Punjab Flood News: ਦੁਖ ਫਰੋਲਣ ਖੇਤਾਂ ਦੇ ਪੁੱਤ, ਆਪ ਮਿੱਟੀ ਨਾਲ ਮਿੱਟੀ ਹੋਏ ਤੇ ਹੁਣ ਖੇਤ ਹੋਏ ਮਿੱਟੀ
Punjab Flood News: ਅਸੀਂ ਤਾਂ ਮੁਢੋਂ ਹੀ ਬਰਬਾਦੀ ਹੰਢਾ ਰਹੇ ਹਾਂ
Punjab Flood News in punjabi : ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਅਜਨਾਲਾ ਇਲਾਕੇ ਦੇ ਪਿੰਡ ਕੋਟਰਜ਼ਾਦਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰ ਕੁਲਦੀਪ ਸਿੰਘ ਵਲੋਂ ਮੌਜੂਦ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ। ਕਿਸਾਨਾਂ ਨੇ ਕਿਹਾ, ‘‘ਅਸੀਂ ਤਾਂ ਅਜ਼ਾਦੀ ਮਗਰੋਂ ਲਗਾਤਾਰ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਹਾਂ। ਪਰ ਇਸ ਵਾਰ ਤਬਾਹੀ ਜ਼ਿਆਦਾ ਹੋਈ ਹੈ। ਰਾਵੀ ਦਰਿਆ ਤੋਂ ਪਾਰ 11 ਪਿੰਡਾਂ ਦੀ 7 ਹਜ਼ਾਰ ਏਕੜ ਜ਼ਮੀਨ ਹੈ, ਜਿਸ ’ਤੇ ਸਰਹੱਦੀ ਇਲਾਕੇ ਦੇ ਕਿਸਾਨਾਂ ਵਲੋਂ ਖੇਤੀ ਕੀਤੀ ਜਾਂਦੀ ਹੈ ਜੋ ਕਿ ਬਹੁਤ ਔਖਾ ਕੰਮ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜ਼ਮੀਨ ਵਿਚੋਂ ਰੇਤ ਕੱਢੀ ਹੀ ਨਹੀਂ ਜਾ ਸਕਦੀ ਚਾਹੇ ਸਰਕਾਰ ਪੰਜ ਸਾਲ ਦਾ ਸਮਾਂ ਕਿਉਂ ਨਾ ਦੇ ਦੇਵੇ।
ਕਿਉਂਕਿ ਦਰਿਆ ਤੋਂ ਪਾਰ ਜ਼ਮੀਨ ਵਿਚੋਂ ਰੇਤ ਖੇਤਾਂ ਵਿਚੋਂ ਕੱਢ ਕੇ ਭਾਰਤੀ ਪੰਜਾਬ ਵਾਲੇ ਪਾਸੇ ਕਿਸ ਤਰ੍ਹਾਂ ਲਿਆਂਦੀ ਜਾਵੇਗੀ, ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਇਥੇ ਤਾਂ ਕਿਸਾਨਾਂ ਨੂੰ ਅਪਣੀ ਫ਼ਸਲ ਬੀਜਣ, ਕੱਟਣ ਲਈ ਟਰੈਕਟਰਾਂ, ਕੰਬਾਈਨਾਂ ਅਤੇ ਮਜ਼ਦੂਰਾਂ ਨੂੰ ਕਿਸ਼ਤੀਆਂ ਰਾਹੀਂ ਦਰਿਆ ਪਾਰ ਲਿਜਾਇਆ ਜਾਂਦਾ ਹੈ। ਹਾਂ ਇੱਧਰ ਵਾਲੀ ਜ਼ਮੀਨ ਵਿਚੋਂ ਰੇਤ ਅਸੀਂ ਔਖੇ-ਸੌਖੇ ਜ਼ਰੂਰ ਕੱਢਾਂਗੇ, ਪਰ ਫਿਲਹਾਲ ਸਾਨੂੰ ਕਣਕ ਬੀਜਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕਿਸਾਨਾਂ ਨੇ ਕਿਹਾ ਖੇਤਾਂ ਵਿਚੋਂ ਰੇਤ ਕੱਢਣ ਦਾ ਸਮਾਂ ਵਧਾਉਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਕਿਸਾਨ ਪਿਛਲੇ 50 ਸਾਲਾਂ ਤੋਂ ਇਸੇ ਤਰ੍ਹਾਂ ਮੁਸ਼ਕਲਾਂ ਨਾਲ ਜੂਝਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਖੇਤੀ ਕਰਨੀ ਉਦੋਂ ਹੀ ਸੌਖੀ ਹੋ ਸਕਦੀ ਹੈ ਜੇਕਰ ਰਾਵੀ ਦਰਿਆ ’ਤੇ ਪੱਕਾ ਪੁਲ ਲੱਗੇ। ਕਿਸਾਨਾਂ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਜ਼ਮੀਨ ਇਧਰ ਵਾਲੀ ਜ਼ਮੀਨ ਨਾਲੋਂ ਵੀ ਜ਼ਿਆਦਾ ਪੈਦਾਵਾਰ ਦਿੰਦੀ ਹੈ। ਇਕ ਬਜ਼ੁਰਗ ਕਿਸਾਨ ਨੇ ਕਿਹਾ, ‘‘ਅਸੀਂ ਸ਼ੁਰੂ ਤੋਂ ਹੀ ਬਰਬਾਦੀ ਦੇਖਦੇ ਆਏ ਹਨ।’’ ਉਨ੍ਹਾਂ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਖੇਤੀ ਕਰਨਾ ਬਹੁਤ ਮੁਸ਼ਕਲ ਹੈ, ਜਦੋਂ ਵੀ ਅਸੀਂ ਉਧਰ ਜਾਂਦੇ ਹਾਂ ਤਾਂ ਸਾਡੀ ਜਾਨ ਮੁੱਠੀ ਵਿਚ ਰਹਿੰਦੀ ਹੈ। ਕਈ ਵਾਰ ਤਾਂ ਦਰਿਆ ਦੇ ਤੇਜ਼ ਵਹਾਅ ਵਿਚ ਟਰੈਕਟਰ ਵੀ ਰੁੜ੍ਹੇ ਹਨ।’’ ਕਿਸਾਨਾਂ ਨੇ ਦਸਿਆ ਕਿ ਉਧਰ ਸਾਡੀ ਮਾਲਕੀ ਵਾਲੀਆਂ ਜ਼ਮੀਨਾਂ ਵੀ ਹਨ ਜਦਕਿ ਕੁੱਝ ਜ਼ਮੀਨ ਕੇਂਦਰ ਸਰਕਾਰ ਦੀ ਹੈ ਅਤੇ ਕੁੱਝ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਪਰ ਇਨ੍ਹਾਂ ਜ਼ਮੀਨਾਂ ਨੂੰ ਕਿਸਾਨਾਂ ਵਲੋਂ ਹੀ ਆਬਾਦ ਕੀਤਾ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਤਾਜ਼ਾ ਆਏ ਹੜ੍ਹਾਂ ਨੇ ਸਾਨੂੰ ਬਿਲਕੁਲ ਬਰਬਾਦ ਕਰਕੇ ਰੱਖ ਦਿੱਤਾ ਹੈ। ਕਰਜ਼ੇ ਹੇਠ ਦੱਬੀ ਕਿਸਾਨੀ ਨੂੰ ਹੁਣ ਆੜ੍ਹਤੀ ਵੀ ਆਪਣਾ ਹੱਥ ਨਹੀਂ ਫੜਾਉਣਗੇ। ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਮੋੜਨਾ ਵੀ ਔਖਾ ਹੋਵੇਗਾ। ਸਰਕਾਰਾਂ ਵਲੋਂ ਵੀ ਰੋਂਦਿਆਂ ਦੇ ਹੰਝੂ ਪੂੰਝਣ ਦਾ ਕੰਮ ਕੀਤਾ ਜਾਂਦਾ ਹੈ। ਹੁਣ ਸਾਡਾ ਪ੍ਰਤੀ ਏਕੜ 70 ਤੋਂ 80 ਹਜ਼ਾਰ ਰੁਪਏ ਦਾ ਝੋਨਾ ਨਿਕਲਣਾ ਸੀ ਜੋ ਹੜ੍ਹਾਂ ਕਾਰਨ ਬਰਬਾਦ ਹੋ ਗਿਆ ਹੈ। ਜੇਕਰ ਸਰਕਾਰ ਸਾਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਵੀ ਦੇਵੇਗੀ ਤਾਂ ਉਸ ਨਾਲ ਸਾਡਾ ਕੀ ਬਣਨਾ ਹੈ ਕਿਉਂਕਿ ਇੰਨੇ ਕੁ ਪੈਸਿਆਂ ਨਾਲ ਹੜ੍ਹਾਂ ਨਾਲ ਹੋਈ ਬਰਬਾਦੀ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਿਹੜਾ ਪੁਲ ਹੜ੍ਹਾਂ ਦਰਮਿਆਨ ਟੁੱਟਿਆ ਹੈ ਜੇਕਰ ਪੁਲ ਮੁੜ ਤੋਂ ਬਣ ਜਾਵੇ ਤਾਂ ਕਿਸਾਨਾਂ ਨੂੰ ਖੇਤੀ ਕਰਨੀ ਕਾਫ਼ੀ ਹੱਦ ਤੱਕ ਆਸਾਨ ਹੋ ਜਾਵੇਗੀ।
"(For more news apart from “Punjab Flood News in punjabi, ” stay tuned to Rozana Spokesman.)