ਕਿਸਾਨ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਹੀ ਵਾਹੁਣ: ਐਸ.ਡੀ.ਐਮ. ਪਾਂਥੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਤੋਂ ਇਲਾਵਾ ਜਮੀਨ ਵਿਚਲੇ ਮਿੱਤਰ ਕੀੜੇ ਅਤੇ ਸੂਖਮ ਜੀਵ ਵੀ ਬਚੇ ਰਹਿੰਦੇ ਹਨ ਜੋ ਜ਼ਮੀਨ ਲਈ ਬਹੁਤ ਲਾਹੇਵੰਦ ਹਨ

Straw

ਅਹਿਮਦਗੜ੍ਹ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਤਹਿਤ ਜਿਲ੍ਹਾ ਪ੍ਰਸ਼ਾਸਨ ਸੰਗਰੂਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ ਵਿਚ ਸਬ ਡਵੀਜਨ ਮਾਲੇਰਕੋਟਲਾ ਅਤੇ ਸਬ ਡਵੀਜ਼ਨ ਅਹਿਮਦਗੜ੍ਹ ਵਿਚ ਕਿਸਾਨਾਂ ਨੂੰ ਪਿੰਡ ਪੱਧਰ ਉਪਰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗ ਨਾ ਲਗਾਉਣ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ/ਅਹਿਮਦਗੜ੍ਹ ਵੱਲੋਂ ਪਿੰਡ ਖੁਰਦ ਵਿਖੇ ਕਿਸਾਨ ਸ਼ੇਰ ਸਿੰਘ ਦੇ ਖੇਤ ਦਾ ਦੋਰਾ ਕੀਤਾ ਗਿਆ। ਕਿਸਾਨ ਸ਼ੇਰ ਸਿੰਘ ਵੱਲੋਂ ਆਪਣੇ ਖੇਤ ਵਿਚ ਨਵੀਂ ਤਕਨੀਕ ਦੀਆਂ ਮਸ਼ੀਨਾਂ ਨਾਲ ਕੀਤੇ ਜਾ ਰਹੇ ਟਰਾਇਲ ਦੀ ਸ਼ਲਾਘਾ ਕਰਦਿਆਂ ਸ੍ਰੀ ਪਾਂਥੇ, ਐਸ.ਡੀ.ਐਮ. ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿਚ ਹੀ ਵਾਹੁਣ।ਇਸ ਤਰ੍ਹਾਂ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ,

ਉਥੇ ਹੀ ਫਸਲ ਦਾ ਝਾੜ ਵੀ ਵੱਧ ਮਿਲਦਾ ਹੈ।ਇਸ ਤੋਂ ਇਲਾਵਾ ਜਮੀਨ ਵਿਚਲੇ ਮਿੱਤਰ ਕੀੜੇ ਅਤੇ ਸੂਖਮ ਜੀਵ ਵੀ ਬਚੇ ਰਹਿੰਦੇ ਹਨ ਜੋ ਜ਼ਮੀਨ ਲਈ ਬਹੁਤ ਲਾਹੇਵੰਦ ਹਨ।ਸ੍ਰੀ ਪਾਂਥੇ ਨੇ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਜਿਥੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਨ ਉਥੇ ਹੀ ਵਾਤਾਵਰਣ ਦੀ ਸੰਭਾਲ ਲਈ ਵੀ ਆਪਣਾ ਯੋਗਦਾਨ ਪਾਉਣ।ਇਸ ਮੋਕੇ ਸ੍ਰੀ ਕੁਲਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਅਹਿਮਦਗੜ੍ਹ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਵਾਲਾ ਲਿਟਰੇਚਰ ਵੀ ਮੁਫਤ ਵਿਚ ਵੰਡਿਆ ਗਿਆ।

ਸ੍ਰੀ ਕੁਲਵੀਰ ਸਿੰਘ ਨੇ ਦੱਸਿਆ ਕਿ ਖੁਰਦ ਖੇਤੀਬਾੜੀ ਸੈਲਫ ਹੈਲਪ ਗਰੁੱਪ ਅਤੇ ਜ਼ਿਮੀਂਦਾਰਾ ਸੈਲਫ ਹੈਲਪ ਗਰੁੱਪ, ਅਤੇ ਕਿਸਾਨ ਮੁਹੰਮਦ ਸਦੀਕ ਵੱਲੋਂ ਇਹ ਅਤਿ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਸ ਦੇ ਸਹਿਯੋਗ ਨਾਲ ਅੱਜ ਕਿਸਾਨ ਸ. ਸ਼ੇਰ ਸਿੰਘ ਦੇ ਖੇਤ ਵਿਚ ਕਿਸਾਨਾਂ ਨੂੰ ਇਕ ਟਰਾਇਲ ਵੀ ਕਰ ਕੇ ਵਿਖਾਇਆ ਗਿਆ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਾਏ ਵੀ ਅਗਲੀ ਫਸਲ ਲਈ ਖੇਤ ਤਿਆਰ ਕੀਤਾ ਜਾ ਸਕਦਾ ਹੈ। ਇਸ ਮੋਕੇ ਹਾਜ਼ਰ ਕਿਸਾਨਾਂ ਨੇ ਮਸ਼ੀਨਰੀ ਤੇ ਤਸੱਲੀ ਪ੍ਰਗਟਾਈ।ਇਸ ਮੋਕੇ ਹੋਰਨਾਂ ਤੋਂ ਇਲਾਵਾ ਬੀ.ਟੀ.ਐਮ. ਸ੍ਰੀ ਮੁਹੰਮਦ ਜਮੀਲ, ਏ.ਟੀ.ਐਮ. ਸ੍ਰੀ ਗੁਰਦੀਪ ਸਿੰਘ, ਕਿਸਾਨ ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਭੋਲਾ ਸਿੰਘ, ਸਦੀਕ ਮੁਹੰਮਦ ਆਦਿ ਵੀ ਮੋਜੂਦ ਸਨ।