ਗੰਨਾ ਸੰਘਰਸ਼ ਕਮੇਟੀ ਨੇ ਗੰਨੇ ਦੇ ਬਕਾਏ ਨੂੰ ਲੈ ਕੇ ਅਣਮਿਥੇ ਸਮੇਂ ਲਈ ਮੁੱਖ ਮਾਰਗ 'ਤੇ ਲਾਇਆ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੰਡ ਮਿੱਲ ਧੂਰੀ ਵਲੋਂ ਲੱਗਪਗ 50 ਕਰੋੜ ਦੀ ਬਕਾਇਆ ਰਹਿੰਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ਗੰਨਾ ਸੰਘਰਸ਼ ਕਮੇਟੀ ਵੱਲੋਂ........

Addressing a dharna, Sukhpal Singh Khaira

ਧੂਰੀ : ਖੰਡ ਮਿੱਲ ਧੂਰੀ ਵਲੋਂ ਲੱਗਪਗ 50 ਕਰੋੜ ਦੀ ਬਕਾਇਆ ਰਹਿੰਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ਗੰਨਾ ਸੰਘਰਸ਼ ਕਮੇਟੀ ਵੱਲੋਂ ਸਥਾਨਕ ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਬੱਬਨਪੁਰ ਦੀ ਨਹਿਰ ਵਾਲੇ ਪੁਲ ਉੱਪਰ ਅੱਜ ਸਵੇਰੇ ਧਰਨਾ ਲਾ ਕੇ ਅਣਮਿਥੇ ਸਮੇਂ ਲਈ ਆਵਾਜਾਈ ਠੱਪ ਕਰ ਦਿਤੀ ਗਈ।  ਧਰਨੇ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕੋਈ ਵੀ ਠੋਸ ਕਦਮ ਚੁੱਕਣ 'ਚ ਫ਼ੇਲ੍ਹ ਸਾਬਤ ਹੋਈ ਹੈ

ਅਤੇ ਅੱਜ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਕਮ ਲੈਣ ਲਈ ਸੜਕਾਂ 'ਤੇ ਉੱਤਰਨਾ ਪੈ ਰਿਹਾ ਹੈ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਕਿਉਂਕਿ ਪੰਜਾਬ ਦੀਆਂ ਸਾਰੀਆਂ ਨਿੱਜੀ ਖੰਡ ਮਿੱਲਾਂ ਵੱਡੇ ਸਿਆਸੀ ਲੀਡਰਾਂ ਅਤੇ ਧਨਾਢਾਂ ਨਾਲ ਸੰਬੰਧਿਤ ਹਨ। ਇਸ ਲਈ ਪੰਜਾਬ ਸਰਕਾਰ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਨਾ ਕਰ ਕੇ ਪੰਜਾਬ ਦੇ ਕਿਸਾਨਾਂ ਦੀ ਬਕਾਇਆ ਰਾਸ਼ੀ ਦਿਵਾਉਣ ਲਈ ਯਤਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸੰਬੰਧਿਤ ਵਿਧਾਇਕਾਂ ਵਲੋਂ ਇਹ ਮਾਮਲਾ ਵਿਧਾਨ ਸਭਾ 'ਚ ਚੱਲ ਰਹੇ ਸੈਸ਼ਨ ਵਿਚ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ 1 ਫ਼ੀ ਸਦੀ ਲੋਕਾਂ ਕੋਲ ਦੇਸ਼ ਦਾ 73 ਫ਼ੀ ਸਦੀ ਧਨ ਹੈ

ਅਤੇ ਇਹੀ 1 ਫ਼ੀ ਸਦੀ ਲੋਕਾਂ ਦਾ ਦੇਸ਼ ਦੇ ਵੱਡੇ ਕਾਰੋਬਾਰਾਂ 'ਤੇ ਕਬਜ਼ਾ ਹੈ ਅਤੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ।  ਉਨ੍ਹਾਂ ਪੱਤਰਕਾਰਾਂ ਵਲੋਂ ਬਜਟ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ 'ਚ ਪੇਸ਼ ਕੀਤਾ ਬਜਟ ਲੋਕਾਂ ਨੂੰ ਭੰਬਲਭੂਸੇ ਪਾਉਣ ਵਾਲਾ ਬਜਟ ਹੈ ਅਤੇ ਇਹ ਬਜਟ ਪੂਰੀ ਤਰ੍ਹਾਂ ਡਾਵਾਂ-ਡੋਲ ਬਜਟ ਹੈ। ਧਰਨੇ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਐੱਸ.ਜੀ.ਪੀ.ਸੀ ਦੇ ਅੰਤਰਿੰਗ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਆਪ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ,

ਲੋਕ ਇੰਨਸਾਫ ਪਾਰਟੀ ਦੇ ਜਸਵੰਤ ਸਿੰਘ ਗੱਜਣਮਾਜਰਾ, ਆਪ ਆਗੂ ਡਾ.ਅਨਵਰ ਭਸੌੜ, ਰਮਨਦੀਪ ਸਿੰਘ ਦਿਓਲ, ਗੂਰੀ ਮਾਨ, ਜੰਗਪਾਲ ਧਲੇਰ, ਅਮਰਦੀਪ ਸਿੰਘ ਧਾਂਦਰਾ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂਆਂ 'ਚ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਨਰੰਜਣ ਸਿੰਘ ਦੋਹਲਾ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਧਰਨੇ ਦੌਰਾਨ ਪ੍ਰਸ਼ਾਸਨ ਵਲੋਂ ਮੌਜੂਦ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਕਿਹਾ

ਕਿ ਧਰਨਾਕਾਰੀਆਂ ਦੀਆਂ ਮੰਗਾਂ ਸੰਬੰਧੀ ਮਿੱਲ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਜਲਦ ਹੀ ਮਾਮਲੇ ਦਾ ਠੋਸ ਹੱਲ ਕੀਤਾ ਜਾਵੇਗਾ। ਐੱਸ.ਐੱਚ.ਓ ਗੁਰਭਜਨ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਆਵਾਜਾਈ ਨਿਰਵਿਘਨ ਚਲਾਉਣ ਲਈ ਪੁਲਿਸ ਵਲੋਂ ਬਦਲਵੇਂ ਰਸਤਿਆਂ ਰਾਹੀਂ ਟਰੈਫ਼ਿਕ ਨੂੰ ਕੱਢਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।