ਕਿਉਂ ਰੁਲ ਰਹੇ ਹਨ ਪੂਰੇ ਪੰਜਾਬ ਦੀਆਂ ਮੰਡੀਆਂ ’ਚ ਕਿਸਾਨ, ਮਜ਼ਦੂਰ ਤੇ ਆੜ੍ਹਤੀਏ, ਕੀ ਹੈ ਪੂਰਾ ਮਾਮਲਾ?

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਾਡੀ ਹੜਤਾਲ ਜਾਰੀ ਹੈ, ਖ਼ਤਮ ਨਹੀਂ ਕੀਤੀ: ਭਾਰਤ ਭੂਸ਼ਨ ਬਿੰਦਾ

Image: For representation purpose only.

 

ਸ੍ਰੀ ਮੁਕਤਸਰ ਸਾਹਿਬ: ਪੂਰੇ ਪੰਜਾਬ ਵਿਚ ਅੱਜ ਕਿਸਾਨ, ਆੜ੍ਹਤੀ ਤੇ ਮਜ਼ਦੂਰ ਰੁਲ ਰਹੇ ਹਨ। ਝੋਨੇ ਦੀ ਕਟਾਈ ਪੂਰੇ ਪੰਜਾਬ ਵਿਚ ਜ਼ੋਰਾਂ ’ਤੇ ਹੈ ਪਰ ਪੰਜਾਬ ਮੈਂਬਰ ਐਸੋਸੀਏਸ਼ਨ ਹੜਤਾਲ ’ਤੇ ਹੈ। ਦਾਣਾ ਮੰਡੀਆਂ ਵਿਚ ਆਇਆ ਝੋਨਾ ਸਰਕਾਰ ਦੀਆਂ ਏਜੰਸੀਆਂ ਖ਼ਰੀਦ ਕਰਦੀਆਂ ਹਨ ਤੇ ਤੁਲਣ ਉਪਰੰਤ ਇਹ ਝੋਨਾ ਸ਼ੈਲਰ ਵਾਲੇ ਚੁਕਦੇ ਹਨ ਪਰ ਸ਼ੈਲਰ ਯੂਨੀਅਨ ਨੇ ਮਤਾ ਪਾਸ ਕੀਤਾ ਹੈ ਕਿ ਕੋਈ ਵੀ ਸ਼ੈਲਰ 1 ਗੱਟਾ ਵੀ  ਝੋਨਾ ਅਪਣੇ ਸ਼ੈਲਰ ਵਿਚ ਨਹੀਂ ਲਗਾਵੇਗਾ।

ਕਾਰਨ ਕੀ ਹੈ? ਕਾਰਨ ਇਹ ਹੈ ਕਿ ਪਿਛਲੇ ਸਾਲ ਫੋਰਟੀਫ਼ਾਈਲ ਚਾਵਲ ਦੀ ਕੁਆਲਟੀ ਵਧੀਆ ਨਾ ਹੋਣ ਕਾਰਨ ਐਫ਼ਸੀਆਈ ਵਲੋਂ ਬਹੁਤ ਸਾਰੇ ਸ਼ੈਲਰਾਂ ਨੂੰ ਮੋਟੇ ਜੁਰਮਾਨੇ ਲਾਏ ਗਏ। ਹੁਣ ਸਵਾਲ ਉਠਦਾ ਹੈ ਕਿ ਫੋਰਟੀਫ਼ਾਈਲ ਚੌਲ ਕੀ ਹੈ? ਇਹ ਉਹ ਚਾਵਲ ਹੈ ਜਿਹੜਾ ਸਰਕਾਰ ਦੀਆਂ ਨਾਮਜ਼ਦ ਕੰਪਨੀਆਂ ਸ਼ੈਲਰ ਵਾਲਿਆਂ ਨੂੰ ਸਪਲਾਈ ਕਰਦੀਆਂ ਹਨ ਜਿਸ ਵਿਚ ਕਿਹਾ ਜਾਂਦਾ ਹੈ ਕਿ ਵੱਧ ਮਾਤਰਾ ਵਿਚ ਖ਼ੁਰਾਕੀ ਤੱਦ ਹੁੰਦੇ ਹਨ ਜੋ ਸ਼ੈਲਰ ਵਲੋਂ ਕੱਢੇ ਚਾਵਲਾਂ ਵਿਚ ਮਿਕਸ ਕੀਤਾ ਜਾਂਦਾ ਹੈ। ਸ਼ੈਲਰ ਵਾਲਿਆਂ ਦਾ ਪੱਖ ਹੈ ਕਿ ਜੇਕਰ ਫੋਰਟੀਫ਼ਾਈਲ ਚਾਵਲ ਦੀ ਕੁਆਲਟੀ ਮਾੜੀ ਹੈ ਤਾਂ ਸਰਕਾਰ ਅਪਣੀਆਂ ਨਾਮਜ਼ਦ ਕੰਪਨੀਆਂ ’ਤੇ ਕਾਰਵਾਈ ਕਰੇ ਨਾ ਕਿ ਸ਼ੈਲਰ ਮਾਲਕਾਂ ’ਤੇ।

