ਨਹਿਰੀ ਪਾਣੀ ਨਾ ਮਿਲਣ ਕਰਕੇ ਬਾਗ ਪੁੱਟਣ ਲਈ ਮਜਬੂਰ ਕਿਸਾਨ, ਮੁਆਵਜ਼ਾ ਦੇਣ ਤੇ ਕਰਜ ਮੁਆਫ਼ੀ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਰਕਾਰ ਸਿਰਫ਼ ਫ਼ਸਲੀ ਵਿਭਿੰਨਤਾ ਦੇ ਦਾਅਵੇ ਕਰ ਰਹੀ ਹੈ। ਜਦ ਕਿ ਹਕੀਕਤ ਬਿਲਕੁਲ ਉਲਟ ਹੈ।

File Photo

 

ਅਬੋਹਰ - ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਫ਼ਸਲੀ ਵਿਭਿੰਨਤਾ ਦੀ ਗੱਲ ਕਰ ਰਹੀ ਹੈ ਅਤੇ ਵਿਗੜ ਰਹੇ ਵਾਤਾਵਰਣ ਪ੍ਰਤੀ ਚਿੰਤਾ ਜ਼ਾਹਿਰ ਕਰ ਰਹੀ ਹੈ ਪਰ ਦੂਸਰੇ ਪਾਸੇ ਵਾਤਾਵਰਨ ਦੇ ਲਈ ਸਾਜਗਾਰ ਬਾਗਬਾਨੀ ਦੇ ਇਲਾਕੇ ਨੂੰ ਨਹਿਰੀ ਪਾਣੀ ਬੰਦ ਕਰਕੇ ਉਜੜਨ ਲਈ ਮਜ਼ਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਬੋਹਰ ਇਲਾਕੇ ਵਿਚ ਜ਼ਮੀਨੀ ਪਾਣੀ ਬਹੁਤ ਖ਼ਰਾਬ ਹੈ ਅਤੇ ਨਹਿਰੀ ਪਾਣੀ ਨਾ ਮਿਲਣ ਕਰਕੇ ਬਾਗ਼ ਲਗਾਤਾਰ ਸੁੱਕ ਰਹੇ ਹਨ।

ਉਨ੍ਹਾਂ ਕਿਹਾ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਅਬੋਹਰ ਇਲਾਕੇ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਹੈ ਜਿੱਥੇ ਕਿਸਾਨ ਬਾਗ ਪੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਅਬੋਹਰ ਤਹਿਸੀਲ ਦੇ ਰਾਜਪੁਰਾ ਪਿੰਡ ਵਿਚ ਭੋਲਾ ਸਿੰਘ ਖ਼ਾਲਸਾ ਨਾਂ ਦੇ ਕਿਸਾਨ ਨੇ ਆਪਣਾ ਅੱਠ ਏਕੜ ਦਾ ਬਾਗ ਨਹਿਰੀ ਪਾਣੀ ਨਾ ਮਿਲਣ ਕਰਕੇ ਪੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭੋਲਾ ਸਿੰਘ ਦਾ ਬਾਗ ਚੌਦਾਂ ਸਾਲ ਪੁਰਾਣਾ ਸੀ ਅਤੇ ਉਸ ਕੋਲ ਕੁੱਲ ਅੱਠ ਏਕੜ ਜ਼ਮੀਨ ਸੀ ਤੇ ਉਸ ਨੇ ਸਾਰੀ ਦੀ ਸਾਰੀ ਜ਼ਮੀਨ ਬਾਗ਼ਬਾਨੀ ਹੇਠ ਲਿਆਂਦੀ ਸੀ। ਇਸ ਤੋ ਇਲਾਵਾ ਸ਼ੇਰਗੜ, ਵਜੀਦਪੁਰ ਭੋਮਾ, ਪੰਜਾਵਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਬਾਗ ਪੁੱਟ ਦਿੱਤੇ ਹਨ। ਉਹਨਾਂ ਕਿਹਾ ਕਿ ਜੇਕਰ ਫੌਰੀ ਨਹਿਰੀ ਪਾਣੀ ਨਾ ਮਿਲਿਆ ਤਾਂ ਹੋਰ ਬਾਗ ਸੁੱਕ ਸਕਦੇ ਹਨ।

