ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਖ਼ਰੀਦ ਦਾ ਕੰਮ ਅੰਤਿਮ ਪੜਾਅ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹਾਲੇ ਤਕ ਲਿਫ਼ਟਿੰਗ ਦੇ ਕੰਮ ਦੀ ਗਤੀ ਹੋਲੀ, ਪਿਛਲੇ ਸਾਲ ਦੇ ਮੁਕਾਬਲੇ ਖਰੀਦ ਦਾ ਅੰਕੜਾ ਨੇੜੇ ਪੁੱਜਿਆ

File Photo

ਬਠਿੰਡਾ, 17 ਮਈ (ਸੁਖਜਿੰਦਰ ਮਾਨ): ਬਠਿੰਡਾ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਦਾ ਕੰਮ ਅਪਣੇ ਆਖ਼ਰੀ ਪੜਾਅ ਤਕ ਪੁੱਜ ਚੁੱਕਿਆ ਹੈ। ਅੱਜ ਸ਼ਾਮ ਤਕ ਵੱਖ-ਵੱਖ ਏਜੰਸੀਆਂ ਵਲੋਂ ਖ਼ਰੀਦੀ ਕਣਕ ਦਾ ਅੰਕੜਾ ਪਿਛਲੇ ਸਾਲ ਦੀ ਖ਼ਰੀਦ ਦੇ ਲਗਭਗ ਬਰਾਬਰ ਪੁੱਜ ਚੁੱਕਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਸਿਰਫ਼ ਇਸ ਹਫ਼ਤੇ ਦੇ ਅੰਤ ਤਕ ਕਣਕ ਦੀ ਖ਼ਰੀਦ ਦਾ ਕੰਮ ਮੁਕੰਮਲ ਹੋ ਜਾਵੇਗਾ, ਹਾਲਾਂਕਿ ਖਰੀਦੀ ਹੋਈ ਕਣਕ ਦੀ ਲਿਫ਼ਟਿੰਗ ਦਾ ਕੰਮ ਜ਼ਰੂਰ ਹੋਲੀ ਰਫ਼ਤਾਰ ਨਾਲ ਚੱਲ ਰਿਹਾ ਹੈ।

ਦਸਣਾ ਬਣਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਚਾਲੂ ਸੀਜ਼ਨ 'ਚ ਕੋਰੋਨਾ ਮਹਾਂਮਾਰੀ ਕਾਰਨ ਖ਼ਰੀਦ ਦਾ ਕੰਮ ਕਾਫ਼ੀ ਦੇਰੀ ਨਾਲ ਚੱਲਿਆ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਅੱਜ ਸ਼ਾਮ ਤਕ ਜ਼ਿਲ੍ਹੇ ਦੀਆਂ ਮੰਡੀਆਂ 'ਚ 9,72,913 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਦੋਂਕਿ ਪਿਛਲੇ ਸਾਲ ਜ਼ਿਲ੍ਹੇ ਵਿਚ ਕੁਲ 10 ਲੱਖ 9 ਹਜ਼ਾਰ 906 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੇਸ਼ੱਕ ਚਾਲੂ ਸੀਜ਼ਨ ਦੌਰਾਨ ਕਣਕ ਦਾ ਝਾੜ ਚੰਗਾ ਨਿਕਲਿਆ ਹੈ

ਪੰਤੂ ਇਸ ਵਾਰ ਸਾਰੀ ਕਣਕ ਮੰਡੀਆਂ ਵਿਚ ਭੇਜਣ ਦੀ ਥਾਂ ਕਾਫ਼ੀ ਕਿਸਾਨਾਂ ਵਲੋਂ ਥੋੜੀ ਕਣਕ ਘਰ ਵਿਚ ਹਾਲੇ ਤਕ ਰੱਖੀ ਹੋਈ ਹੈ। ਉਧਰ ਕਣਕ ਦੀ ਖ਼ਰੀਦ ਵਿਚ ਪਨਗ੍ਰੇਨ ਏਜੰਸੀ ਸੱਭ ਤੋਂ ਅੱਗੇ ਰਹੀ ਹੈ। ਇਸ ਏਜੰਸੀ ਵਲੋਂ 282075 ਮੀਟਰਕ ਟਨ ਖਰੀਦ ਕੀਤੀ ਹੈ। ਇਸੇ ਤਰ੍ਹਾਂ ਮਾਰਕਫ਼ੈੱਡ ਵਲੋਂ 252870 ਮੀਟਰਕ ਟਨ, ਪਨਸਪ ਵੱਲੋਂ 219914 ਮੀਟਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵਲੋਂ 147272 ਮੀਟਰਕ ਟਨ, ਭਾਰਤੀ ਖੁਰਾਕ ਨਿਗਮ ਵਲੋਂ 68967 ਮੀਟਰਕ ਟਨ ਅਤੇ ਨਿੱਜੀ ਵਪਾਰੀਆਂ ਵਲੋਂ 1815 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ 894057 ਮੀਟਰਕ ਟਨ ਕਣਕ ਦੀ ਮੰਡੀਆਂ ਵਿਚੋਂ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਜਦੋਂਕਿ ਹੁਣ ਤਕ 1706 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।