ਪੀ.ਏ.ਯੂ. ਨੇ ਘੱਟ ਵਰਤੋਂ ਵਾਲੀਆਂ ਫ਼ਸਲਾਂ ਦੇ ਮਿਆਰ ਵਾਧੇ ਦੀ ਸਿਖਲਾਈ ਦਿੱਤੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਕੋਰਸ ਵਿੱਚ ਲਗਭਗ 32 ਸਿਖਿਆਰਥੀਆਂ ਨੇ ਭਾਗ ਲਿਆ।

PAU

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ 'ਘੱਟ ਵਰਤੋਂ ਵਿੱਚ ਆਉਣ ਵਾਲੀਆਂ ਫ਼ਸਲਾਂ ਦੀ ਗੁਣਵਤਾ ਵਿੱਚ ਵਾਧਾ ਕਰਨਾ' ਸੰਬੰਧੀ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 32 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਪੰਜ ਦਿਨਾਂ ਆਨਲਾਈਨ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਘੱਟ ਵਰਤੋਂ ਵਾਲੀਆਂ ਫ਼ਸਲਾਂ (ਜਿਵੇਂ ਬਾਜਰਾ, ਜੌਂ, ਮੱਕੀ ਆਦਿ) ਨੂੰ ਰੋਜ਼ਮੱਰ•ਾ ਦੇ ਇਸਤੇਮਾਲ ਵਿੱਚ ਲਿਆ ਕੇ ਭੋਜਨ ਦੇ ਖੁਰਾਕੀ ਤੱਤਾਂ ਵਿੱਚ ਕਿੰਝ ਵਾਧਾ ਕੀਤਾ ਜਾ ਸਕਦਾ ਹੈ ਇਸ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ।

ਡਾ. ਜਸਵਿੰਦਰ ਕੌਰ ਬਰਾੜ ਨੇ ਮੋਟੇ ਅਨਾਜ ਦੀ ਰੋਜਾਨਾ ਵਰਤੋਂ ਕਰਕੇ ਭੋਜਨ ਦੀ ਪੋਸ਼ਟਿਕਤਾ ਨੂੰ ਵਧਾਉਣ ਬਾਰੇ, ਡਾ. ਹਰਪ੍ਰੀਤ ਕੌਰ ਨੇ ਘੱਟ ਵਰਤੋਂ ਵਿੱਚ ਆਉਣ ਵਾਲੇ ਫ਼ਲ ਜਿਵੇਂ ਕਰੋਂਦੇ, ਬੇਲ ਆਦਿ ਦੀ ਸਾਂਭ-ਸੰਭਾਲ ਕਰਨ ਬਾਰੇ, ਡਾ. ਨੀਰਜਾ ਸਿੰਗਲਾ ਨੇ ਘੱਟ ਵਰਤੋਂ ਵਿੱਚ ਆਉਣ ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਖੁਰਾਕੀ ਮਹਤੱਤਾ ਬਾਰੇ, ਡਾ. ਸੋਨਿਕਾ ਸ਼ਰਮਾ ਨੇ ਖੁੰਬਾਂ ਤੋਂ ਤਿਆਰ ਕੀਤੇ ਜਾਣ ਵਾਲੇ ਵੰਨ-ਸਵੰਨੇ ਪੋਸ਼ਟਿਕ ਆਹਾਰਾਂ ਬਾਰੇ, ਡਾ. ਨਵਜੋਤ ਕੌਰ ਗਿੱਲ ਨੇ ਚੁਕੰਦਰ ਪਾਊਡਰ ਦਾ ਆਹਾਰ ਵਿੱਚ ਕੁਦਰਤੀ ਰੰਗ ਵਜੋਂ ਇਸਤੇਮਾਲ ਕਰਨਾ ਅਤੇ ਇਸਦੇ ਖੁਰਾਕੀ ਤੱਤਾਂ ਨਾਲ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਅ ਲਈ ਮਜ਼ਬੂਤ ਬਨਾਉਣਾ,

ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਕਿਰਨ ਗਰੋਵਰ ਨੇ ਕਾਲੀਆਂ ਗਾਜਰਾਂ ਤੋਂ ਬਨਣ ਵਾਲੇ ਪੋਸ਼ਟਿਕ ਆਹਾਰ, ਕਾਂਜੀ, ਗਾਜਰ ਦੇ ਜੂਸ ਅਤੇ ਇਹਨਾਂ ਆਹਾਰਾਂ ਦੀ ਖੁਰਾਕੀ ਮਹਤੱਤਾ ਬਾਰੇ ਵਿਸ਼ਿਆਂ ਉਪਰ ਆਪਣੇ ਵਿਚਾਰ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਰੁਪਿੰਦਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।