ਪਹਿਲਾਂ ਰੱਬ ਨੇ ਪ੍ਰੇਸ਼ਾਨ ਕੀਤਾ, ਹੁਣ ਪ੍ਰਸਾਸ਼ਨ ਨਹੀਂ ਲੈ ਰਿਹਾ ਸਾਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਿਥੇ ਕਿਸਾਨ ਕਰਜ਼ੇ ਨਾਲ ਪਹਿਲਾਂ ਹੀ ਅਧਮੋਏ ਹੋਏ ਪਏ ਹਨ ਉਥੇ ਹੀ ਕਿਸਾਨਾਂ ਨੂੰ ਮੰਡੀਆਂ 'ਚ ਲਗਾਤਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ

administration is not helping the farmers

ਬਠਿੰਡਾ (ਜੁਗਨੂੰ ਸ਼ਰਮਾ) : ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਥੇ ਕਿਸਾਨ ਕਰਜ਼ੇ ਨਾਲ ਪਹਿਲਾਂ ਹੀ ਅਧਮੋਏ ਹੋਏ ਪਏ ਹਨ ਉਥੇ ਹੀ ਕਿਸਾਨਾਂ ਨੂੰ ਮੰਡੀਆਂ 'ਚ ਲਗਾਤਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬਠਿੰਡਾ ਦੀ ਅਨਾਜ ਮੰਡੀ ਵਿਚ ਵੀ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  


ਅਨਾਜ ਮੰਡੀ ਬਠਿੰਡਾ ਵਿਚ ਫ਼ਸਲ ਆਉਣ ਤੋਂ ਪਹਿਲਾਂ ਪ੍ਰਸਾਸ਼ਨ ਅਤੇ ਮਾਰਕੀਟ ਕਮੇਟੀ ਬਠਿੰਡਾ ਦੁਆਰਾ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅਨਾਜ ਮੰਡੀ ਵਿਚ ਫ਼ਸਲ ਲਿਆਏ ਕਿਸਾਨਾਂ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਕਿਸਾਨਾਂ ਲਈ ਕਿਸੇ ਵੀ ਤਰ੍ਹਾਂ ਦੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੰਨੀ ਗਰਮੀ ਹੈ ਨਾ ਤਾਂ ਪੀਣ ਦਾ ਠੰਡਾ ਪਾਣੀ ਹੈ ਅਤੇ ਨਾ ਹੀ ਪਖ਼ਾਨਿਆਂ ਦਾ ਪ੍ਰਬੰਧ ਤੇ ਪਖ਼ਾਨੇ ਇਸਤੇਮਾਲ ਲਈ ਵੀ ਪੰਜ ਰੁਪਏ ਵਸੂਲੇ ਜਾਂਦੇ ਹਨ।

ਉਨ੍ਹਾਂ ਦਸਿਆ ਕਿ ਅਨਾਜ ਮੰਡੀ ਦੀਆਂ ਸੜਕਾਂ ਇੰਨੀਆਂ ਖ਼ਰਾਬ ਹਨ ਕਿ ਅੱਧੇ ਨਾਲੋਂ ਜ਼ਿਆਦਾ ਅਨਾਜ ਸੜਕ ਦੇ ਖੱਡਿਆਂ ਵਿਚ ਹੀ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਦਸਿਆ ਕਿ ਅਨਾਜ ਮੰਡੀ ਦੀ ਪੂਰੀ ਸੜਕ ਟੁੱਟੀ ਹੋਈ ਹੈ ਤੇ ਉਥੇ ਹੀ ਸ਼ਾਮ ਵੇਲੇ ਇੰਨੇ ਜ਼ਿਆਦਾ ਅਵਾਰਾ ਜਾਨਵਰ ਆ ਜਾਂਦੇ ਹਨ ਤੇ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਜਾਂਦੇ ਹਨ। 

ਮਾਰਕੀਟ ਕਮੇਟੀ ਬਠਿੰਡਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਵਲੋਂ ਕਿਸਾਨਾਂ ਲਈ ਠੀਕ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦਸਿਆ ਕਿ ਮਾਰਕੀਟ ਕਮੇਟੀ ਬਠਿੰਡਾ ਦਾ ਇਕ ਵੀ ਮੁਲਾਜ਼ਮ ਮੰਡੀ 'ਚ ਤਾਇਨਾਤ ਨਹੀਂ ਰਹਿੰਦਾ।  

ਇਸ ਦੌਰਾਨ ਇਕ ਸਰਕਾਰੀ ਮੁਲਾਜ਼ਮ ਵਲੋਂ ਬਠਿੰਡਾ ਦੀ ਅਨਾਜ ਮੰਡੀ ਦੇ ਵੱਡੇ ਖ਼ੁਲਾਸੇ ਕੀਤੇ ਗਏ। ਉਸ ਨੇ ਦਸਿਆ ਕਿ ਸੜਕ ਬਣਵਾਉਣ ਲਈ ਉਸ ਨੇ ਲਗਭਗ 35 ਪੱਤਰ ਉਚ ਅਧਿਕਾਰੀਆਂ ਨੂੰ ਲਿਖੇ ਹਨ ਪਰ ਹੁਣ ਤਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। 

ਜਦੋਂ ਇਸ ਬਾਰੇ ਦਫ਼ਤਰ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ। 

ਉਥੇ ਹੀ ਦੂਜੇ ਪਾਸੇ ਏ.ਡੀ.ਸੀ ਸਾਕਸ਼ੀ ਸਾਹਨੀ ਤੋਂ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਾਰੀਆਂ ਸਮੱਸਿਆਵਾਂ ਨੂੰ ਚੈੱਕ ਕੀਤਾ ਜਾਵੇਗਾ ਅਤੇ ਉਸ ਦਾ ਜਲਦ ਤੋਂ ਜਲਦ ਹੱਲ ਕਢਿਆ ਜਾਵੇਗਾ। 

ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸਾਸ਼ਨ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕਿੰਨਾ ਜਲਦੀ ਹੱਲ ਕੀਤਾ ਜਾਂਦਾ ਹੈ।