ਸ਼ੈਲਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਕੇਵਲ ਕੰਪਨੀ ਤੋਂ ਫ਼ੋਰਟੀਫ਼ਾਈਡ ਚਾਵਲ ਲੈ ਕੇ ਅਪਣੇ ਚਾਵਲ ਵਿਚ ਦਸੀ ਗਈ ਮਾਤਰਾ ਵਿਚ ਮਿਕਸ ਕਰਦੇ ਹਨ। ਇਸ ਵਿਚ ਸਾਡਾ ਕੀ ਕਸੂਰ ਹੈ? ਪੰਜਾਬ ਦੇ ਖ਼ੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਬਿਆਨ ਦਿਤਾ ਹੈ ਕਿ ਰਾਈਸ ਮਿਲਰਜ਼ ਦੀਆਂ ਮੰਗਾਂ ਜਾਇਜ਼ ਹਨ। ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਦੋਹਾਂ ਧਿਰਾਂ ਦੇ ਝਗੜੇ ਵਿਚ ਪਿਸ ਰਿਹਾ ਹੈ ਪੰਜਾਬ ਦਾ ਕਿਸਾਨ, ਮਜ਼ਬੂਰ ਤੇ ਆੜ੍ਹਤੀਆਂ। 10-10 ਦਿਨ ਹੋ ਗਏ ਕਿਸਾਨਾਂ ਨੂੰ ਮੰਡੀ ਵਿਚ ਬੈਠਿਆਂ ਨੂੰ ਅਤੇ ਉਪਰੋਂ ਮੌਸਮ ਦਾ ਕਹਿਰ ਵੀ ਜਾਰੀ ਹੈ। ਮੀਂਹ ਕਾਰਨ ਝੋਨਾ ਖ਼ਰਾਬ ਹੋ ਰਿਹਾ ਹੈ।

ਅੱਜ 18 ਅਕਤੂਬਰ ਹੋ ਗਈ ਹੈ ਅਤੇ ਝੋਨਾ ਨਹੀਂ ਚੁਕਿਆ ਜਾ ਰਿਹਾ ਤਾਂ ਆੜ੍ਹਤੀਆਂ ਐਸੋਸੀਏਸ਼ਨ ਨੇ ਵੀ ਫ਼ੈਸਲਾ ਕੀਤਾ ਹੈ ਕਿ ਪਹਿਲਾਂ ਜੋ ਝੋਨਾ ਭਰਿਆ ਪਿਆ ਹੈ, ਉਹ ਚੁਕਿਆ ਜਾਵੇਗਾ ਤਾਂ ਹੋਰ ਝੋਨਾ ਆੜ੍ਹਤੀਏ ਬਾਅਦ ਵਿਚ ਤੋਲਣਗੇ ਕਿਉਂਕਿ ਜੇ ਝੋਨਾ ਚੁਕਿਆ ਨਹੀਂ ਜਾ ਰਿਹਾ ਤਾਂ ਕਲ ਨੂੰ ਸ਼ੈਲਰ ਵਾਲੇ ਨਾਲ ਕੁਆਲਿਟੀ ਸਬੰਧੀ ਕਲੇਸ਼ ਪੈਦਾ ਹੁੰਦਾ ਹੈ। ਆੜ੍ਹਤੀਏ ਵੀ ਮਜਬੂਰ ਹਨ। ਜਦੋਂ ਝੋਨਾ ਤੁਲ ਨਹੀਂ ਰਿਹਾ ਤਾਂ ਅਦਾਇਗੀ ਕਿਵੇਂ ਹੋਵੇਗੀ? ਹਾਲਾਤ ਦਿਨੋਂ ਦਿਨ ਬਦਤਰ ਹੁੰਦੇ ਜਾ ਰਹੇ ਹਨ। ਇਕ ਪਿੰਡ ਦੇ ਕਿਸਾਨ ਸਾਹਿਬ ਸਿੰਘ ਨੇ ਦਸਿਆ ਕਿ ਉਸ ਨੂੰ 1 ਹਫ਼ਤਾ ਹੋ ਗਿਆ ਹੈ ਮੰਡੀ ਵਿਚ ਬੈਠਿਆਂ ਨੂੰ ਉਸ ਨੇ ਸਰਕਾਰ ’ਤੇ ਗਿਲਾ ਕਰਦਿਆਂ ਕਿਹਾ ਕਿ 6 ਮਹੀਨੇ ਦੀ ਸਖ਼ਤ ਮੁਸ਼ਕਤ ਤੋਂ ਬਾਅਦ ਮਸਾਂ ਫ਼ਸਲ ਆਉਂਦੀ ਹੈ। ਪਰ ਜਦੋਂ ਮੰਡੀਆਂ ਵਿਚ ਫ਼ਸਲ ਦੀ ਇਹ ਦੁਰਦਸ਼ਾ ਹੁੰਦੀ ਹੈ ਤਾਂ ਮਨ ਰੋਂਦਾ ਹੈ। ਕੇਂਦਰ ਸਰਕਾਰ ਜਲਦ ਤੋਂ ਜਲਦ ਮਸਲੇ ਦਾ ਹੱਲ ਕਰੇ।

