ਡਿਪਟੀ ਕਮਿਸ਼ਨਰ ਨੇ ਝੋਨੇ ਦੀ ਖ਼ਰੀਦ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

 ਹੁਣ ਤੱਕ ਮੰਡੀਆਂ 'ਚ 1 ਲੱਕ 9 ਹਜ਼ਾਰ 983 ਮੀਟਰਕ ਟਨ ਝੋਨਾ ਆਇਆ

Paddy Procurement

ਐਸ.ਏ.ਐਸ. ਨਗਰ  (ਸੁਖਦੀਪ ਸਿੰਘ ਸੋਈ): ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜਿਲ੍ਹੇ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਚਲ ਰਹੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ ਅਤੇ ਸਬੰਧਤ ਏਜੰਸੀਆਂ ਦੇ ਜ਼ਿਲਾ ਮੈਨੇਜਰਾਂ ਨੂੰ ਖਰੀਦ ਕੀਤੇ ਝੋਨੇ ਦੀ ਲੀਫਟਿੰਗ 'ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਸੁਵਿਧਾਵਾਂ ਨੂੰ ਤਰਜੀਹ ਦਿੱਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ ਅਤੇ ਖਰੀਦ ਕੀਤੇ ਗਏ ਝੋਨੇ ਦੀ ਇਵਜ਼ ਵਿੱਚ ਕਿਸਾਨਾਂ ਨੂੰ 143 ਕਰੋੜ 42 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ  ਜੋ ਕੁਲ ਬਣਦੀ ਅਦਾਇਗੀ ਯੋਗ ਰਕਮ ਦਾ 69 ਫੀਸਦੀ ਤੋਂ ਵੱਧ ਹੈ । ਉਨ੍ਹਾਂ ਦੱਸਿਆ ਕਿ  ਹੁਣ ਤੱਕ ਮੰਡੀਆਂ 'ਚ 1 ਲੱਕ 9 ਹਜ਼ਾਰ 983 ਮੀਟਰਕ ਟਨ ਝੋਨਾ ਆਇਆ ਜਿਸ ਵਿੱਚੋਂ 01 ਲੱਕ 09 ਹਜ਼ਾਰ 855 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ।

ਪਨਗਰੇਨ ਵੱਲੋਂ 26 ਹਜ਼ਾਰ 469 ਮੀਟਰਕ ਟਨ, ਮਾਰਕਫੈੱਡ ਵੱਲੋਂ 43 ਹਜ਼ਾਰ 413 ਮੀਟਰਕ ਟਨ, ਪਨਸਪ ਵਲੋਂ 18 ਹਜਾਰ 352 ਮੀਟਰਕ ਟਨ ਅਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 13 ਹਜਾਰ 885 ਮੀਟਰਕ ਟਨ, ਐਫ.ਸੀ.ਆਈ ਵਲੋਂ 7 ਹਜ਼ਾਰ 602 ਮੀਟਰਕ ਟਨ ਅਤੇ ਵਾਪਰੀਆਂ ਵਲੋਂ 134 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ। ਖਰੀਦ ਕੀਤੇ ਝੋਨੇ 'ਚ 87 ਹਜ਼ਾਰ 817 ਮੀਟਰਕ ਟਨ ਝੋਨੇ ਦੀ ਲੀਫਟਿੰਗ ਹੋ ਚੁੱਕੀ ਹੈ।