ਫ਼ਾਜ਼ਿਲਕਾ ਦੇ ਪਿੰਡ ਬਾਧਾ ਦੇ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਦੀ ਸਫ਼ਲਤਾ ਦੀ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਨੇ ਕਿਹਾ ਕਿ ਮਲਚਿੰਗ ਵਿਧੀ ਨਾਲ ਬੀਜੀ ਕਣਕ ਬਹੁਤ ਹੀ ਕਾਰਗਰ ਸਿੱਧ ਹੁੰਦੀ ਹੈ

Farmer

ਫ਼ਾਜ਼ਿਲਕਾ (ਰਿਤਿਸ਼ ਕੁੱਕੜ) : ਫ਼ਾਜ਼ਿਲਕਾ ਦੇ ਪਿੰਡ ਬਾਧਾ ਦੇ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਵਲੋਂ ਸੁਪਰ ਐਸ.ਐਮ.ਐਸ ਵਾਲੀ ਮਸ਼ੀਨ ਨਾਲ ਝੋਨੇ ਦੀ ਕਟਾਈ ਕਰਵਾਈ ਜਾ ਰਹੀ ਹੈ। ਜਦੋਂ ਖੇਤੀਬਾੜੀ ਵਿਭਾਗ ਤੋਂ ਬੀ.ਟੀ.ਐਮ. ਰਾਜਦਵਿੰਦਰ ਸਿੰਘ ਨੇ ਕਿਸਾਨ ਮਲਕੀਤ ਸਿੰਘ ਦੇ ਖੇਤ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਪਿੰਡ ਦੇ ਹੋਰ ਕਿਸਾਨ ਵੀ ਇਸ ਕਿਸਾਨ ਤੋਂ ਪ੍ਰੇਰਤ ਹੋ ਰਹੇ ਹਨ ਅਤੇ ਅਪਣੀ ਫ਼ਸਲ ਦੀ ਕਟਾਈ ਸੁਪਰ ਐਸ.ਐਮ.ਐਸ ਵਾਲੀ ਮਸ਼ੀਨ ਨਾਲ ਕਟਾਉਣ ਦਾ ਇਰਾਦਾ ਬਣਾ ਰਹੇ ਹਨ।

ਜਦੋਂ ਖੇਤੀਬਾੜੀ ਵਿਭਾਗ ਤੋਂ ਰਾਜਦਵਿੰਦਰ ਸਿੰਘ ਨੇ ਕਿਸਾਨ ਮਲਕੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਕਿਸਾਨ ਨੇ ਦਸਿਆ ਕਿ ਉਹ ਖੇਤੀਬਾੜੀ ਵਿਭਾਗ ਦੇ ਜਾਗਰੂਕਤਾ ਕੈਂਪਾਂ ਤੋਂ ਪ੍ਰੇਰਤ ਹੋ ਕੇ ਸਾਲ 2018 ਤੋਂ ਐਸ.ਐਮ.ਐਸ ਵਾਲੀ ਮਸ਼ੀਨ ਨਾਲ ਝੋਨੇ ਦੀ ਕਟਾਈ ਕਰਵਾ ਰਿਹਾ ਹੈ ਤੇ ਇਸ ਉਪਰੰਤ ਉਹ ਅਪਣੀ ਜ਼ਮੀਨ ਵਿਚ ਕਣਕ ਦੇ ਬੀਜ ਦਾ ਛਿੱਟਾ ਦੇ ਕੇ ਉਪਰੋਂ ਮਲਚਰ ਜਾਂ ਰੀਪਰ ਚਲਾ ਕੇ ਪਾਣੀ ਲਗਾ ਦਿੰਦਾ ਹੈ।

ਕਿਸਾਨ ਨੇ ਕਿਹਾ ਕਿ ਮਲਚਿੰਗ ਵਿਧੀ ਨਾਲ ਬੀਜੀ ਕਣਕ ਬਹੁਤ ਹੀ ਕਾਰਗਰ ਸਿੱਧ ਹੁੰਦੀ ਹੈ ਅਜਿਹਾ ਕਰਨ ਨਾਲ ਜਿਥੇ ਕਣਕ ਦੀ ਬਿਜਾਈ ਦਾ ਖਰਚਾ ਘਟਦਾ ਹੈ ਉਥੇ ਹੀ ਪਰਾਲੀ ਦਾ ਨਿਪਟਾਰਾ ਜ਼ਮੀਨ ਵਿਚ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਕਿਸਾਨ ਮਲਕੀਤ ਸਿੰਘ ਨੇ ਦਸਿਆ ਕਿ ਉਹ ਅਪਣੇ ਸਾਢੇ 19 ਏਕੜ ਜ਼ਮੀਨ ਵਿਚ ਝੋਨੇ ਅਤੇ ਕਣਕ ਦੀ ਖੇਤੀ ਕਰਦਾ ਹੈ ਤੇ ਕਿਸੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦਾ ਹੈ।

