Farmer News: ਭਾਕਿਯੂ (ਏਕਤਾ-ਉਗਰਾਹਾਂ) ਝੋਨੇ ਦੀ ਨਿਰਵਿਘਨ ਖ਼ਰੀਦ ਤੇ ਹੋਰ ਮੰਗਾਂ ਲਈ 17 ਅਕਤੂਬਰ ਤੋਂ ਸਾਰੇ ਟੋਲ ਪਲਾਜ਼ੇ ਕਰੇਗੀ ਫ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

Farmer News: 18 ਤੋਂ ਭਾਜਪਾ ਦੇ ਮੁੱਖ ਆਗੂਆਂ ਤੇ ‘ਆਪ’ ਦੇ ਵਿਧਾਇਕਾਂ, ਸਾਂਸਦਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ

Bhakyu (Ekta-Ugrahan) will open all toll plazas from October 17 for smooth purchase of paddy and other demands.

 

Farmer News: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਪੂਰੀ ਝੋਨਾ ਖ਼ਰੀਦ ਅਤੇ ਚੁਕਾਈ ਲਈ 17 ਅਕਤੂਬਰ ਤੋਂ ਟੌਲ ਪਲਾਜ਼ੇ ਫ਼ਰੀ ਕਰਨ ਅਤੇ 18 ਅਕਤੂਬਰ ਤੋਂ ਭਾਜਪਾ ਦੇ ਮੁੱਖ ਆਗੂਆਂ ਪ੍ਰਨੀਤ ਕੌਰ ਅਤੇ ਅਰਵਿੰਦ ਖੰਨਾ ਵਰਗੇ ਸਾਰੇ ਆਗੂਆਂ ਸਮੇਤ ‘ਆਪ’ ਦੇ ਵੱਧ ਤੋਂ ਵੱਧ ਵਿਧਾਇਕਾਂ/ਸਾਂਸਦਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਗਿਆ ਹੈ।

ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਜਥੇਬੰਦੀ ਦੀ ਪੰਜ ਮੈਂਬਰੀ ਸੂਬਾ ਆਗੂ ਟੀਮ ਦੇ ਫ਼ੈਸਲੇ ਅਨੁਸਾਰ ਦੋਹਾਂ ਕਿਸਮਾਂ ਦੇ ਮੋਰਚੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤਕ ਲਗਾਤਾਰ ਦਿਨ ਰਾਤ ਜਾਰੀ ਰੱਖੇ ਜਾਣਗੇ।

ਇਨ੍ਹਾਂ ਮੰਗਾਂ ਵਿਚ ਝੋਨੇ ਦੀ ਪੂਰੇ ਐਮ ਐਸ ਪੀ ’ਤੇ ਨਿਰਵਿਘਨ ਖ਼ਰੀਦ  ਚਾਲੂ ਕਰਨ ਤੋਂ ਇਲਾਵਾ ਹੁਣ ਤਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ, ਸਰਕਾਰੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐਮ ਐਸ ਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕਰਨ, ਬਾਸਮਤੀ ਦਾ ਲਾਭਕਾਰੀ ਐਮ ਐਸ ਪੀ ਮਿਥਣ ਅਤੇ ਹੁਣ ਪਿਛਲੇ ਸਾਲ ਵਾਲੇ ਔਸਤ ਰੇਟ ’ਤੇ ਖ਼ਰੀਦ ਕਰਨ ਸਮੇਤ ਹੁਣ ਤਕ ਪੈ ਚੁੱਕੇ ਘਾਟੇ ਦੀ ਕਮੀ ਪੂਰਤੀ ਕਰਨ, ਝੋਨੇ ਦੀ ਵੱਧ ਤੋਂ ਵੱਧ ਨਮੀ 22% ਕਰਨ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕਰਨ, ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਅਤੇ ਹੋਰ ਹੱਕੀ ਮੰਗਾਂ ਮੰਨਣ, ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਰੱਦ ਕਰਨ ਅਤੇ ਇਸ ਸੰਸਥਾ ’ਚੋਂ ਬਾਹਰ ਆਉਣ, ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਲਰ ਮਾਲਕਾਂ ਦੇ ਜਮ੍ਹਾਂ ਪਏ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕਰਨ, ਪਰਾਲੀ ਸਾੜਨ ਤੋਂ ਬਗ਼ੈਰ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਅਤੇ ਕੇਸ ਮੜ੍ਹਨ, ਜੁਰਮਾਨੇ ਕਰਨ ਜਾਂ ਲਾਲ ਐਂਟਰੀਆਂ ਕਰਨ ਦਾ ਜਾਬਰ ਸਿਲਸਿਲਾ ਬੰਦ ਕਰਨ ਸਮੇਤ ਪਹਿਲਾਂ ਚੁੱਕੇ ਅਜਿਹੇ ਜਾਬਰ ਕਦਮ ਵਾਪਸ ਲੈਣ ਵਰਗੀਆਂ ਮੰਗਾਂ ਸ਼ਾਮਲ ਹਨ।