ਅੱਜ ਤੋਂ ਚੰਡੀਗੜ੍ਹ 'ਚ ਲੱਗੇਗਾ ਦਿੱਲੀ ਵਰਗਾ ਮੋਰਚਾ, ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਵੇਗਾ ਸੰਘਰਸ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਟਰੈਕਟਰ ਟਰਾਲੀਆਂ ’ਤੇ ਚੰਡੀਗੜ੍ਹ ਵਲ ਕੂਚ ਕਰਨਗੇ ਕਿਸਾਨ, ਪੰਜਾਬ ਸਰਕਾਰ ਨਾਲ ਜੁੜੀਆਂ ਹਨ ਮੰਗਾਂ

Farmers Protest

ਚੰਡੀਗੜ੍ਹ (ਭੁੱਲਰ): ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ 23 ਕਿਸਾਨ ਜਥੇਬੰਦੀਆਂ ਅੱਜ ਤੋਂ ਚੰਡੀਗੜ੍ਹ ਵਿਚ ਦਿੱਲੀ ਵਰਗਾ ਪੱਕਾ ਮੋਰਚਾ ਲਾ ਰਹੀਆਂ ਹਨ। ਜਥੇਬੰਦੀਆਂ ਨੇ ਆਨਲਾਈਨ ਮੀਟਿੰਗ ਕਰ ਕੇ ਇਸ ਦੀ ਤਿਆਰੀ ਦਾ ਜਾਇਜ਼ਾ ਲਿਆ। ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਟਰਾਲੀਆਂ ਤੇ ਚੰਡੀਗੜ੍ਹ ਵਲ ਕੂਚ ਕਰਨਗੇ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੀ ਬੀ ਐਮ ਬੀ ਮਸਲੇ ’ਤੇ ਕਿਸਾਨ ਜਥੇਬੰਦੀਆਂ ਨੇ ਤਾਂ 25 ਮਾਰਚ ਨੂੰ ਕੇਂਦਰ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਪਰ ਪੰਜਾਬ ਸਰਕਾਰ ਨੇ ਇਸ ਮਸਲੇ ’ਤੇ ਕੋਈ ਵੀ ਬਿਆਨ ਹਾਲੇ ਤਕ ਜਾਰੀ ਨਹੀਂ ਕੀਤਾ। ਪੰਜਾਬ ਸਰਕਾਰ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਰਹੀ ਜਦੋਂ ਕਿ ਕੇਂਦਰ ਸਰਕਾਰ ਨੇ ਡੈਮ ਸੇਫਟੀ ਬਿਲ ਪਾਸ ਕਰ ਕੇ ਭਾਖੜਾ ਡੈਮ ਦਾ ਪੂਰਾ ਪ੍ਰਬੰਧ ਪੰਜਾਬ ਤੋਂ ਖੋਹ ਕੇ ਅਪਣੇ ਹੱਥ ਲੈ ਲਿਆ ਹੈ।

ਬਿਜਲੀ ਜੋ ਹੁਣ ਕੇਂਦਰ ਦੇ ਹੱਥ ਚਲੀ ਗਈ ਹੈ, ਪੰਜਾਬ ਦੇ ਦਰਿਆਵਾਂ ਵਿਚ ਪਾਣੀ ਛੱਡਣ ਦੇ ਫ਼ੈਸਲੇ ਵੀ ਹੁਣ ਕੇਂਦਰ ਲਵੇਗਾ ਅਤੇ ਭਾਖੜਾ ਡੈਮ ਤੋਂ ਜੋ ਪੰਜਾਬ ਨੂੰ ਸਸਤੀ ਬਿਜਲੀ ਮਿਲਦੀ ਸੀ ਚਾਲੀ ਪੈਸੇ ਯੂਨਿਟ ਉਹ ਵੀ ਹੁਣ ਵਪਾਰਕ ਰੇਟਾਂ ਤੇ ਮਿਲੇਗੀ ਜਿਸ ਦਾ ਬੋਝ ਵੀ ਵੱਡੀ ਪੱਧਰ ਤੇ ਕਿਸਾਨਾਂ ਉਤੇ ਹੀ ਪਵੇਗਾ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਜਿਸ ਵਿਚ ਕਿਸਾਨਾਂ ਨੂੰ ਬੋਨਸ ਦੇਣ ਦਾ ਵਾਅਦਾ ਕੀਤਾ ਪਰ ਹਾਲੇ ਤਕ ਬੋਨਸ ਦੇਣ ਦਾ ਐਲਾਨ ਨਹੀਂ ਕੀਤਾ। ਚਿੱਪ ਵਾਲੇ ਮੀਟਰ ਰੋਕਣ ਦਾ ਫ਼ੈਸਲਾ ਰੱਦ ਕਰਨ ਦੀ ਕਿਸਾਨਾਂ ਨੇ ਮੰਗ ਕੀਤੀ ਉਹ ਵੀ ਹਾਲੇ ਜਿਉਂ ਦਾ ਤਿਉਂ ਖੜਾ ਹੋਇਆ। ਮੱਕੀ ਮੁੰਗੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਤੇ ਖ਼ਰੀਦ ਕੀਤੀ ਜਾਵੇਗੀ ਪਰ ਹਾਲੇ ਤਕ ਦਾ ਕੋਈ ਵੀ ਨੋਟੀਫ਼ੀਕੇਸ਼ਨ ਜਾਰੀ ਨਹੀਂ ਕੀਤਾ ਗਿਆ।

