ਸਰਕਾਰਾਂ ਨੇ ਕਿਸਾਨਾਂ ਨੂੰ 'ਸਾਇਲੋ' 'ਚ ਫਸਲ ਵੇਚਣ ਲਈ ਮਜਬੂਰ ਕੀਤਾ - ਜਗਜੀਤ ਸਿੰਘ ਡੱਲੇਵਾਲ
'ਸਾਇਲੋ ਵਿਚ ਵੇਚੀ ਫਸਲ ਦਾ ਰਿਕਾਰਡ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਮਾਰੂ ਹੋਵੇਗਾ'
ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਅੱਜ ਝੋਨੇ ਦੀ ਬਿਜਾਈ ਅਤੇ ਕਣਕ ਦੀ ਖ਼ਰੀਦ ਸਮੇਤ ਹੋਰ ਕਈ ਮਸਲਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਲਈ ਇਥੇ ਪਹੁੰਚੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਨੂੰ ਜੋ ਚਾਹੀਦਾ ਹੈ ਸਰਕਾਰ ਉਸ 'ਤੇ ਧਿਆਨ ਹੀ ਨਹੀਂ ਦੇ ਰਹੀ।
ਜੇਕਰ ਸਰਕਾਰ ਐਮ.ਐਸ.ਪੀ. ਦੀ ਗਰੰਟੀ ਦੇਵੇ ਤਾਂ ਸਾਨੂੰ ਸਰਕਾਰ ਨਾਲ ਕੋਈ ਵੀ ਮੀਟਿੰਗ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਪਵੇਗੀ। ਫਸਲੀ ਭਿੰਨਤਾ ਬਾਰੇ ਕਿਸਾਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿਥੇ 700 ਫੁੱਟ ਤੱਕ ਡੂੰਗੇ ਬੋਰ ਕਰਕੇ ਪਾਣੀ ਕੱਢਿਆ ਜਾਂਦਾ ਹੈ। ਜੇਕਰ ਸਰਕਾਰ ਫਲੀ ਭਿੰਨਤਾ ਲਿਆਉਣਾ ਚਾਹੁੰਦੀ ਹੈ ਤਾਂ ਸਾਨੂੰ ਮੱਕੀ, ਦਾਲਾਂ ਆਦਿ ਹੋਰ ਫਸਲਾਂ 'ਤੇ ਐਮ.ਐਸ.ਪੀ. ਦੀ ਗਰੰਟੀ ਦਿਤੀ ਜਾਵੇ।
ਇਸ ਮੌਕੇ ਡੱਲੇਵਾਲ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਹੀ ਖਦਸ਼ਾ ਹੀ ਕਿ ਜਦੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਇਹ ਕਹਿ ਕੇ ਖ਼ਰੀਦ ਬੰਦ ਕਰ ਦਿਤੀ ਕਿ ਕਣਕ ਦੇ ਦਾਣੇ ਬਰੀਕ ਹਨ, ਖਰੀਦੇ ਨਹੀਂ ਜਾ ਸਕਦੇ ਉਸ ਵੇਲੇ ਵੀ ਅਡਾਨੀ ਦੇ ਸਾਇਲੋ ਵਿਚ ਖ਼ਰੀਦ ਉਸੇ ਤਰ੍ਹਾਂ ਹੀ ਜਾਰੀ ਸੀ। ਇਸ ਦਾ ਮਤਲਬ ਇਹ ਹੈ ਕਿ ਸਿਧੇ ਜਾਂ ਅਸਿਧੇ ਤੌਰ 'ਤੇ ਕੇਂਦਰ ਅਤੇ ਸੂਬਾ ਸਰਕਾਰ ਨੇ ਮਿਲ ਕੇ ਹੀ ਇਹ ਸਾਰੇ ਮਾਪਦੰਡ ਇੰਨੇ ਸਖਤ ਕਰ ਦਿਤੇ ਕਿ ਕਿਸਾਨ ਅਡਾਨੀ ਦੇ ਸਾਇਲੋ ਵਿਚ ਆਪਣੀ ਕਣਕ ਵੇਚਣ ਲਈ ਮਜਬੂਰ ਹੋ ਰਹੇ ਹਨ।
ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਡਾਨੀ ਦੇ ਇਕ ਸਾਇਲੋ ਨੂੰ ਮੰਡੀ ਐਲਾਨ ਕੀਤਾ ਹੋਇਆ ਹੈ। ਇਹ ਬਹੁਤ ਦਰਦਨਾਕ ਹੈ। ਅੱਜ ਲਗਭਗ ਇਲਾਕੇ ਦੀਆਂ 32 ਤੋਂ 35 ਮੰਡੀਆਂ ਬਿਲਕੁਲ ਬੰਦ ਕਰਵਾ ਦਿਤੀਆਂ ਵੈਣ ਹਨ ਇਹ ਸਭ ਉਸ ਸਾਇਲੋ ਨੂੰ ਮੰਡੀ ਐਲਾਨ ਕਰਨ ਕਾਰਨ ਹੀ ਹੋਇਆ ਹੈ। ਇਸ ਤੋਂ ਇਲਾਵਾ ਉਸ ਸਾਇਲੋ ਵਿਚ ਵੇਚੀ ਫਸਲ ਦਾ ਰਿਕਾਰਡ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਮਾਰੂ ਹੋਵੇਗਾ ਕਿਉਂਕਿ ਉਦੋਂ ਇਹ ਕਿਹਾ ਜਾਵੇਗਾ ਕਿ ਕਿਸਾਨਾਂ ਨੇ ਸਾਇਲੋ ਨੂੰ ਤਰਜੀਹ ਦਿਤੀ ਹੈ ਅਤੇ ਸਰਕਾਰੀ ਮੰਡੀ ਨੂੰ ਨਕਾਰਿਆ ਹੈ।
ਜਦਕਿ ਇਸ ਦਾ ਅਸਲ ਕਾਰਨ ਸਰਕਾਰ ਹੈ। ਸਰਕਾਰ ਨੇ ਜਾਣਬੁਝ ਕੇ ਕਿਸਾਨਾਂ ਨੂੰ ਸਾਇਲੋ ਵਿਚ ਕਣਕ ਵੇਚਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਮੰਡੀਆਂ ਵਿਚ ਤਾਂ ਮੰਡੀਬੋਰਡ ਵਲੋਂ ਕੋਈ ਵਿਵਸਥਾ, ਸਾਫ ਸਫਾਈ ਆਦਿ ਨਹੀਂ ਕਰਵਾਈ ਗਈ। ਇਨ੍ਹਾਂ ਸਾਰੀਆਂ ਗੱਲਾਂ ਨੇ ਕਿਸਾਨ ਨੂੰ ਸਾਇਲੋ ਵਿਚ ਕਣਕ ਵੇਚਣ ਲਈ ਮਜਬੂਰ ਕੀਤਾ ਹੈ।