Punjab Rice Production: ਹੜ੍ਹਾਂ ਦੇ ਬਾਵਜੂਦ ਪੰਜਾਬ 'ਚ ਝੋਨੇ ਦੀ ਭਰਪੂਰ ਪੈਦਾਵਾਰ; ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ’ਚ ਖੁਲਾਸਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਥੋੜ੍ਹੀ ਮਿਆਦ ਦੀਆਂ ਕਿਸਮਾਂ ਨੇ ਕਿਸਾਨਾਂ ਨੂੰ ਆਰਥਿਕ ਤਬਾਹੀ ਤੋਂ ਬਚਾਇਆ: ਖੇਤੀਬਾੜੀ ਮਾਹਰ

Punjab sees bumper rice Production despite floods (File Image)

Punjab Rice Production: ਸਾਉਣੀ ਸੀਜ਼ਨ 2023-24 ਦੌਰਾਨ ਜੁਲਾਈ ਅਤੇ ਅਗਸਤ ’ਚ ਹੜ੍ਹਾਂ ਦੀ ਮਾਰ ਦੇ ਬਾਵਜੂਦ, ਪੰਜਾਬ ਵਿਚ ਝੋਨੇ ਅਤੇ ਬਾਸਮਤੀ ਦੀ ਭਰਪੂਰ ਪੈਦਾਵਾਰ ਦਰਜ ਕੀਤੀ ਗਈ ਹੈ। ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਅਨੁਸਾਰ ਹੁਣ ਤਕ ਦੋਵਾਂ ਕਿਸਮਾਂ ਦੇ ਚੌਲਾਂ ਦਾ ਉਤਪਾਦਨ 212.31 ਲੱਖ ਟਨ ਰਿਹਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 3% ਵੱਧ ਹੈ। 2022-23 ਵਿਚ ਬਾਸਮਤੀ ਅਤੇ ਗੈਰ-ਬਾਸਮਤੀ ਦਾ ਕੁੱਲ ਉਤਪਾਦਨ 206.28 ਲੱਖ ਟਨ ਦਰਜ ਕੀਤਾ ਗਿਆ ਸੀ।

ਸਰਕਾਰੀ ਏਜੰਸੀਆਂ ਵਲੋਂ ਵਾਂਝੇ ਵਰਗਾਂ ਨੂੰ ਮੁਫਤ ਵੰਡਣ ਲਈ ਗੈਰ-ਬਾਸਮਤੀ ਦੀ ਖਰੀਦ ਨਵੰਬਰ ਵਿਚ ਖਤਮ ਹੋ ਗਈ। ਬਾਸਮਤੀ ਦੀਆਂ ਖੁਸ਼ਬੂਦਾਰ ਕਿਸਮਾਂ ਪ੍ਰਾਈਵੇਟ ਕੰਪਨੀਆਂ ਵਲੋਂ ਖਰੀਦੀਆਂ ਜਾਂਦੀਆਂ ਹਨ। ਮੀਡੀਆ ਰੀਪੋਰਟ ਮੁਤਾਬਕ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਖੇਤੀ ਮਾਹਰ ਘੱਟ ਮਿਆਦ ਵਾਲੀਆਂ ਕਿਸਮਾਂ ਦੀ ਵਰਤੋਂ ਅਤੇ ਬਾਸਮਤੀ ਹੇਠ ਵਧੇ ਹੋਏ ਰਕਬੇ ਨੂੰ ਹੜ੍ਹਾਂ ਦੇ ਬਾਵਜੂਦ ਵੱਧ ਉਤਪਾਦਨ ਦਾ ਕਾਰਨ ਦੱਸਦੇ ਹਨ।

