ਯੂਪੀ ਦੇ 850 ਤੋਂ ਵੱਧ ਕਿਸਾਨਾਂ ਦਾ ਕਰਜ਼ ਚੁਕਾਉਣਗੇ ਅਮਿਤਾਬ ਬੱਚਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅਪਣੇ ਬਲਾਗ ਤੇ ਸਦੀ ਦੇ ਇਸ ਮਹਾਨ ਅਦਾਕਾਰ ਨੇ ਲਿਖਿਆ ਕਿ ਉਤਰ ਪ੍ਰਦੇਸ਼ ਦੇ 850 ਕਿਸਾਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ

Amitabh Bachhan

ਮੁੰਬਈ, ( ਪੀਟੀਆਈ) : ਬਾਲੀਵੁੱਡ ਦੇ ਮਹਾਨ ਅਦਾਕਾਰ ਅਮਿਤਾਬ ਬੱਚਨ ਨੇ ਐਲਾਨ ਕੀਤਾ ਹੈ ਕਿ ਉਹ ਉਤਰ ਪ੍ਰਦੇਸ਼ ਦੇ 850 ਤੋਂ ਵੱਧ ਕਿਸਾਨਾਂ ਦਾ ਕਰਜ਼ ਚੁਕਾਉਣਗੇ। ਇਸ ਦੇ ਲਈ ਉਹ 5.5 ਕਰੋੜ ਰੁਪਏ ਖਰਚ ਕਰਨਗੇ। ਉਹ ਜਿਨ੍ਹਾਂ ਕਿਸਾਨਾਂ ਦੀ ਮਦਦ ਕਰਨਗੇ, ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। 76 ਸਾਲਾਂ ਅਮਿਤਾਬ ਬੱਚਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮਹਾਰਾਸ਼ਟਰਾ ਦੇ 350 ਕਿਸਾਨਾਂ ਦਾ ਕਰਜ਼ ਚੁਕਾਉਣ ਵਿਚ ਮਦਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ 350 ਤੋਂ ਵੱਧ ਕਿਸਾਨਾਂ ਨੂੰ ਅਪਣਾ ਕਰਜ਼ ਚੁਕਾਉਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ,

ਉਨ੍ਹਾਂ ਨੂੰ ਖੁਦਕੁਸ਼ੀ ਤੋਂ ਰੋਕਣ ਲਈ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਕਰਜ਼ ਚੁਕਾਇਆ ਗਿਆ ਹੈ। ਇਸ ਤੋਂ ਪਹਿਲਾਂ ਆਂਧਰਾ ਅਤੇ ਵਿਧਰਭ ਦੇ ਕਿਸਾਨਾਂ ਦਾ ਕਰਜ ਚੁਕਾਇਆ ਗਿਆ ਸੀ। ਹੁਣ ਉਤਰ ਪ੍ਰਦੇਸ਼ ਦੇ 850 ਤੋਂ ਵੱਧ ਕਿਸਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ 5.5 ਕਰੋੜ ਰੁਪਏ ਤੋਂ ਵੱਧ ਦੇ ਕਰਜ਼ ਨੂੰ ਚੁਕਾਉਣ ਵਿਚ ਮਦਦ ਕੀਤੀ ਜਾਵੇਗੀ। ਅਪਣੇ ਬਲਾਗ ਤੇ ਸਦੀ ਦੇ ਇਸ ਮਹਾਨ ਅਦਾਕਾਰ ਨੇ ਲਿਖਿਆ ਕਿ ਉਤਰ ਪ੍ਰਦੇਸ਼ ਦੇ 850 ਕਿਸਾਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ 5.5 ਕਰੋੜ  ਦੇ ਕਰਜ਼ ਚੁਕਾਉਣ ਦਾ ਪ੍ਰਬੰਧ ਕੀਤਾ ਜਾਵੇਗਾ

ਅਤੇ ਇਸਦੇ ਲਈ ਸਬੰਧਤ ਬੈਂਕ ਨਾਲ ਗੱਲ ਕਰ ਲਈ ਗਈ ਹੈ। ਅਮਿਤਾਬ ਬੱਚਨ ਨੇ ਬੀਤੇ ਦਿਨੀ ਸਰਕਾਰੀ ਏਜੰਸੀਆਂ ਰਾਹੀ 44 ਅਜਿਹੇ ਪਰਵਾਰਾਂ ਦੀ ਆਰਥਿਕ ਮਦਦ ਕੀਤੀ ਸੀ ਜਿਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਦੇਸ਼ ਦੇ ਲਈ ਅਪਣੀ ਜਾਨ ਦੇ ਦਿਤੀ ਸੀ। ਅਮਿਤਾਬ ਨੇ ਇਸ ਤਜ਼ੁਰਬੇ ਨੂੰ ਬਹੁਤ ਸੰਤੋਸ਼ਜਨਕ ਦਸਿਆ ਸੀ। ਅਮਿਤਾਬ ਨੇ ਵਿਚਾਰ ਸਾਂਝੇ ਕਰਦੇ ਹੋਏ ਦਸਿਆ ਕਿ ਉਹ ਅਜੀਤ ਸਿੰਘ ਦੀ ਵੀ ਮਦਦ ਕਰਨਗੇ ਜੋ ਕਿ ਕੇਬੀਸੀ ਕਰਮਵੀਰ ਵਿਚ ਨਜ਼ਰ ਆਏ ਸਨ। ਦਸ ਦਈਏ ਕਿ ਦੇਹ ਵਪਾਰ ਕਰਨ ਵਾਲੀਆਂ ਔਰਤਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਗੁੜੀਆ ਸੰਸਥਾ ਦੇ ਅਜੀਤ ਸਿੰਘ ਨੂੰ ਕੇਬੀਸੀ ਵਿਚ ਬੁਲਾਇਆ ਗਿਆ ਸੀ।

ਇਸ ਦੌਰਾਨ ਉਨ੍ਹਾਂ ਨੇ 25 ਲੱਖ ਰੁਪਏ ਜਿੱਤੇ ਸਨ। ਇਸ ਤੋ ਬਾਅਦ ਅਮਿਤਾਬ ਬੱਚਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਵੀ ਕੀਤਾ ਸੀ। ਇਸ ਦੌਰਾਨ ਬਨਾਰਸ ਦੇ ਸ਼ਿਵਦਾਸਪੁਰ ਦੇ ਰੈਡ ਲਾਈਟ ਖੇਤਰ ਵਿਚ ਗੁੜੀਆ ਸੰਸਥਾ ਵੱਲੋਂ ਕੀਤੇ ਗਏ ਉਦਮੀ ਕੰਮਾਂ ਤੋਂ ਅਮਿਤਾਬ ਬੱਚਨ ਬਹੁਤ ਪ੍ਰਭਾਵਿਤ ਹੋਏ ਸਨ। ਦੇਹ ਵਪਾਰ ਕਰ ਰਹੀਆਂ ਕੁੜੀਆਂ ਅਤੇ ਔਰਤਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਨ ਲਈ ਅਜੀਤ ਸਿੰਘ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਸੰਸਥਾ ਮਨੁੱਖੀ ਤਸਕਰੀ ਨੂੰ ਰੋਕਣ ਦਾ ਕੰਮ ਵੀ ਕਰਦੀ ਹੈ।