ਕਣਕ ਦੀ ਖ਼ਰੀਦ ਨਾ ਹੋਣ 'ਤੇ ਕਿਸਾਨਾਂ ਨੇ ਰੋਕਿਆ ਹਾਈਵੇਅ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅਖ਼ੀਰ ਡੀਸੀ ਨੇ ਮੰਡੀ ਵਿਚ ਪਹੁੰਚ ਕੇ ਸ਼ੁਰੂ ਕਰਵਾਈ ਖ਼ਰੀਦ

Strike On Highway

ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੇ ਤਲਵੰਡੀ ਬਠਿੰਡਾ ਹਾਈਵੇਅ ਜਾਮ ਕਰ ਦਿਤਾ। ਸੂਬਾ ਸਰਕਾਰ ਨੇ ਇਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਸਬ ਡਵੀਜ਼ਨ ਦੇ ਪਿੰਡ ਤਿਉਣਾ ਪੁਜਾਰੀਆਂ ਵਿਚ ਭਾਕਿਯੂ ਏਕਤਾ ਉਗਰਾਹਾਂ ਨੇ ਸੂਬਾ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ। ਪਿੰਡ ਚੱਠੇਵਾਲਾ ਵਿਚ ਵੀ ਭਾਕਿਯੂ ਸਿੱਧੂਪੁਰ ਦੀ ਅਗਵਾਈ ਵਿਚ ਕਿਸਾਨਾਂ ਨੇ ਤਲਵੰਡੀ ਸਾਬੋ-ਬਠਿੰਡਾ ਹਾਈਵੇਅ 'ਤੇ ਜਾਮ ਲਾ ਦਿਤਾ। ਅਖ਼ੀਰ ਡਿਪਟੀ ਕਮਿਸ਼ਨਰ ਬਠਿੰਡਾ ਨੇ ਖ਼ੁਦ ਮੌਕੇ 'ਤੇ ਪਹੁੰਚ ਕੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ।ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਅਪ੍ਰੈਲ ਤੋਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਪਹੁੰਚ ਹੀ ਨਹੀਂ ਰਹੀਆਂ।

ਪਿੰਡ ਚੱਠੇਵਾਲਾ ਦੇ ਕਿਸਾਨ ਪਿਛਲੇ 17 ਦਿਨਾਂ ਤੋਂ ਫ਼ਸਲ ਵੇਚਣ ਲਈ ਮੰਡੀ ਵਿਚ ਬੈਠੇ ਹੋਏ ਹਨ ਪਰ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ।  
ਸ਼ਾਮ ਸਮੇਂ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਖ਼ੁਦ ਚੱਠੇਵਾਲਾ ਪੁੱਜੇ ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ। ਕਿਸਾਨਾਂ ਨੇ ਬੀਤੇ ਦਿਨ ਇਸੇ ਮੰਡੀ ਵਿਚ ਖ਼ਰੀਦ ਅਧਿਕਾਰੀ ਨੂੰ ਬੰਦੀ ਬਣਾ ਲਿਆ ਸੀ ਤੇ ਉੱਚ ਅਧਿਕਾਰੀਆਂ ਦੇ ਭਰੋਸੇ 'ਤੇ ਉਸ ਨੂੰ ਛਡਿਆ ਗਿਆ ਸੀ ਪਰ ਖ਼ਰੀਦ ਫਿਰ ਵੀ ਸ਼ੁਰੂ ਨਾ ਹੋਈ ਤੇ ਅੱਜ ਕਿਸਾਨਾਂ ਨੂੰ ਮੁਜ਼ਾਹਰਾ ਕਰਨਾ ਪਿਆ। ਇਸ ਮੌਕੇ ਵੀਰੀ ਚੱਠੇਵਾਲਾ, ਲਾਭ ਸਿੰਘ ਢਿੱਲੋਂ, ਸਰਬਜੀਤ ਸਿੰਘ ਚੱਠੇਵਾਲਾ, ਯਾਦੂ ਚੱਠੇਵਾਲਾ, ਭੋਲਾ ਸਿੰਘ ਮੌੜ ਆਦਿ ਹਾਜ਼ਰ ਸਨ।