ਚੰਡੀਗੜ੍ਹ ਕੂਚ ਕਰਨ ਦੀ ਤਿਆਰੀ 'ਚ ਕਿਸਾਨ, ਕਿਹਾ- ਜਿੱਥੇ ਰੋਕਣਗੇ ਉੱਥੇ ਹੀ ਲਗਾਵਾਂਗੇ ਪੱਕਾ ਮੋਰਚਾ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਰਾਸ਼ਨ, ਕੂਲਰ, ਫਰਿੱਜ ਆਦਿ ਜ਼ਰੂਰੀ ਸਮਾਨ ਨਾਲ ਲੈ ਕੇ ਆਏ ਕਿਸਾਨ

harinder singh lakhowal, Farmer

 

ਚੰਡੀਗੜ੍ਹ - ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀਆਂ 23 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਵਿਚ ਪ੍ਰਦਰਸ਼ਨ ਕਰ ਰਹੀਆਂ ਹਨ। ਚੰਡੀਗੜ੍ਹ ਨੂੰ ਸਿੰਘੂ ਬਾਰਡਰ ਬਣਾਉਣ ਦੀ ਚੇਤਾਵਨੀ ਨੂੰ ਲੈ ਕੇ ਯੂਟੀ ਪੁਲਿਸ ਚੌਕਸ ਹੋ ਗਈ ਹੈ। ਮੁਹਾਲੀ ਦੇ ਨਾਲ ਲੱਗਦੀ ਚੰਡੀਗੜ੍ਹ ਦੀ ਸਰਹੱਦ ਸੀਲ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਚਾਹਲ ਖ਼ੁਦ ਫੋਰਸ ਸਮੇਤ ਮੌਕੇ ’ਤੇ ਮੌਜੂਦ ਹਨ। ਪੁਲਿਸ ਫੋਰਸ ਐਨੀ ਤੈਨਤ ਕਰ ਦਿੱਤੀ ਗਈ ਹੈ ਕਿ ਪੁਲਿਸ ਕਿਸੇ ਨੂੰ ਵੀ ਟਰੈਕਟਰ ਟਰਾਲੀ ਲੈ ਕੇ ਚੰਡੀਗੜ੍ਹ ਵਿਚ ਦਾਖਲ ਨਹੀਂ ਹੋਣ ਦੇਵੇਗੀ

ਪਰ ਕਿਸਾਨ ਵੀ ਸੋਚ ਕੇ ਆਏ ਹਨ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਜਿੱਥੇ ਉਹਨਾਂ ਨੂੰ ਪੁਲਿਸ ਨੇ ਰੋਕ ਲਿਆ ਉੱਥੇ ਹੀ ਧਰਨਾ ਲਗਾ ਦੇਣਗੇ। ਇੱਕ ਪਾਸੇ ਚੰਡੀਗੜ੍ਹ ਪੁਲਿਸ ਤੇ ਦੂਜੇ ਪਾਸੇ ਮੁਹਾਲੀ ਪੁਲਿਸ ਨੇ ਸਖ਼ਤ ਪਹਿਰਾ ਲਾਇਆ ਹੋਇਆ ਹੈ। ਕਿਸਾਨ ਅਪਣੇ ਨਾਲ ਟਰਾਲੀਆਂ ਵਿਚ ਜ਼ਰੂਰੀ ਸਮਾਨ, ਰਾਸ਼ਨ, ਫਰਿੱਜ ਕੂਲਰ ਆਦਿ ਸਭ ਲੈ ਕੇ ਆਏ ਹਨ ਤੇ ਪੱਕਾ ਮੋਰਚਾ ਲਗਾਉਣ ਲਈ ਪੂਰੇ ਤਿਆਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਵੀ ਦਿੱਲੀ ਵਾਂਗ ਪੱਕਾ ਮੋਰਚਾ ਲਗਾਇਆ ਜਾਵੇਗਾ ਕਿਉਂਕਿ ਸਰਕਾਰ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਹੁਂਣ ਇੱਤੇ ਸਿਰਫ਼ ਕਿਸਾਨ ਆਉਣਗੇ ਕੋਈ ਜਾਵੇਗਾ ਨਹੀਂ ਤੇ ਹੁੰਗਾਰਾ ਦਿੱਲੀ ਵਾਂਗ ਹੀ ਮਿਲੇਗਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਤਾਂ ਸਾਡੀ ਗੱਲ ਹੋ ਜਾਵੇਗੀ

