਕੋਈ ਤਜਰਬਾ ਪੂਰੀ ਤਰ੍ਹਾਂ ਸਫ਼ਲ ਹੋ ਸਕੇਗਾ।

ਇਹ ਵੀ ਵੇਖਣਾ ਹੋਵੇਗਾ ਕਿ 2500 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਦੇ ਕੇ, ਕੀ ਪਰਾਲੀ ਦੀ ਸਾਂਭ ਸੰਭਾਲ ਹੋ ਸਕੇਗੀ। ਜਦ ਮਸ਼ੀਨਰੀ ਉਪਲਬਧ ਨਹੀਂ, ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਮਾਂ ਬਹੁਤ ਘੱਟ ਹੈ, ਮਜ਼ਦੂਰਾਂ ਦੀ ਘਾਟ ਹੈ, ਫਿਰ ਇੰਨੀ ਵੱਡੀ ਮਾਤਰਾ ਵਿਚ ਪਰਾਲੀ ਦੀ ਖਪਤ ਕਿਥੇ ਹੋਵੇਗੀ? ਇਹ ਤਾਂ ਅਗਲੇ ਸਾਲ ਹੀ ਪਤਾ ਲੱਗੇਗਾ ਕਿ ਇਹ ਤਜਰਬਾ ਸਫ਼ਲ ਹੁੰਦਾ ਹੈ ਜਾਂ ਨਹੀਂ। ਭੱਠੇ ਦੇ ਮਾਲਕਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਭੱਠਿਆਂ ਵਿਚ ਇੱਟਾਂ ਪਕਾਉਣ ਲਈ ਪਰਾਲੀ ਦੀ ਵਰਤੋਂ ਨਹੀਂ ਹੋ ਸਕਦੀ। ਇਸ ਪਰਾਲੀ ਦਾ ਸੇਕ ਨਾ-ਮਾਤਰ ਹੀ ਹੁੰਦਾ ਹੈ। ਇਸ ਦੇ ਮੁਕਾਬਲੇ ਨਰਮੇ ਦੀਆਂ ਛਟੀਆਂ, ਸਰ੍ਹੋਂ ਅਤੇ ਗੁਆਰੇ ਦਾ ਨਾੜ ਬਹੁਤ ਕਾਮਯਾਬ ਹੈ। ਇਸ ਦੀ ਵਰਤੋਂ ਰਾਜਸਥਾਨ ਦੇ ਭੱਠਿਆਂ ਵਿਚ ਹੁੰਦੀ ਹੈ। ਪ੍ਰੰਤੂ ਝੋਨੇ ਦੀ ਪਰਾਲੀ ਨਹੀਂ ਵਰਤੀ ਜਾ ਸਕਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।