ਪੰਜਾਬ 'ਚ ਪਏ ਇਕ ਦਿਨ ਦੇ ਮੀਂਹ ਤੇ ਗੜਿਆਂ ਨੇ ਕੀਤੀ ਝੋਨੇ ਤੇ ਕਣਕ ਦੀ ਫ਼ਸਲ ਬਰਬਾਦ
ਗੜਿਆਂ ਕਾਰਨ ਫ਼ਸਲ ਧਰਤੀ ’ਤੇ ਝੜ ਗਈ ਅਤੇ ਫ਼ਸਲ ਦਾ 60 ਫ਼ੀਸਦੀ ਨੁਕਸਾਨ ਹੋ ਗਿਆ।
ਚੰਡੀਗੜ੍ਹ - ਪੰਜਾਬ 'ਚ ਪਏ ਇਕ ਦਿਨਾਂ ਮੀਂਹ ਨੇ ਹੱਥ ਕਬਾਊ ਠੰਢ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਮੀਂਹ ਦੇ ਨਾਲ ਪਏ ਗੜਿਆਂ ਨੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਦਿਨ ਐਤਵਾਰ ਅਤੇ ਰਾਤ ਸਮੇਂ ਮੀਂਹ ਅਤੇ ਗੜੇ ਪੈਣ ਕਾਰਨ ਜਿੱਥੇ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋਈ ਹੈ, ਉਥੇ ਕਿਸਾਨਾਂ ਦੀਆਂ ਸਮੱਸਿਆਵਾਂ ’ਚ ਵਾਧਾ ਹੋਇਆ ਹੈ।
ਇਸ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਬਰਨਾਲਾ ਦੇ ਪਿੰਡਾਂ ਵਿਚ ਝੋਨੇ ਦੀ ਪਛੇਤੀ ਫ਼ਸਲ ਨੂੰ ਗੜਿਆਂ ਨੇ ਬੁਰੀ ਤਰ੍ਹਾਂ ਝਾੜ ਕੇ ਰੱਖ ਦਿੱਤਾ ਹੈ। ਜਦੋਂ ਕਿ ਕੁੱਝ ਦਿਨ ਪਹਿਲਾਂ ਬੀਜੀ ਗਈ ਕਣਕ ਦੀ ਫ਼ਸਲ ਕਰੰਡ ਹੋ ਗਈ ਹੈ। ਫ਼ਸਲ ਪਛੇਤੀ ਹੋਣ ਕਾਰਨ ਵੱਢਣ ਵਿਚ ਦੇਰੀ ਹੋ ਗਈ। ਜਿਸ ਕਰਕੇ ਗੜਿਆਂ ਕਾਰਨ ਫ਼ਸਲ ਧਰਤੀ ’ਤੇ ਝੜ ਗਈ ਅਤੇ ਫ਼ਸਲ ਦਾ 60 ਫ਼ੀਸਦੀ ਨੁਕਸਾਨ ਹੋ ਗਿਆ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬਰਬਾਦ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਧਰ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਵੀ ਗੜੇਮਾਰੀ ਨੇ ਨੁਕਸਾਨ ਕੀਤਾ ਹੈ। ਜਿਹੜੀ ਕਣਕ ਦੀ ਬਿਜਾਈ ਕੁੱਝ ਦਿਨ ਪਹਿਲਾਂ ਹੋਈ ਹੈ, ਉਹ ਗੜਿਆਂ ਨਾਲ ਪੂਰੀ ਤਰ੍ਹਾ ਖ਼ਤਮ ਹੋ ਗਈ ਹੈ
ਜਿਸ ਕਰਕੇ ਉਹਨਾਂ ਦਾ 4 ਤੋਂ 5 ਹਜ਼ਾਰ ਦਾ ਪ੍ਰਤੀ ਏਕੜ ਨੁਕਸਾਨ ਹੋ ਗਿਆ ਹੈ ਕਿਉਂਕਿ ਕਣਕ ਦੇ ਬੀਜ਼, ਡੀਏਪੀ ਅਤੇ ਡੀਜ਼ਲ ਦੇ ਵਾਧੂ ਖ਼ਰਚੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਡੀਏਪੀ ਮਿਲਣ ਦੀ ਸੰਭਾਵਨਾ ਵੀ ਘੱਟ ਹੈ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਦਾ ਨੁਕਸਾਨ ਦੇਖਦੇ ਹੋਏ ਯੋਗ ਮੁਆਵਜ਼ਾ ਦਿੱਤਾ ਜਾਵੇ।