ਕਿਸਾਨ ਜਥੇਬੰਦੀਆਂ ਵਲੋਂ 25 ਨੂੰ 'ਪੰਜਾਬ-ਬੰਦ' ਦਾ ਐਲਾਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ 19 ਸਤੰਬਰ ਨੂੰ ਮੋਗਾ ਵਿਚ

Farmers' organizations announce 'Punjab closed' on 25th

ਚੰਡੀਗੜ੍ਹ : ਦੇਸ਼ ਪੱਧਰ 'ਤੇ ਕਰੀਬ 250 ਕਿਸਾਨ ਜਥੇਬੰਦੀਆਂ ਦੀ ਸਾਂਝੀ 'ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ' 'ਚ ਸ਼ਾਮਲ ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਪੂਰਾ 'ਪੰਜਾਬ-ਬੰਦ' ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸੰਧੂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਵਿਚ ਲਿਆ ਗਿਆ।

ਕਿਸਾਨ ਜਥੇਬੰਦੀਆ ਨੇ ਐਲਾਨ ਕੀਤਾ ਕਿ 25 ਸਤੰਬਰ ਨੂੰ ਪੰਜਾਬ ਭਰ 'ਚ ਕਾਰੋਬਾਰ ਤੇ ਸੜਕੀ, ਰੇਲ ਆਵਾਜਾਈ ਮੁਕੰਮਲ ਬੰਦ ਕੀਤੀ ਜਾਵੇਗੀ। ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ 19 ਸਤੰਬਰ ਨੂੰ ਮੋਗਾ ਵਿਚ ਬੁਲਾਈ ਗਈ ਹੈ ਤਾਂ ਜੋ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆ ਕੇ ਕਿਸਾਨ ਅੰਦੋਲਨ ਨੂੰ ਇਕਮੁੱਠ ਤੇ ਤੇਜ਼ ਕੀਤਾ ਜਾ ਸਕੇ।

ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ-ਬਿਲ ਤੇ ਬਿਜਲੀ ਸੋਧ ਕਾਨੂੰਨ 2020 ਨੂੰ ਪਾਸ ਕਰਨ ਲਈ ਬਜ਼ਿੱਦ ਹੈ, ਜਿਸ ਨੇ ਸਮੁੱਚੇ ਮੁਲਕ ਦੇ ਕਿਸਾਨ ਮਜ਼ਦੂਰ ਤੇ ਗਾਹਕ ਨੂੰ ਤਬਾਹ ਕਰਨਾ ਹੈ। ਆਗੂਆਂ ਕਿਹਾ ਕਿ ਜਦੋਂ ਤਕ ਇਹ ਤਬਾਹਕੁੰਨ ਕਾਨੂੰਨ ਖ਼ਤਮ ਨਹੀਂ ਹੁੰਦੇ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ।