ਅੰਨਦਾਤਾ ਦੀ ਮਿਹਨਤ 'ਤੇ ਫਿਰਿਆ ਪਾਣੀ, ਕਈ ਏਕੜ ਫਸਲ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਤਿੰਨਾਂ ਪਿੰਡਾਂ ਦੇ ਕਿਸਾਨਾਂ ਦੀ 60 ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ

Fires destroy crop in Dinanagar

ਦੀਨਾਨਗਰ (ਦੀਪਕ ਕੁਮਾਰ) : ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਅਕਬਰਪੁਰ, ਘੇਸਲ਼ ਅਤੇ ਤੁਗਿਆਲ 'ਚ ਸ਼ਨੀਵਾਰ ਦੁਪਹਿਰ ਨੂੰ ਖ਼ੇਤ 'ਚ ਲਗੇ ਟਰਾਂਸਫਾਰਮਰ ਤੋਂ ਬਿਜਲੀ ਦੀ ਚਿੰਗਾੜੀ ਡਿਗਣ ਨਾਲ ਤਿੰਨਾਂ ਪਿੰਡਾਂ ਦੇ ਕਿਸਾਨਾਂ ਦੀ 60 ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ ਜਦੋਂ ਕਿ ਤਿੰਨ ਪਿੰਡਾਂ ਦੇ 250 ਦੇ ਕਰੀਬ ਲੋਕਾਂ ਵਲੋਂ ਆਪਣੀ ਜਾਨ ਜੋਖ਼ਮ 'ਚ ਪਾ ਕੇ ਅੱਗ 'ਤੇ ਕਾਬੂ ਪਾਇਆ ਅਤੇ ਨਾਲ ਲਗਦੀਆਂ ਹੋਰ ਫ਼ਸਲਾਂ ਨੂੰ ਵੀ ਬਚਾਇਆ ਗਿਆ।

ਪਿੰਡ ਵਾਸੀਆਂ ਵਲੋਂ ਫ਼ਾਇਰ ਬਿਗ੍ਰੇਡ ਗੱਡੀ ਵਾਲਿਆਂ ਨੂੰ ਫੋਨ ਕੀਤਾ ਗਿਆ ਪਰ ਡੇਢ ਘੰਟੇ ਤੱਕ ਗੱਡੀ ਨਾ ਪਹੁੰਚੀ। ਪਰ ਪੁਲਿਸ ਪ੍ਰਸ਼ਾਸਨ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪਰ ਖੇਤੀਵਾੜੀ ਨਾਲ ਸਬੰਧਤ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।   

 ਇਸ ਸਬੰਧ ਵਿਚ ਪੀੜਤ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੇਤਾਂ ਚ ਲਗੇ ਇਕ ਟਰਾਂਸਫ਼ਾਰਮਰ 'ਚੋਂ ਅੱਗ ਦੀ ਚਿੰਗਾੜੀ ਡਿਗਣ ਨਾਲ ਅਚਾਨਕ ਖੇਤਾਂ 'ਚ ਖੜੀ ਪੱਕੀ ਕਣਕ ਦੀ ਫ਼ਸਲ ਨੂੰ ਅਪਣੀ ਲਪੇਟ 'ਚ ਲੈ ਲਿਆ। ਦੇਖਦੇ ਹੀ ਦੇਖਦੇ 60 ਕਿਲ੍ਹੇ ਕਣਕ ਸੜ ਕੇ ਸਵਾਹ ਹੋ ਗਈ ਜਦੋਂ ਕਿ ਪਿੰਡ ਵਾਸੀਆਂ ਵਲੋਂ ਫ਼ਾਇਰ ਬਿਗ੍ਰੇਡ ਗੱਡੀ ਵਾਲਿਆਂ ਨੂੰ ਸੂਚਤ ਕੀਤਾ ਗਿਆ ਪਰ ਡੇਢ ਘੰਟੇ ਤੱਕ ਗੱਡੀ ਨਾ ਪਹੁੰਚੀ।

ਉਨ੍ਹਾਂ ਦਸਿਆ ਕਿ ਪਿੰਡ ਵਾਸੀਆਂ ਵਲੋਂ ਜਦੋ-ਜਹਿਦ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ ਗਿਆ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਦੀਨਾਨਗਰ ਹਲਕੇ ਨੂੰ 2017 'ਚ ਇਕ ਅੱਗ ਬਜਾਉ ਗੱਡੀ ਦਿਤੀ ਗਈ ਸੀ ਪਰ ਉਸ ਨੂੰ ਕਿਸੇ ਹੋਰ ਜ਼ਿਲ੍ਹੇ 'ਚ ਭੇਜ ਦਿਤਾ ਗਿਆ, ਜੇ ਉਹ ਗੱਡੀ ਦੀਨਾਨਗਰ 'ਚ ਹੁੰਦੀ ਤਾਂ ਕਿਸਾਨਾਂ ਦਾ ਇਨ੍ਹਾਂ ਭਾਰੀ ਨੁਕਸਾਨ ਨਹੀਂ ਹੁੰਦਾ। ਉਹਨਾਂ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। 

ਇਸ ਸਬੰਧ 'ਚ ਜਾਣਕਾਰੀ ਦਿੰਦੇ ਮੌਕੇ 'ਤੇ ਪਹੁੰਚੇ ਐਸਐਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤਾਂ ਕਿਸਾਨਾਂ ਦੇ ਕਹਿਣ ਅਨੁਸਾਰ ਉਹਨਾਂ ਦੀ ਕਰੀਬ 60 ਕਿਲ੍ਹੇ ਫਸਲ ਅੱਗ ਲੱਗਣ ਨਾਲ ਸੜ ਗਈ ਹੈ। ਉਨ੍ਹਾਂ ਵਲੋਂ ਇਸ ਸਬੰਧ 'ਚ ਪਟਵਾਰੀ ਨੂੰ ਬੁਲਾਇਆ ਗਿਆ ਹੈ ਤੇ ਉਨ੍ਹਾਂ ਦੀ ਰਿਪੋਰਟ ਅਨੁਸਾਰ ਇਨ੍ਹਾਂ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਦੀਨਾਨਗਰ ਹਲਕੇ ਨੂੰ 2017 ਚ ਇਕ ਅੱਗ ਬਜਾਉ ਗੱਡੀ ਦਿਤੀ ਗਈ ਸੀ ਪਰ ਕਰਮਚਾਰੀ ਨਾ ਹੋਣ ਕਾਰਨ ਉਸਨੂੰ ਪਠਾਨਕੋਟ 'ਚ ਸ਼ਿਫਟ ਕਰ ਦਿਤਾ ਗਿਆ ਜਿਸ ਕਾਰਨ ਦੀਨਾਨਗਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਦਸਿਆ ਕਿ ਜੇ ਉਹ ਗੱਡੀ ਦੀਨਾਨਗਰ 'ਚ ਹੁੰਦੀ ਤਾਂ ਕਿਸਾਨਾਂ ਦਾ ਇਨ੍ਹਾਂ ਭਾਰੀ ਨੁਕਸਾਨ ਨਹੀਂ ਹੋਣਾ ਸੀ।