ਗੰਨਾ ਮਿੱਲਾਂ ਸ਼ੁਰੂ ਨਾ ਹੋਣ 'ਤੇ ਗੰਨਾ ਕਾਸ਼ਤਕਾਰਾਂ 'ਚ ਨਿਰਾਸ਼ਾ, ਪੰਜਾਬ ਸਰਕਾਰ ਨੇ ਦਿਤਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਸਬੰਧੀ ਕੇਨ ਕਮਿਸ਼ਨਰ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਾਲ ਪੰਜਾਬ 'ਚ ਗੰਨੇ ਹੇਠ 1 ਲੱਖ 5 ਹਜ਼ਾਰ ਹੈਕਟੇਅਰ ਰਕਬਾ ਹੈ ਜਿਸ 'ਚੋਂ ਵਧੀਆ ਗੰਨੇ ਦੀ ਪੈਦਾਵਾਰ ਹੋਣ ਦੀ ਆਸ ਹੈ।

Sugarcane

ਗੁਰਦਾਸਪੁਰ ( ਸ.ਸ.ਸ.)  : ਸੂਬੇ ਅੰਦਰ ਹੁਣ ਤੱਕ 16 ਸਰਕਾਰੀ ਖੰਡ ਮਿੱਲਾਂ 'ਚੋਂ ਸਿਰਫ 4 ਮਿੱਲਾਂ ਨੇ ਹੀ ਗੰਨਾ ਪੀੜਨਾ  ਸ਼ੁਰੂ ਕੀਤਾ ਹੈ। ਇਨ੍ਹਾਂ 'ਚ ਗੁਰਦਾਸਪੁਰ, ਬਟਾਲਾ, ਅਜਨਾਲਾ ਅਤੇ ਨਵਾਂ ਸ਼ਹਿਰ ਦੀਆਂ ਮਿੱਲਾਂ ਸ਼ਾਮਲ ਹਨ ਪਰ ਹੁਣ ਤੱਕ ਪੰਜਾਬ ਦੀ ਇਕ ਵੀ ਨਿਜੀ ਮਿੱਲ ਸ਼ੁਰੂ ਨਹੀਂ ਹੋਈ ਹੈ। ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ 'ਚ ਕਾਸ਼ਤ ਕੀਤੇ ਜਾਣ ਵਾਲੇ ਗੰਨੇ ਦਾ 70 ਫ਼ੀ ਸਦੀ ਨਿਜੀ ਮਿੱਲਾਂ ਹੀ ਪੀੜਦੀਆਂ ਹਨ । ਖੇਤੀਬਾੜੀ ਵਿਭਾਗ ਵੱਲੋਂ ਮੋਜੂਦਾ ਸਾਲ ਦੌਰਾਨ ਸੂਬੇ ਅੰਦਰ ਲਗਭਗ 866 ਕੁਇੰਟਲ ਗੰਨੇ ਦੀ ਪੈਦਾਵਾਰ ਹੋਣ

ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕੇਨ ਕਮਿਸ਼ਨਰ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਾਲ ਪੰਜਾਬ 'ਚ ਗੰਨੇ ਹੇਠ 1 ਲੱਖ 5 ਹਜ਼ਾਰ ਹੈਕਟੇਅਰ ਰਕਬਾ ਹੈ ਜਿਸ 'ਚੋਂ ਵਧੀਆ ਗੰਨੇ ਦੀ ਪੈਦਾਵਾਰ ਹੋਣ ਦੀ ਆਸ ਹੈ। ਪਿਛਲੇ ਸਾਲ ਪੰਜਾਬ ਦੀਆਂ ਵੱਖ-ਵੱਖ ਖੰਡ ਮਿੱਲਾਂ ਵੱਲੋਂ ਖਰੀਦੇ ਗਏ ਗੰਨੇ 'ਚੋਂ ਅਜੇ ਵੀ 432 ਕਰੋੜ ਰੁਪਏ ਦਾ ਭੁਗਤਾਨ ਨਾ ਹੋਣ ਕਾਰਨ ਗੰਨਾ ਕਾਸ਼ਤਕਾਰ ਨਿਰਾਸ਼ ਹਨ। ਇਸ ਲਈ ਕੁਝ ਚਿਰ ਪਹਿਲਾਂ ਏ.ਸੀ.ਐਸ. ਵਿਸ਼ਵਜੀਤ ਖੰਨਾ ਅਤੇ ਹੋਰ ਸਬੰਧਤ ਅਧਿਕਾਰੀਆਂ ਨੇ ਕਿਸਾਨ ਆਗੂਆਂ ਅਤੇ ਮਿੱਲ ਪ੍ਰਬੰਧਕਾਂ ਨਾਲ ਬੈਠਕਾਂ ਕਰਕੇ ਕਿਸਾਨਾਂ

