ਧੀਆਂ ਨੂੰ ਖੇਤੀ ਕਰਨਾ ਸਿਖਾ ਰਹੇ ਹਨ ਪ੍ਰਧਾਨ ਗੁਰਤੇਜ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮਾਲਵੇ ਦੀ ਪ੍ਰਸਿਧ ਸੰਸਥਾ ਮਾਲਵਾ ਫਰੈਂਡਜ ਵੈਲਫੇਅਰ ਸੁਸਾਇਟੀ....

File

ਧੂਰੀ, 16 ਜੂਨ: ਮਾਲਵੇ ਦੀ ਪ੍ਰਸਿਧ ਸੰਸਥਾ ਮਾਲਵਾ ਫਰੈਂਡਜ ਵੈਲਫੇਅਰ ਸੁਸਾਇਟੀ (ਪਰਿਵਰਤਨ) ਧੂਰੀ ਦੇ ਪ੍ਰਧਾਨ ਸ੍ਰ: ਗੁਰਤੇਜ ਸਿੰਘ ਮਾਨ ਵਲੋਂ ਅਪਣੀਆਂ ਦੋ ਧੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਘਰੇਲੂ ਕੰਮਾਂ ਤੋਂ ਇਲਾਵਾ ਖੇਤੀ ਨਾਲ ਸਬੰਧਤ ਕੰਮ ਸਿਖਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਗੁਰਤੇਜ ਸਿੰਘ ਮਾਨ ਦੇ ਦਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਵੱਡੀ ਖੁਸ਼ਪ੍ਰੀਤ ਕੌਰ ਬਾਰਵੀਂ ਕਲਾਸ ਦੇ ਪੇਪਰ ਦੇ ਚੁੱਕੀ ਹੈ ਤੇ ਛੋਟੀ ਬੇਟੀ ਜੈਸਮੀਨ ਕੌਰ ਦਸਵੀਂ ਕਲਾਸ ਦੀ ਵਿਦਿਆਰਥਣ ਹੈ।

ਉਨ੍ਹਾਂ ਦਸਿਆ ਕਿ ਜਦੋਂ ਵੀ ਮੌਕਾ ਮਿਲਦਾ ਹੈ ਮੈਂ ਇਨ੍ਹਾਂ ਨੂੰ ਖੇਤ ਵਿਚ ਲਿਜਾ ਕੇ ਕੰਮ ਕਰਵਾਉਂਦਾ ਸੀ ਤੇ ਹੁਣ ਇਹ ਆਪ ਹੀ ਖੇਤ ਵਿਚ ਟਰੈਕਟਰ ਚਲਾਉਣਾ ਜਾਂ ਖੇਤ ਦੇ ਖਾਲ ਦੇ ਨੱਕੇ ਲਗਾਉਣ ਜਾਂ ਚਾਰਾ ਵੱਡਣਾ ਆਦਿ ਕੰਮ ਆਪ ਹੀ ਕਰ ਲੈਂਦੀਆਂ ਹਨ। ਇਹ ਦੋਵੇ ਲੜਕੀਆਂ ਨੇ ਕਦੇ ਵੀ ਲੜਕੇ ਦੀ ਘਾਟ ਮਹਿਸੂਸ ਨਹੀਂ ਹੋਣ ਦਿਤੀ। ਉਨ੍ਹਾਂ ਦਸਿਆ ਕਿ ਲੜਕੀਆਂ ਸਾਰੇ ਕੰਮ ਵਿਚ ਨਿਪੁੰਨਤਾ ਹਾਸਲ ਕਰ ਲੈਂਦੀਆਂ ਹਨ ਪਰ ਮਾਪੇ ਅਪਣੇ ਡਰ ਤੋਂ ਹੀ ਉਨਾਂ ਨੂੰ ਕੰਮ 'ਚ ਨਹੀਂ ਪਾਉਂਦੇ। ਉਨ੍ਹਾਂ ਦੀ ਸੰਸਥਾ ਵਲੋਂ ਹਰ ਸਾਲ ਕੌਮਾਂਤਰੀ ਧੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਡੀ ਸੰਸਥਾ ਦੇ ਸਾਰੇ ਮੈਂਬਰ ਹਰ ਕੰਮ ਦੀ ਪਹਿਲ ਅਪਣੇ ਘਰ ਤੋਂ ਹੀ ਸ਼ੁਰੂਆਤ ਕਰਦੇ ਹਨ। ਉਨ੍ਹਾਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀਆਂ ਧੀਆਂ ਨੂੰ ਬਹਾਦਰ ਬਣਾਉਣ।