ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਕਿਸਾਨਾਂ ਲਈ ਲਾਹੇਵੰਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਝੋਨੇ ਦੀ ਇਕ ਨਵੀਂ ਰਿਸਰਚ ਕਿਸਮ ਬੀ. ਆਰ. 105 ਲਿਆਂਦੀ ਜਾ ਰਹੀ ਹੈ,ਜੋ ਕਿ ਕਿਸਮ ਪੂਸਾ-44 ਤੋਂ 5-7 ਦਿਨ ਪਹਿਲਾਂ ਹੀ ਤਿਆਰ ਹੋ ਜਾਂਦੀ ਹੈ

jhone di fasal

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਬਰਾੜ ਨੇ ਨੇ ਦੱਸਿਆ ਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 23 ਅਤੇ 24 ਮਾਰਚ ਨੂੰ ਦੋ ਰੋਜ਼ਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਝੋਨੇ ਦੀ ਇਕ ਨਵੀਂ ਰਿਸਰਚ ਕਿਸਮ ਬੀ. ਆਰ. 105 ਲਿਆਂਦੀ ਜਾ ਰਹੀ ਹੈ,ਜੋ ਕਿ ਕਿਸਮ ਪੂਸਾ-44 ਤੋਂ 5-7 ਦਿਨ ਪਹਿਲਾਂ ਹੀ ਤਿਆਰ ਹੋ ਜਾਂਦੀ ਹੈ | ਇਸ ਦਾ ਕੱਦ 105 ਸੈ. ਮੀ. ਤੱਕ ਹੁੰਦਾ ਹੈ। ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿਗਦੀ ਨਹੀਂ। ਇਸ ਦਾ ਫੁਟਾਰਾ ਬਹੁਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਮ ਹਰ ਤਰ੍ਹਾਂ ਦੀ ਜ਼ਮੀਨ ਤੇ ਹਰ ਤਰ੍ਹਾਂ ਦੇ ਪਾਣੀ ਵਿਚ ਹੋ ਸਕਦੀ ਹੈ ਅਤੇ ਇਹ ਕਿਸਮ ਝੁਲਸ ਰੋਗ ਦੀਆਂ ਪੰਜਾਬ ਵਿਚ ਪਾਈਆਂ ਜਾਂਦੀਆਂ 10 ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿਸਮ ਦੀ ਕੀਮਤ ਬਾਰੇ ਉਨ੍ਹਾਂ ਦਸਿਆ ਕਿ ਪੂਸਾ-44 ਦੇ ਮੁਕਾਬਲੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਕਿਸਮ ਦਾ ਝਾੜ 32 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਿਆ ਹੈ। ਇਹ ਕਿਸਮ 145 ਦਿਨਾਂ ਵਿਚ ਸਮੇਤ ਪਨੀਰੀ ਪੱਕ ਕੇ ਤਿਆਰ ਹੋ ਜਾਂਦੀ ਹੈ। ਪ੍ਰੋ. ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਝੋਨੇ ਦੀਆਂ ਹੋਰ ਕਿਸਮਾਂ ਪੂਸਾ-44 ਫਾਊਂਡੇਸ਼ਨ ਬੀਜ ਕਰਨਾਲ ਵਾਲਾ, ਪੀ. ਆਰ. 121, ਪੀ . ਆਰ. 122, ਪੀ. ਆਰ. 123, ਪੀ. ਆਰ-124, ਪੀ. ਆਰ-126 ਵੀ ਸਟੋਰ 'ਤੇ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਾਲ ਪੀ. ਏ. ਯੂ. ਵੱਲੋਂ ਪਾਸ ਝੋਨੇ ਦੀ ਨਵੀਂ ਕਿਸਮ ਪੀ. ਆਰ.127 ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਈ. ਏ. ਆਰ. ਦਿੱਲੀ ਵਲੋਂ  ਇਸ ਸਾਲ ਬਾਸਮਤੀ ਦੀਆਂ ਨਵੀਆਂ ਕਿਸਮਾਂ ਪੀ. ਬੀ-1718 (ਪੀ. ਬੀ 1121 ਦੀ ਸੋਧ), ਪੀ. ਬੀ. 1637 (ਪੀ. ਬੀ. 1 ਦੀ ਸੋਧ) ਤੇ ਪੀ. ਬੀ. 1728 (ਪੀ. ਬੀ. 1401 ਦੀ ਸੋਧ) ਅਤੇ ਪੀ. ਬੀ. 1121, ਪੀ.ਬੀ. 1509 ਕਿਸਮਾਂ ਵੀ ਉਪਲੱਬਧ ਹੋਣਗੀਆਂ।