ਕਣਕ ਦੇ ਝਾੜ 'ਚ ਪੰਜਾਬ ਤੋੜੇਗਾ ਸਾਰੇ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਣਕ ਦੀ ਬੰਪਰ ਪੈਦਾਵਾਰ ਹੋਣ ਦੀ ਆਸ ਹੈ

All records will be broken by Punjab in wheat yield

ਚੰਡੀਗੜ੍ਹ: ਦੇਸ਼ ਦੇ ਅੰਨ ਦੇ ਭੰਡਾਰੇ ਭਰਨ ਵਾਲਾ ਪੰਜਾਬ ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਕਰਨ ਵਾਲਾ ਹੈ। ਇਸ ਵਾਰ ਪੰਜਾਬ ਵਿਚ 180 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋ ਸਕਦੀ ਹੈ, ਜੋ ਹੁਣ ਤਕ ਦੀ ਸਭ ਤੋਂ ਵੱਧ ਪੈਦਾਵਾਰ ਹੈ। ਇਸ ਤੋਂ ਪਹਿਲਾਂ ਸਾਲ 2011-12 ਦੇ ਹਾੜ੍ਹੀ ਦੇ ਸੀਜ਼ਨ ਦੌਰਾਨ ਪੰਜਾਬ ਵਿਚ 179.7 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ।

ਪਿਛਲੇ ਸੀਜ਼ਨ ਦੌਰਾਨ ਇੱਕ ਹੈਕਟੇਅਰ ਵਿਚੋਂ ਕਣਕ ਦਾ ਝਾੜ 50.09 ਕੁਇੰਟਲ ਨਿਕਲਿਆ ਸੀ, ਜੋ ਇਸ ਵਾਰ 52 ਕੁਇੰਟਲ ਤਕ ਪੁੱਜ ਸਕਦਾ ਹੈ। ਪਿਛਲੇ ਸਾਲ 178 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ। ਇਸ ਵਾਰ ਮੌਸਮ ਕਣਕ ਦੇ ਵਧੇਰੇ ਅਨੁਕੂਲ ਸੀ, ਇਸ ਲਈ ਰਿਕਾਰਡ ਤੋੜ ਪੈਦਾਵਾਰ ਦੀ ਆਸ ਹੈ। ਹਾਲਾਂਕਿ, ਇਸ ਵਾਰ ਪਿਛਲੀ ਵਾਰ ਨਾਲੋਂ ਇੱਕ ਹਜ਼ਾਰ ਹੈਕਟੇਅਰ ਘੱਟ ਕਣਕ ਦੀ ਕਾਸ਼ਤ ਹੋਈ ਹੈ ਪਰ ਫਿਰ ਵੀ 35.02 ਲੱਖ ਹੈਕਟੇਅਰ ਰਕਬੇ ਤੋਂ ਰਿਕਾਰਡ ਤੋੜ ਪੈਦਾਵਾਰ ਹੋਣ ਦੀ ਆਸ ਹੈ।

ਇਸ ਪੈਦਾਵਾਰ ਵਿਚੋਂ 132 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਪੁੱਜ ਸਕਦਾ ਹੈ। ਹੁਣ ਤਕ 43,134 ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਪੁੱਜ ਗਈ ਹੈ, ਜਿਸ ਵਿਚੋਂ 34,184 ਮੀਟ੍ਰਿਕ ਟਨ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਲਿਆ ਗਿਆ ਹੈ। ਪਿਛਲੇ ਸਾਲ ਅੱਜ ਦੇ ਦਿਨ ਤਕ 9.22 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਸੀ। ਪਰ ਇਸ ਵਾਰ ਠੰਢ ਲੰਮਾ ਸਮਾਂ ਰਹਿਣ ਕਾਰਨ ਵਾਢੀ ਪੱਛੜ ਗਈ ਹੈ ਤੇ ਇਸੇ ਦੇ ਨਤੀਜੇ ਵਜੋਂ ਕਣਕ ਦੀ ਬੰਪਰ ਪੈਦਾਵਾਰ ਹੋਣ ਦੀ ਆਸ ਹੈ।