ਦਿਲਜੀਤ ਦੋਸਾਂਝ ਨੇ ਕਿਸਾਨਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ, ਕੀਤੀ ਵੱਡੀ ਮੰਗ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਅਸੀਂ ਕਿਸਾਨਾਂ ਤੋਂ ਦੇਸ਼ ਦਾ ਢਿੱਡ ਭਰਨ ਦੀ ਉਮੀਦ ਰੱਖਦੇ ਹਾਂ। ਉਥੇ ਹੀ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀਂ ਕਰ ਸਕਦਾ। 'ਕਿਸਾਨ ਬਚਾਓ , ਦੇਸ਼ ਬਚਾਓ।'

Diljit Dosanjh

ਚੰਡੀਗੜ੍ਹ: ਦੇਸ਼ ਭਰ ਵਿਚ ਕਿਸਾਨ ਆਰਡੀਨੈਂਸ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ ਤੇ ਹੁਣ ਕਿਸਾਨਾਂ ਦੇ ਹੱਕ ਵਿਚ ਕਈ ਪਾਲੀਵੁੱਡ ਸਿਤਾਰੇ ਵੀ ਆਏ ਹਨ। ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਖੇਤੀ ਬਿੱਲਾਂ ਉੱਤੇ ਕਿਸਾਨਾਂ ਦੇ ਹੱਕ ਵਿਚ ਉਤਰੇ ਹਨ। ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਬਿੱਲ ਦਾ ਵਿਰੋਧ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਕਿਸਾਨਾਂ ਤੋਂ ਦੇਸ਼ ਦਾ ਢਿੱਡ ਭਰਨ ਦੀ ਉਮੀਦ ਰੱਖਦੇ ਹਾਂ। ਉਥੇ ਹੀ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀਂ ਕਰ ਸਕਦਾ। 'ਕਿਸਾਨ ਬਚਾਓ , ਦੇਸ਼ ਬਚਾਓ।'

ਦਿਲਜੀਤ ਦੋਸਾਂਝ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਵੀ ਕਿਸਾਨ ਪਰਿਵਾਰ ਵਿਚੋਂ ਹੀ ਹਾਂ। ਦੇਸ਼ ਦਾ ਅੰਨ ਦਾਤਾ ਸੜਕਾਂ 'ਤੇ ਰੁੱਲ ਰਿਹਾ ਹੈ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਸਾਡੇ ਲਈ ਅੰਨ੍ਹ ਉਗਾਉਂਦਾ ਹੈ। ਅੰਨ ਦਾਤੇ ਨਾਲ ਧੱਕਾ ਨਾ ਕਰੋ ਜੀ।

ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ 'ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ 'ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ 'ਚ ਖੜ੍ਹੇ ਹੋਈਏ। ਦਿਲਜੀਤ ਦੋਸਾਂਝ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਇਕ ਹੋਰ ਪੋਸਟ ਵਿਚ ਲਿਖਿਆ ਹੈ ਕਿ 

ਹਾਏ ਨੀ! ਇਹ ਪੱਥਰ ਹੋਈਆਂ ਜੀਭਾਂ,
ਹਾਏ ਨੀ! ਦਿਲ ਭਰਿਆ ਪਲ ਪਲ ਫਿਸੇ।
ਹਾਏ ਨੀ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ! ਨਿਰੀਆਂ ਸੂਲਾਂ ਗਿੱਟੇ ਗਿੱਟੇ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਤੋਂ ਇਲਾਵਾ ਨਿਮਰਤ ਖਹਿਰਾ, ਰਣਜੀਤ ਬਾਵਾ ਅਤੇ ਬੱਬੂ ਮਾਨ ਵੀ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿਚ ਖੜ੍ਹੇ ਹੋਏ ਹਨ।