ਇਸ ਸਬੰਧੀ ਜਦੋਂ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਦਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਹੜਤਾਲ ਜਾਰੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਮੁੱਖ ਮਤਰੀ ਭਗਵੰਤ ਮਾਨ ਪ੍ਰਤੀ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਾਡਾ ਪੱਖ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਨਹੀਂ ਰੱਖ ਰਹੇ। ਫ਼ੋਰਟੀਫ਼ਾਈਲ ਚਾਵਲ ਦੀ ਕੁਆਲਿਟੀ ਸਬੰਧੀ ਸਾਡਾ ਕੋਈ ਹੱਲ ਹੀ ਨਹੀਂ  ਹੈ ਤਾਂ ਫਿਰ ਸਾਨੂੰ ਜੁਰਮਾਨਾ ਕਿਉਂ? ਖ਼ਰਾਬ ਮੌਸਮ ਮਾਰਨ ਮੰਡੀਆਂ ਵਿਚ ਝੋਨਾ ਭਿੱਜ ਰਿਹਾ ਹੈ, ਖ਼ਰਾਬ ਹੋ ਰਿਹਾ ਹੈ। ਆਖ਼ਰਕਾਰ ਸਾਡੇ ਸ਼ੈਲਰਾਂ ਵਿਚ ਹੀ ਆਉਣਾ ਹੈ ਅਤੇ ਸਾਡਾ ਵੀ ਨੁਕਸਾਨ ਹੋ ਰਿਹਾ ਹੈ। ਪਰ ਅਸੀ ਮਜਬੂਰ ਹਾਂ। ਕੱਚਾ ਆੜ੍ਹਤੀਆ ਐਸੋਸੀਏਸ਼ਨ ਮੁਕਤਸਰ ਦੇ ਪ੍ਰਧਾਨ ਅਤੇ ਆਪ ਆਗੂ ਮਨਜਿੰਦਰ ਸਿੰਘ ਨੇ ਦਸਿਆ ਕਿ ਇਸ ਸਾਰੇ ਘਟਨਾਕ੍ਰਮ ਵਿਚ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਏ ਵੀ ਬਹੁਤ ਦੁਖੀ ਹਨ। ਅੱਗੇ ਇਨ੍ਹਾਂ ਦਿਨਾਂ ਵਿਚ ਸਾਡੇ ਕੋਲ ਖੁਲ੍ਹਾ ਪੈਸਾ ਆ ਜਾਂਦਾ ਸੀ ਪਰ ਇਸ ਵਾਰ ਬਹੁਤ ਮੁਸ਼ਕਲ ਬਣ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਮਸਲੇ ਦਾ ਹੱਲ ਕੀਤਾ ਜਾਵੇ।