ਮਲਚਿੰਗ ਤਕਨੀਕ ਤੋਂ ਪਹਿਲਾਂ ਉਹ ਵੱਖ-ਵੱਖ ਤਰੀਕਿਆਂ ਜਿਵੇਂ ਕਿ ਖੜੇ ਪਾਣੀ ਵਿਚ ਰੋਟਾਵੇਟਰ ਨਾਲ ਪਰਾਲੀ ਨੂੰ ਦਬਾਉਂਦਾ ਰਿਹਾ ਤੇ ਪਲੋਅ ਦੀ ਮਦਦ ਨਾਲ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾਉਂਦਾ ਰਿਹਾ ਤੇ ਫਿਰ ਹੈਪੀਸੀਡਰ ਨਾਲ ਪਰਾਲੀ ਨੂੰ ਖੇਤ ਵਿਚ ਦਬਾ ਕੇ ਕਣਕ ਦੀ ਬਿਜਾਈ ਕਰਦਾ ਹੈ। ਕਿਸਾਨ ਨੇ ਕਿਹਾ ਕਿ ਵਿਭਾਗ ਵਲੋਂ ਕੰਬਾਇਨ ਵਾਲਿਆਂ ਨੂੰ ਐਸ.ਐਮ.ਐਸ ਮਸ਼ੀਨ ਕੰਬਾਇਨ ਨਾਲ ਲਗਾ ਕੇ ਕਟਾਈ ਕਰਨ ਲਈ ਕਿਹਾ ਗਿਆ ਉਦੋਂ ਤੋਂ ਹੀ ਉਹ ਫ਼ਸਲ ਦੀ ਕਟਾਈ ਐਸ.ਐਮ.ਐਸ. ਯੁਕਤ ਕੰਬਾਈਨ ਨਾਲ ਝੋਨੇ ਦੀ ਕਟਾਈ  ਕਰਵਾ ਰਿਹਾ ਹੈ ਤੇ ਇਸ ਤੋਂ ਬਾਅਦ ਫ਼ਸਲ ਬੀਜਣ ਨਾਲ ਉਸ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ।

ਕਿਸਾਨ ਨੇ ਦਸਿਆ ਕਿ ਐਸ.ਐਮ.ਐਸ ਯੁਕਤ ਕੰਬਾਈਨ ਨਾਲ ਝੋਨੇ ਨੂੰ ਕੱਟਣ ਤੋਂ ਬਾਅਦ ਉਹ ਅਪਣੇ ਕੁੱਝ ਕੁ ਰਕਬੇ ਵਿਚ ਹੈਪੀਸੀਡਰ ਦੀ ਵਰਤੋਂ ਨਾਲ ਵੀ ਕਣਕ ਦੀ ਬਿਜਾਈ ਕਰਦਾ ਹੈ ਤੇ ਇਹ ਵੀ ਵਧੀਆ ਤਕਨੀਕ ਹੈ। ਕਿਸਾਨ ਨੇ ਦਸਿਆ ਕਿ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਰਖਦਾ ਹੈ ਤੇ ਵਿਭਾਗ ਦੇ ਮਾਹਰਾਂ ਦੇ ਦੱਸੇ ਅਨੁਸਾਰ ਹੀ ਜ਼ਮੀਨ ’ਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦਾ ਹੈ ਤੇ ਲੋੜ ਅਨੁਸਾਰ ਹੀ ਸਪਰੇਅ ਕਰਦਾ ਹੈ।

ਖੇਤੀਬਾੜੀ ਵਿਭਾਗ ਤੋਂ ਬੀ.ਟੀ.ਐਮ. ਰਾਜਦਵਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਉਥੇ ਵਾਤਾਵਰਣ ਵੀ ਪ੍ਰਦੂਸ਼ਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰ ਕਿਸਾਨ ਇਹੋ ਜਿਹੇ ਕਿਸਾਨਾਂ ਤੋਂ ਪ੍ਰੇਰਨਾ ਲੈ ਕੇ ਆਧੁਨਿਕ ਖੇਤੀ ਸੰਦਾਂ ਨਾਲ ਕਣਕ ਦੀ ਬਿਜਾਈ ਕਰਨ ਅਜਿਹਾ ਕਰਨ ਨਾਲ ਜਿਥੇ ਪਰਾਲੀ ਦਾ ਨਿਪਟਾਰਾ ਜ਼ਮੀਨ ਵਿਚ ਹੋਵੇਗਾ ਉਥੇ ਅਗਲੀ ਫ਼ਸਲ ਦਾ ਝਾੜ ਵੀ ਵਧੇਗਾ। ਉਨ੍ਹਾਂ ਕਿਹਾ ਕਿ ਦਰਿਮਆਨੇ ਅਤੇ ਸੀਮਾਂਤ ਕਿਸਾਨ “ਆਈ. ਖੇਤ ਪੰਜਾਬ“ ਮੋਬਾਇਲ ਐਪਲਕੇਸ਼ਨ ਰਾਹੀਂ ਆਧੁਨਿਕ ਖੇਤੀ ਮਸ਼ੀਨਰੀ ਕਿਰਾਏ ਤੇ ਵੀ ਲੈ ਸਕਦੇ ਹਨ।