ਆਗੂਆਂ ਨੇ ਕਿਹਾ ਕਿ ਬਾਗਬਾਨੀ ਲਈ ਕਿਸਾਨ ਨਾ ਤਾਂ ਧਰਤੀ ਹੇਠੋਂ ਪਾਣੀ ਕੱਢਦੇ ਹਨ, ਨਾ ਮੁਫ਼ਤ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਨਾੜ ਨੂੰ ਅੱਗ ਲਾਉਂਦੇ ਹਨ ਨਾ ਹੀ ਉਹਨਾਂ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ ਦੇ ਘੇਰੇ 'ਚ ਆਉਂਦੀ ਹੈ। ਬਲਕਿ ਵਾਤਾਵਰਣ ਪੱਕੀ ਖੇਤੀ ਕਰ ਰਹੇ ਹਨ। ਕਿਰਤੀ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਸਿਰਫ਼ ਫ਼ਸਲੀ ਵਿਭਿੰਨਤਾ ਦੇ ਦਾਅਵੇ ਕਰ ਰਹੀ ਹੈ। ਜਦ ਕਿ ਹਕੀਕਤ ਬਿਲਕੁਲ ਉਲਟ ਹੈ। ਨਹਿਰੀ ਪਾਣੀ ਨਾ ਮਿਲਣ ਕਰਕੇ ਬਹੁਤ ਸਾਰਾ ਰਕਬਾ ਜੋ ਨਰਮੇ ਦੀ ਬਿਜਾਈ ਹੇਠ ਆ ਸਕਦਾ ਸੀ।

ਉਹ ਰਹਿ ਗਿਆ ਤੇ ਹੁਣ ਵੀ ਬਹੁਤ ਸਾਰੇ ਇਲਾਕੇ ਵਿਚ ਨਰਮੇ ਦੀ ਫ਼ਸਲ ਨਹਿਰੀ ਪਾਣੀ ਨਾ ਮਿਲਣ ਕਰਕੇ ਸੁੱਕ ਰਹੀ ਹੈ ਅਤੇ ਬਾਗਬਾਨੀ ਵੀ ਸੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਕੁੱਲ ਖੇਤੀਯੋਗ ਜ਼ਮੀਨ ਦਾ ਸਿਰਫ਼ 2.2 ਫ਼ੀਸਦੀ ਬਾਗਬਾਨੀ ਹੇਠ ਹੈ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੀ ਕਿੰਨੂ ਪੱਟੀ ਵਿਚ ਕਿਸਾਨ ਬਾਗ ਪੁੱਟਣ ਲਈ ਮਜਬੂਰ ਹੋ ਚੁੱਕੇ ਹਨ। ਉਹਨਾਂ ਕਿਹਾ ਕੇ ਸਾਰਾ ਸਾਲ ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਸਰਕਾਰ ਨੂੰ ਯਕੀਨੀ ਬਨਾਉਣਾ ਚਾਹੀਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿਵਾਏ ਇਸ਼ਤਿਹਾਰਬਾਜ਼ੀ ਤੋਂ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਬੋਹਰ ਇਲਾਕੇ ਦੇ ਕਿਸਾਨ ਪਿਛਲੇ ਤਿੰਨ ਦਿਨ ਤੋਂ ਰਾਜਸਥਾਨ ਨੂੰ ਜਾਂਦੇ ਸਾਰੇ ਰਸਤੇ ਬੰਦ ਕਰਕੇ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ ਤੇ ਸਰਕਾਰ ਨਹਿਰੀ ਪਾਣੀ ਦੇਣ ਤੋਂ ਆਨਾਕਾਨੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਵਿਚ ਹੀ ਗੰਭੀਰ ਹੁੰਦੇ ਪੀਣ ਵਾਲੇ ਅਤੇ ਫਸਲਾਂ ਲਈ ਪਾਣੀ ਦੇ ਸੰਕਟ ਦੇ ਹੱਲ ਲਈ 30 ਜੂਨ ਨੂੰ ਚੰਡੀਗੜ੍ਹ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਵਿਚ ਉਦਯੋਗਾਂ ਦੁਆਰਾ ਸੁੱਟਿਆ ਜਾ ਰਿਹਾ ਜ਼ਹਿਰੀਲਾ ਮਾਦਾ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਕੋਲ ਹੋਣਾ ਚਾਹੀਦਾ ਹੈ ਅਤੇ ਡੈਮ ਸੇਫਟੀ ਐਕਟ ਰੱਦ ਕੀਤਾ ਜਾਣਾ ਚਾਹੀਦਾ ਹੈ ।