ਦੀਆਂ ਅਦਾਇਗੀਆਂ ਸ਼ੁਰੂ ਕਰਵਾਈਆਂ ਸਨ। ਜਿਸ ਅਧੀਨ ਰੋਜ਼ਾਨਾ ਕਿਸਾਨਾਂ ਦੇ ਖਾਤਿਆਂ ਚ ਪੈਸੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਰਮਿਆਨੀ ਕਿਸਮ ਦੇ ਤੌਰ ਤੇ ਐਲਾਨੀ ਗਈ ਸੀ.ਓ. 238 ਕਿਸਮ ਨੂੰ ਅਗੇਤੀ ਕਿਸਮ ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਇਸ ਸਾਲ ਵੀ ਸਰਕਾਰ ਵੱਲੋਂ ਇਸ ਕਿਸਮ ਨੂੰ 310 ਰੁਪਏ ਦੀ ਕੀਮਤ ਤੇ ਖਰੀਦਣ ਦਾ ਐਲਾਨ ਕਰ ਦਿਤਾ ਗਿਆ ਹੈ। ਜਦਕਿ ਦਰਮਿਆਨੀ ਕਿਸਮਾਂ ਦੀ ਕੀਮਤ 300 ਰੁਪਏ ਪ੍ਰਤੀ ਕੁਇੰਟਲ ਅਤੇ ਪਿਛੇਤੀ ਕਿਸਮਾਂ ਦੀ ਕੀਮਤ 295 ਰਪੁਏ ਐਲਾਨੀ ਗਈ ਹੈ।

ਪੰਜਾਬ ਅੰਦਰ ਬੀਜੇ ਗਏ ਗੰਨੇ ਦਾ ਲਗਭਗ 72 ਫ਼ੀ ਸਦੀ ਹਿੱਸਾ ਸੀ.ਓ. 238 ਕਿਸਮ ਹੇਠਾਂ ਹੋਣ ਕਾਰਨ ਕਿਸਾਨਾਂ ਨੂੰ ਰਾਹਤ ਮਿਲੀ ਹੈ ਪਰ ਕੁਝ ਕਿਸਾਨ ਜੱਥੇਬੰਦੀਆਂ ਅਜੇ ਵੀ ਇਸ ਰੇਟ ਤੋਂ ਨਾਖੁਸ਼ ਹੋ ਕੇ ਇਸ 'ਚ ਹੋਰ ਵਾਧਾ ਕਰਨ ਦੀ ਮੰਗ ਕਰ ਰਹੀਆਂ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਦੱਸਿਆ ਕਿ

ਪੰਜਾਬ ਅੰਦਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਇਲਾਕਿਆਂ ਦਾ ਲਗਭਗ 119 ਲੱਖ ਕੁਇੰਟਲ ਗੰਨਾ ਇਨ੍ਹਾਂ ਇਲਾਕਿਆਂ ਦੀਆਂ ਮਿੱਲਾਂ ਦੀ ਸਮਰੱਥਾ ਤੋਂ ਵੱਧ ਸੀ ਜਿਸ ਕਾਰਨ ਕਿਸਾਨਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਇਲਾਕਿਆਂ ਦਾ ਗੰਨਾ ਹੋਰ ਮਿੱਲਾਂ ਨੂੰ ਅਲਾਟ ਕਰਵਾ ਦਿਤਾ ਗਿਆ ਹੈ। ਸਾਰੀਆਂ ਮਿੱਲਾਂ ਕੁਝ ਹੀ ਦਿਨਾਂ 'ਚ ਸ਼ੁਰੂ ਹੋ ਜਾਣਗੀਆਂ।