ਕਣਕ-ਝੋਨੇ ਨੂੰ ਛੱਡ ਤੇਲ ਬੀਜਾਂ ਵਲ ਮੁੜੇ ਕਿਸਾਨ, ਸਰ੍ਹੋਂ ਦੀ ਕਾਸ਼ਤ 3 ਹਜ਼ਾਰ ਏਕੜ ਤਕ ਪਹੁੰਚੀ
ਜ਼ਿਲ੍ਹੇ ’ਚ 1 ਹਜ਼ਾਰ ਕਿਸਾਨਾਂ ਨੂੰ 27.5 ਕੁਇੰਟਲ ਬੀਜ ਮੁਫ਼ਤ ਵੰਡਿਆ
ਐਸ. ਏ. ਐਸ ਨਗਰ : ਰਵਾਇਤੀ ਫ਼ਸਲ ਚੱਕਰ ਤੋਂ ਬਾਹਰ ਨਿਕਲਣ ਲਈ ਹੁਣ ਮੋਹਾਲੀ ਜ਼ਿਲ੍ਹੇ ਦੇ ਕਿਸਾਨ ਹੌਲੀ-ਹੌਲੀ ਤੇਲ ਬੀਜ ਵਾਲੀਆਂ ਫ਼ਸਲਾਂ ਵੱਲ ਰੁਝਾਨ ਵਧਾ ਰਹੇ ਹਨ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਯੋਜਨਾ ਦੇ ਪ੍ਰਭਾਵ ਹੇਠ ਜ਼ਿਲ੍ਹੇ ’ਚ ਸਰ੍ਹੋਂ ਦੀ ਕਾਸ਼ਤ ’ਚ ਖ਼ਾਸਾ ਵਾਧਾ ਦਰਜ ਕੀਤਾ ਗਿਆ ਹੈ।
ਅਧਿਕਾਰਕ ਅੰਕੜਿਆਂ ਮੁਤਾਬਕ ਸਾਲ 2024-25 ਦੌਰਾਨ ਜਿੱਥੇ ਇਹ ਕਾਸ਼ਤ 2428 ਏਕੜ ’ਚ ਸੀ, ਉੱਥੇ 2025-26 ’ਚ ਇਹ ਰਕਬਾ ਵੱਧ ਕੇ ਕਰੀਬ 3000 ਏਕੜ ਤਕ ਪਹੁੰਚ ਗਿਆ ਹੈ। ਇਹ ਵਾਧਾ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਪ੍ਰੋਤਸਾਹਨ ਨੀਤੀਆਂ ਦਾ ਸਿੱਧਾ ਨਤੀਜਾ ਮੰਨਿਆ ਜਾ ਰਿਹਾ ਹੈ। ਜ਼ਿਲ੍ਹੇ ’ਚ ਕਰੀਬ 1000 ਕਿਸਾਨਾਂ ਨੂੰ 27.5 ਕੁਇੰਟਲ ਸਰੋਂ ਦਾ ਬੀਜ ਮੁਫ਼ਤ ਮੁਹੱਈਆ ਕਰਵਾਇਆ ਗਿਆ, ਜਦਕਿ 63 ਕਿਸਾਨਾਂ ਦੇ ਖੇਤਾਂ ’ਚ 52 ਹੈਕਟੇਅਰ ਰਕਬੇ ’ਤੇ ਪ੍ਰਦਰਸ਼ਨੀ ਪਲਾਟ ਲਗਾਏ ਗਏ। ਵਿਭਾਗੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਡੈਮੋ ਪਲਾਟ ਕਿਸਾਨਾਂ ਲਈ ਪ੍ਰੇਰਣਾ ਬਣ ਰਹੇ ਹਨ, ਜਿਸ ਨਾਲ ਉਹ ਨਵੀਆਂ ਫ਼ਸਲਾਂ ਵਲ ਆਕਰਸ਼ਿਤ ਹੋ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਤੇਲ ਕੱਢਣ ਵਾਲੀ ਮਸ਼ੀਨਰੀ ’ਤੇ 33 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ, ਜੋ ਵੱਧ ਤੋਂ ਵੱਧ 9.90 ਲੱਖ ਰੁਪਏ ਤਕ ਹੋ ਸਕਦੀ ਹੈ। ਇਹ ਸਹਾਇਤਾ ਜ਼ਿਲ੍ਹੇ ’ਚ ਕੰਮ ਕਰ ਰਹੀਆਂ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਹੈ, ਜਿਸ ਨਾਲ ਮੁੱਲ ਵਧਾਉਣ ਵਾਲੀਆਂ ਗਤੀਵਿਧੀਆਂ ਨੂੰ ਮਜ਼ਬੂਤੀ ਮਿਲ ਰਹੀ ਹੈ। ਸਿਰਫ਼ ਸਰੋਂ ਹੀ ਨਹੀਂ, ਮੂੰਗਫਲੀ ਦੀ ਕਾਸ਼ਤ ਨੂੰ ਵੀ ਪ੍ਰੋਤਸਾਹਿਤ ਕਰਨ ਲਈ ਵਿਭਾਗ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹੇ ’ਚ 115 ਏਕੜ ’ਚ ਗਿਰਨਾਰ-4 ਕਿਸਮ ਦੀ ਮੂੰਗਫਲੀ ਦੀ ਬਿਜਾਈ ਕਰਵਾਈ ਗਈ ਹੈ। ਪ੍ਰਦਰਸ਼ਨੀ ਪਲਾਟਾਂ ਰਾਹੀਂ ਕਿਸਾਨਾਂ ਨੂੰ ਇਸ ਫਸਲ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ। ਵਿਸ਼ੇਸ਼ਗਿਆਨਾਂ ਮੁਤਾਬਕ ਮੂੰਗਫਲੀ ਦਾ ਝਾੜ ਪ੍ਰਤੀ ਏਕੜ 13-15 ਕੁਇੰਟਲ ਤਕ ਹੁੰਦਾ ਹੈ ਅਤੇ ਇਸ ’ਚ ਕਰੀਬ 50 ਫੀਸਦੀ ਤੇਲ ਦੀ ਮਾਤਰਾ ਹੁੰਦੀ ਹੈ, ਜੋ ਇਸਨੂੰ ਆਰਥਿਕ ਤੌਰ ’ਤੇ ਲਾਭਕਾਰੀ ਬਣਾਉਂਦੀ ਹੈ।
ਖੇਤੀਬਾੜੀ ਅਫ਼ਸਰ ਸੁਖਜਿੰਦਰ ਸਿੰਘ ਬਾਜਵਾ ਡਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਨੇ ਆਉਣ ਵਾਲੇ ਖਰੀਫ਼ ਮੌਸਮ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੂੰਗਫਲੀ ਦੀ ਬਿਜਾਈ ਜੂਨ ਮਹੀਨੇ ’ਚ ਕੀਤੀ ਜਾਵੇਗੀ ਅਤੇ ਇਸ ਲਈ ਬੀਜ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਮੂੰਗਫਲੀ ਦੀ ਕਾਸ਼ਤ ਕਰਨ ’ਚ ਦਿਲਚਸਪੀ ਰੱਖਦੇ ਹਨ, ਉਹ ਆਪਣੇ ਨਜ਼ਦੀਕੀ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਬੀਜ ਪ੍ਰਾਪਤ ਕੀਤਾ ਜਾ ਸਕੇ। ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਜ਼ਿਲ੍ਹੇ ’ਚ ਫਸਲਾਂ ਦੀ ਭਿੰਨਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਦੀ ਆਮਦਨ ’ਚ ਵੀ ਵਾਧਾ ਹੋਵੇਗਾ।