ਬਾਸਮਤੀ ਤੇ ਭਾਅ ਦਾ ਐਲਾਨ ਅਤੇ ਖ਼ਰੀਦ ਕਰਨ ਦਾ ਵੀ ਨੋਟੀਫ਼ੀਕੇਸ਼ਨ ਹਾਲੇ ਤਕ ਜਾਰੀ ਨਹੀਂ ਕੀਤਾ ਗਿਆ। ਕਿਸਾਨਾਂ ਦੇ ਗੰਨੇ ਦਾ ਬਕਾਇਆ ਵੀ ਹਾਲੇ ਤਕ ਮਿਲਾਂ ਵਲ ਖੜਾ ਹੈ ਜੋ ਕਿਸਾਨਾਂ ਨੂੰ ਨਹੀਂ ਦਿਵਾਇਆ ਜਾ ਰਿਹਾ, 35 ਰੁਪਏ ਭਾਅ ਵਿਚ ਕੀਤਾ ਵਾਧਾ ਵੀ ਨਹੀਂ ਦਿਤਾ ਜਾ ਰਿਹਾ। ਚੋਣਾਂ ਵੇਲੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਪਰ 22 ਹਜ਼ਾਰ ਕਿਸਾਨਾਂ ਦੇ ਖ਼ਾਲੀ ਚੈੱਕ ਲਾ ਕੇ ਬੈਂਕਾਂ ਵਾਲੇ ਫ਼ੌਜਦਾਰੀ ਕੇਸ ਕਰ ਕੇ ਕਿਸਾਨਾਂ ਨੂੰ ਜੇਲਾਂ ਵਿਚ ਭੇਜ ਰਹੇ ਹਨ ਜਿਸ ਦੀ ਕਿਸਾਨਾਂ ਦੀ ਮੰਗ ਹੈ ਕਿ ਉਹ ਸਾਰੇ ਦੇ ਸਾਰੇ ਕੇਸ ਵਾਪਸ ਲਏ ਜਾਣ ਤੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ। 

ਮੀਟਿੰਗ ਵਿਚ ਕਿਸਾਨ ਆਗੂ ਡਾ. ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਫੂਲ, ਹਰਿੰਦਰ ਸਿੰਘ ਲੱਖੋਵਾਲ, ਜਸਵਿੰਦਰ ਸਿੰਘ ਸਾਈਆਂਵਾਲਾ, ਮੇਜਰ ਸਿੰਘ ਪੁੰਨਾਂਵਾਲ, ਸਤਨਾਮ ਸਿੰਘ ਬਾਗੜੀਆਂ, ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਸੁਖਜਿੰਦਰ ਸਿੰਘ ਖੋਸਾ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਜਰਾਜ, ਹਰਪਾਲ ਸਿੰਘ ਸੰਘਾ, ਸੁਖਪਾਲ ਸਿੰਘ ਡੱਫਰ, ਸੁਖਜੀਤ ਸਿੰਘ ਅਤੇ ਇੰਦਰਜੀਤ ਸਿੰਘ ਕੋਟਬੁੱਢਾ ਹਾਜ਼ਰ ਸਨ।