ਪਾਵਰਕੌਮ ਵਲੋਂ ਕਿਸਾਨਾਂ ਨੂੰ ਦਿਤੀ ਜਾਵੇਗੀ 8 ਘੰਟੇ ਬਿਜਲੀ
ਸਰਕਾਰ ਵਲੋਂ ਝੋਨੇ ਦੀ ਲਵਾਈ ਦੀ ਤਰੀਖ ਨਿਰਧਾਰਿਤ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੇ 10 ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੋਈ
ਸਰਕਾਰ ਵਲੋਂ ਝੋਨੇ ਦੀ ਲਵਾਈ ਦੀ ਤਰੀਖ ਨਿਰਧਾਰਿਤ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੇ 10 ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੋਈ ਹੈ ਪਰ ਅੱਜ ਤੋਂ ਸਰਕਾਰੀ ਤੌਰ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਝੋਨੇ ਦੀ ਲੋੜ ਨੂੰ ਦੇਖਦੇ ਹੋਏ ਪਾਵਰਕੌਮ ਵੱਲੋਂ ਖੇਤੀ ਸੈਕਟਰ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿਤੀ ਗਈ ਹੈ। ਪਾਵਰਕੌਮ ਵੱਲੋਂ ਖੇਤੀ ਸਪਲਾਈ ਲਈ ਦਿਨ ਤੇ ਰਾਤ ਦੇ ਤਿੰਨ ਗਰੁੱਪ ਬਣਾਏ ਗਏ ਹਨ।
ਪਹਿਲੇ ਗਰੁੱਪ ਨੂੰ ਅੱਧੀ ਰਾਤ ਬਾਰ੍ਹਾਂ ਵਜੇ ਤੋਂ ਤੁਰੰਤ ਬਾਅਦ ਅੱਠ ਘੰਟੇ ਵਾਲੀ ਬਿਜਲੀ ਸ਼ੁਰੂ ਹੋ ਜਾਵੇਗੀ। ਬਿਜਲੀ ਪੂਰਤੀ ਨੂੰ ਪ੍ਰਬੰਧਾਂ ਨੂੰ ਨੇਪਰੇ ਚਾੜਨ ਲਈ ਪਾਵਰਕੌਮ ਨੇ ਅਪਣੇ ਬੰਦ ਥਰਮਲਾਂ ਵਿਚੋਂ ਚਾਰ ਯੂਨਿਟ ਭਖ਼ਾ ਦਿਤੇ ਹਨ। ਇਸਤੋਂ ਇਲਾਵਾ ਪਾਵਰਕੌਮ ਨੇ ਕੌਮਾਂਤਰੀ ਬਾਰਡਰ ਜ਼ੋਨ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਦਿਨ ਵੇਲੇ ਅੱਠ ਘੰਟੇ ਬਿਜਲੀ ਦੇਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।
ਬਾਰਿਸ਼ ਪੈਣ ਕਰਕੇ ਕਿਸਾਨਾਂ ਨੇ ਸਰਕਾਰ ਵਲੋਂ ਨਿਰਧਾਰਿਤ ਕੀਤੀ ਗਈ ਤਾਰੀਖ ਤੋਂ ਪਹਿਲਾਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿਤਾ ਸੀ | ਪਰ ਪੰਜਾਬ ਸਰਕਾਰ ਦੇ ਫ਼ੈਸਲੇ ਤਹਿਤ ਪਾਵਰਕੌਮ ਵੱਲੋਂ 20 ਜੂਨ ਤੋਂ ਖੇਤੀਬਾੜੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਅਜਿਹੇ ਵਿਚ ਪਾਵਰਕੌਮ ਮੈਨੇਜਮੈਂਟ ਵੱਲੋਂ ਅੱਜ ਤੋਂ ਹੀ ਆਪਣੇ ਥਰਮਲਾਂ ਨੂੰ ਭਖ਼ਾਇਆ ਗਿਆ ਹੈ।
ਪਾਵਰਕੌਮ ਨੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੇ ਮਕਸਦ ਨਾਲ ਰੋਪੜ ਤੇ ਲਹਿਰਾ ਮੁਹੱਬਤ ਦੇ ਦੋ ਦੋ ਯੂਨਿਟ ਕੱਲ੍ਹ ਭਖ਼ਾ ਦਿਤੇ ਸਨ, ਜਦਕਿ ਬਿਜਲੀ ਦੀ ਲੋੜ ਮੁਤਾਬਕ ਹੋਰ ਯੂਨਿਟ ਭਖ਼ਾਉਣ ਦੀ ਵੀ ਤਿਆਰੀ ਕਰ ਲਈ ਹੈ। ਮੈਨੇਜਮੈਂਟ ਨੇ ਅਪਣੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਹੈੱਡਕੁਆਰਟਰਜ਼ ’ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।