ਪਰ ਸਾਡੀ ਅਸਲ ਲੜਾਈ ਕੇਂਦਰ ਸਰਕਾਰ ਨਾਲ ਹੈ ਕਿਉਂਕਿ ਦਿੱਲੀ ਕਿਸਾਨ ਅੰਦੋਲਨ ਵੇਲੇ ਜੋ ਮੰਗਾਂ ਉਹਨਾਂ ਨੇ ਪੂਰੀਆਂ ਕਰਨ ਲਈ ਕਿਹਾ ਸੀ ਉਹ ਵੀ ਅਜੇ ਤੱਕ ਪੂਰੀਆਂ ਨਹੀਂ ਹੋਈਆਂ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਪਰ ਕਿਸਾਨ ਸੀਐਮ ਭਗਵੰਤ ਮਾਨ ਨੂੰ ਮਿਲਣ 'ਤੇ ਅੜੇ ਹੋਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿੱਥੇ ਪੁਲਿਸ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕੇਗੀ, ਉਥੇ ਪੱਕਾ ਮੋਰਚਾ ਲਾਉਣਗੇ। ਕਿਸਾਨ ਹੁਣ ਚੰਡੀਗੜ੍ਹ ਕੂਚ ਕਰਨ ਦੀ ਤਿਆਰੀ ਕਰ ਰਹੇ ਹਨ। 

ਉੱਥੇ ਹੀ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੇ ਪਹਿਲਾ ਉਹਨਾਂ ਨੂੰ ਸਵੇਰੇ ਮੀਟਿੰਗ ਲਈ ਸਮਾਂ ਦਿੱਤਾ ਗਿਆ ਪਰ ਬਾਅਦ ਵਿਚ ਸਰਕਾਰ ਨੇ ਮਨ੍ਹਾ ਕਰ ਦਿੱਤਾ ਫਿਰ ਉਸ ਤੋਂ ਬਾਅਦ ਫਿਰ ਮੀਟਿੰਗ ਹੋਣ ਦਾ ਭਰੋਸਾ ਦਿੱਤਾ ਗਿਆ ਪਰ ਫਿਰ ਮੀਟਿੰਗ ਨਹੀਂ ਹੋਈ ਤੇ ਹੁਣ ਜਦੋਂ ਇਹਨਾਂ ਕੋਲ ਸਮਾਂ ਹੋਵੇਗਾ ਉਸ ਸਮੇਂ ਸਾਨੂੰ ਬੁਲਾ ਲੈਣਗੇ ਪਰ ਅਸੀਂ ਇਥੇ ਮੋਰਚਾ ਲਗਾ ਕੇ ਬੈਠੇ ਹਾਂ। ਲੱਖੋਵਾਲ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਸਾਂਤੀਮਈ ਤਰੀਕੇ ਨਾਲ ਸੰਘਰਸ਼ ਕਰਨ ਲਈ ਕਿਹਾ ਹੈ ਜੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਤਾਂ ਜਿੰਨੀ ਮਰ਼ਜ਼ੀ ਕਰ ਲੈਣ ਪਰ ਅਸੀਂ ਇਸ ਵਾਰ ਬੈਰੀਕੇਡਿੰਗ ਤੋੜ ਕੇ ਅੱਗੇ ਨਹੀਂ ਜਾਵਾਂਗੇ ਜਿੱਥੇ ਪੁਲਿਸ ਰੋਕ ਲਵੇਗੀ ਉੱਥੇ ਹੀ ਪੱਕੇ ਧਰਨੇ ਲਾਵਾਂਗੇ।