ਸਰਕਾਰੀ ਅੰਕੜਿਆਂ ਮੁਤਾਬਕ 19 ਜਨਵਰੀ ਤਕ ਸੂਬੇ ਭਰ ਦੀਆਂ ਵੱਖ-ਵੱਖ ਮੰਡੀਆਂ 'ਚ ਬਾਸਮਤੀ ਚੌਲਾਂ ਦੀ ਆਮਦ 26.45 ਲੱਖ ਟਨ ਦਰਜ ਕੀਤੀ ਗਈ। ਇਹ 2022-23 ਦੇ ਸੀਜ਼ਨ ਨਾਲੋਂ 13% ਵੱਧ ਸੀ, ਜਦੋਂ ਪੰਜਾਬ ਨੇ ਕੁੱਲ 23.32 ਲੱਖ ਟਨ ਕਣਕ ਦੀ ਆਮਦ ਦਰਜ ਕੀਤੀ ਸੀ। ਸਾਲ 2022-23 ਦੇ ਸਾਉਣੀ ਸੀਜ਼ਨ ਵਿਚ ਪੰਜਾਬ ਦਾ ਗੈਰ-ਬਾਸਮਤੀ ਉਤਪਾਦਨ 182.96 ਲੱਖ ਟਨ ਸੀ ਜੋ 2023-24 ਵਿਚ ਵਧ ਕੇ 185.86 ਲੱਖ ਟਨ ਹੋ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਸਲ ਦੀ ਬਿਜਾਈ ਤੋਂ ਤੁਰੰਤ ਬਾਅਦ ਸੂਬੇ ਵਿਚ ਹੜ੍ਹ ਆਉਣ ਦੇ ਬਾਵਜੂਦ ਚੌਲਾਂ ਦੇ ਉਤਪਾਦਨ ਵਿਚ ਵਾਧਾ ਹੋਇਆ ਹੈ। ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਆਏ ਹੜ੍ਹਾਂ ਨੇ ਪਟਿਆਲਾ, ਸੰਗਰੂਰ, ਰੂਪਨਗਰ, ਜਲੰਧਰ, ਫ਼ਿਰੋਜ਼ਪੁਰ ਅਤੇ ਫ਼ਤਹਿਗੜ੍ਹ ਸਾਹਿਬ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਸੀ, ਜਿਸ ਕਾਰਨ ਲਗਭਗ 85,000 ਹੈਕਟੇਅਰ ਰਕਬੇ ਵਿਚ ਫ਼ਸਲ ਦਾ ਨੁਕਸਾਨ ਹੋਇਆ ਸੀ।

ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਖੋਜ (ਫਸਲ ਸੁਧਾਰ) ਦੇ ਵਧੀਕ ਡਾਇਰੈਕਟਰ ਜੀ.ਐਸ. ਮਾਂਗਟ ਨੇ ਕਿਹਾ ਕਿ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਦੁਬਾਰਾ ਬਿਜਾਈ ਕਰਨੀ ਪਈ ਕਿਉਂਕਿ ਉਤਪਾਦਕਾਂ ਨੇ ਥੋੜ੍ਹੇ ਸਮੇਂ ਲਈ ਝੋਨੇ ਦੀ ਕਿਸਮ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਵਰਤੋਂ ਕੀਤੀ ਜਿਸ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਇਆ। ਉਨ੍ਹਾਂ ਅੱਗੇ ਕਿਹਾ, “ਇਸ ਵਾਰ, ਝਾੜ ਵਧੇਰੇ ਸੀ ਕਿਉਂਕਿ ਕਿਸਾਨਾਂ ਨੇ ਅਜਿਹੀਆਂ ਕਿਸਮਾਂ ਵੱਲ ਰੁਖ ਕੀਤਾ ਜਿਨ੍ਹਾਂ ਵਿਚ ਲਗਭਗ ਇਕ ਮਹੀਨਾ ਘੱਟ ਸਮਾਂ ਲੱਗਦਾ ਹੈ। ਸਾਲ 2023-24 ਵਿਚ ਬਾਸਮਤੀ ਹੇਠ ਰਕਬਾ ਵਧਾ ਕੇ 6 ਲੱਖ ਹੈਕਟੇਅਰ ਕਰ ਦਿਤਾ ਗਿਆ ਜੋ ਪਿਛਲੇ ਸੀਜ਼ਨ ਨਾਲੋਂ ਲਗਭਗ ਇਕ ਲੱਖ ਹੈਕਟੇਅਰ ਵੱਧ ਹੈ”।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਖੇਤੀਬਾੜੀ ਵਿਗਿਆਨੀ ਐਮ.ਐਸ. ਭੁੱਲਰ ਨੇ ਕਿਹਾ ਕਿ ਥੋੜ੍ਹੀ ਮਿਆਦ ਦੀਆਂ ਕਿਸਮਾਂ ਨੇ ਕਿਸਾਨਾਂ ਨੂੰ ਆਰਥਿਕ ਤਬਾਹੀ ਤੋਂ ਬਚਾਇਆ ਅਤੇ ਕੁਦਰਤੀ ਆਫ਼ਤ ਤੋਂ ਗੰਭੀਰ ਚੁਣੌਤੀ ਦੇ ਵਿਚਕਾਰ ਕੇਂਦਰੀ ਪੂਲ ਵਿਚ ਝੋਨੇ ਦੀ ਨਿਰਧਾਰਤ ਮਾਤਰਾ ਦੀ ਸਪਲਾਈ ਕਰਨ ਅਤੇ ਮਾਲੀਆ ਪੈਦਾ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਸੂਬੇ ਦੀ ਸਹਾਇਤਾ ਕੀਤੀ ਹੈ।

 (For more Punjabi news apart from Punjab sees bumper rice Production despite floods, stay tuned to Rozana Spokesman)