ਅਚਾਨਕ ਲਗੀ ਅੱਗ ਨਾਲ ਪਿੰਡ ਸਕੋਹਾ ਵਿੱਖੇ ਚਾਰ ਏਕੜ ਕਣਕ ਦੀ ਫਸਲ ਤਬਾਹ
ਇਲਾਕੇ ਵਿੱਚ ਬਿਜਲੀ ਸਪਲਾਈ ਤਾਂ ਬਿਲਕੁਲ ਬੰਦ ਸੀ ਤੇ ਖੇਤਾਂ ਵਿੱਚ ਫਸਲ ਦੀ ਕਟਾਈ ਨੂੰ ਲੈਕੇ ਕੰਬਾਇਨ ਚੱਲ ਰਹੀ ਸੀ
ਨਾਭਾ 18 ਅਪ੍ਰੈਲ (ਬਲਵੰਤ ਹਿਆਣਾ) : ਨਾਭਾ ਨੇੜਲੇ ਪਿੰਡ ਸਕੋਹਾ ਵਿੱਖੇ ਦੋ ਕਿਸਾਨਾਂ ਦੇ ਖੇਤਾਂ ਵਿੱਚ ਅੱਜ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਜਾਣ ਕਾਰਨ ਕਰੀਬ ਚਾਰ ਏਕੜ ਦੀ ਖੜੀ ਤੇ ਪੱਕ ਕੇ ਤਿਆਰ ਫ਼ਸਲ ਸੜ ਕੇ ਸੁਆਹ ਹੋ ਗਈ | ਹਾਲਾਂਕਿ ਇਲਾਕੇ ਵਿੱਚ ਬਿਜਲੀ ਸਪਲਾਈ ਤਾਂ ਬਿਲਕੁਲ ਬੰਦ ਸੀ ਤੇ ਖੇਤਾਂ ਵਿੱਚ ਫਸਲ ਦੀ ਕਟਾਈ ਨੂੰ ਲੈਕੇ ਕੰਬਾਇਨ ਚੱਲ ਰਹੀ ਸੀ | ਜਿਸ ਤੋਂ ਕੋਈ ਚਿੰਗਾਰੀ ਨਿਕਲ ਗਈ ਤੇ ਉਸ ਚਿੰਗਾਰੀ ਨੇ ਅੱਗ ਦਾ ਰੂਪ ਧਾਰ ਲਿਆ ਜਿਸ ਨਾਲ ਪ੍ਰੀਤਮ ਸਿੰਘ ਤੇ ਅਮਰੀਕ ਸਿੰਘ ਦੀ ਚਾਰ ਏਕੜ ਵਿੱਚ ਖੜੀ ਕਣਕ ਦੀ ਫ਼ਸਲ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ | ਅੱਗ ਲਗਦੇ ਹੀ ਮੌਕੇ ਤੇ ਕਿਸਾਨ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਤੇ ਕੁੱਝ ਹੀ ਘੰਟਿਆਂ ਦੀ ਜਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ ਤੇ ਅਗਲੇ ਖੇਤਾਂ ਤੱਕ ਫੈਲਣ ਤੋਂ ਰੋਕ ਲਿਆ.ਸੂਚਨਾ ਤੋਂ ਬਾਅਦ ਮੌਕੇ ਤੇ ਫਾਈਰ ਬ੍ਰਿਗੇਡ ਦੀ ਗੱਡੀ ਪਹੁੰਚੀ ਲੇਕਿਨ ਤਦ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ | ਪੀੜਿਤ ਕਿਸਾਨਾਂ ਸਰਕਾਰ ਤੋਂ ਨੁਕਸਾਨ ਦੀ ਮੁਆਵਜੇ ਦੀ ਮੰਗ ਕੀਤੀ ਹੈ।
ਪੀੜਿਤ ਕਿਸਾਨਾਂ ਪ੍ਰੀਤਮ ਸਿੰਘ ਤੇ ਸੱਜਣ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਤਾਂ ਬੰਦ ਸੀ ਲੇਕਿਨ ਕੰਬਾਇਨ ਚਲ ਰਹੀ ਸੀ | ਜਿਸਦੀ ਕਿਸੇ ਚਿੰਗਾਰੀ ਨੇ ਅੱਗ ਫੜ ਲਈ ਤੇ ਜਿਸਨੇ ਚਾਰ ਏਕੜ ਫਸਲ ਸੜ ਕੇ ਸੁਆਹ ਹੋ ਗਈ ਹੈ,ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੁਕਸਾਨ ਦਾ ਆਕਲਨ ਕਰਕੇ ਮੁਆਵਜਾ ਦਿੱਤਾ ਜਾਵੇ। ਇਸੇ ਤਰਾਂ ਵਾਪਰੀ ਦੂਜੀ ਘਟਨਾ ਮੁਤਾਬਿਕ ਪਿੰਡ ਪਾਲਿਆ ਖੁਰਦ ਵਿਖੇ ਅੱਗ ਲਗ ਜਾਣ ਨਾਲ ਢਾਈ ਏਕੜ ਨਾੜ ਸੜ ਕੇ ਸੁਆਹ ਹੋ ਗਈ।