ਵੇਰਕਾ ਪਲਾਂਟ ਦੇ ਬਾਹਰ ਧਰਨੇ 'ਤੇ ਕਿਉਂ ਬੈਠੇ ਨੇ ਦੁੱਧ ਉਤਪਾਦਕ? ਕਰ ਰਹੇ ਨੇ ਇਹ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

-ਘੱਟ ਤੋਂ ਘੱਟ ਪ੍ਰਤੀ ਕਿੱਲੋ 7 ਰੁਪਏ ਵਧਾਇਆ ਜਾਵੇ ਦੁੱਧ ਦਾ ਮੁੱਲ - ਦੁੱਧ ਉਤਪਾਦਕ

Dairy Farmers' protest

-ਸਰਕਾਰ ਨੇ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਰੇਟ ਵਧਾਇਆ ਹੈ
-ਇਸ ਨਾਲ ਦੁੱਧ ਦੀ ਕੀਮਤ 'ਚ ਨਹੀਂ ਹੋਵੇਗਾ 1 ਰੁਪਏ ਦਾ ਵੀ ਵਾਧਾ
-ਖ਼ਰਚਾ ਜ਼ਿਆਦਾ ਤੇ ਆਮਦਨ ਘੱਟ ਹੋਣ ਕਾਰਨ ਹੋ ਰਿਹਾ ਡੇਅਰੀ ਕਿਸਾਨਾਂ ਦਾ ਨੁਕਸਾਨ 
ਮੁਹਾਲੀ :
ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੇਅਰੀ ਕਿਸਾਨਾਂ ਵਲੋਂ ਅੱਜ ਮੁਹਾਲੀ ਵਿਖੇ ਵੇਰਕਾ ਪਲਾਂਟ ਦੇ ਬਾਹਰ ਧਰਨਾ ਦਿਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਧਰਨਾ  ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (PDFA) ਦੇ ਬੈਨਰ ਹੇਠ ਦਿਤਾ ਜਾ ਰਿਹਾ ਹੈ। ਧਰਨਾ ਦੇ ਰਹੇ ਡੇਅਰੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਘੱਟ ਤੋਂ ਘੱਟ ਦੁੱਧ ਦਾ ਮੁੱਲ 7 ਰੁਪਏ ਵਧਾਇਆ ਜਾਵੇ।

ਹਾਲਾਂਕਿ ਸਰਕਾਰ ਨੇ ਇਸ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਦੁੱਧ ਦਾ ਮੁੱਲ 20 ਰੁਪਏ ਵਧਾਇਆ ਹੈ ਪਰ ਕਿਸਾਨਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਦੁੱਧ ਦੀ ਕੀਮਤ ਵਿਚ ਇੱਕ ਰੁਪਏ ਦਾ ਵੀ ਵਾਧਾ ਨਹੀਂ ਹੋਵੇਗਾ। ਇਸ ਮੌਕੇ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਹੈ ਕਿ ਫੀਡ ਅਤੇ ਚਾਰੇ ਦੇ ਮੁੱਲ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਦੁੱਧ ਦਾ ਮੁੱਲ ਘੱਟ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ ਜਿਸ ਦੇ ਵਿਰੋਧ ਵਿਚ ਅੱਜ ਉਹ ਇਹ ਪ੍ਰਦਰਸ਼ਨ ਕਰ ਰਹੇ ਹਨ।

PDFA ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ  ਨੇ ਐਲਾਨ ਕੀਤਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਵੇਰਕਾ ਮਿਲਕ ਪਲਾਂਟ ਦੇ ਦਰਵਾਜ਼ੇ ਬੰਦ ਰਹਿਣਗੇ ਤੇ ਨਾ ਹੀ ਉਥੇ ਕਿਸੇ ਗੱਡੀ ਨੂੰ ਆਉਣ, ਨਾ ਜਾਣ ਦਿੱਤਾ ਜਾਏਗਾ। ਡੇਅਰੀ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਦੁੱਧ ਦੀ ਸਪਲਾਈ ਵੀ ਨਹੀਂ ਹੋਣ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ PDFA ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਪਿਛਲੇ ਹਫ਼ਤੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕਰਨ ’ਤੇ ਸਰਕਾਰ ਖ਼ਿਲਾਫ਼ ਮੁਹਿੰਮ ਛੇੜਨ ਦੀ ਚਿਤਾਵਨੀ ਦਿੱਤੀ ਸੀ। ਪ੍ਰਦਰਸ਼ਨ ਕਰ ਰਹੇ ਡੇਅਰੀ ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਡੇਅਰੀ ਫਾਰਮਿੰਗ ਪੰਜਾਬ ਦੇ ਕਿਸਾਨਾਂ ਲਈ ਰੋਜ਼ੀ-ਰੋਟੀ ਦਾ ਦੂਜਾ ਸਭ ਤੋਂ ਵੱਡਾ ਸਾਧਨ ਹੈ। ਰਾਜ ਅੱਜ ਵਪਾਰਕ ਡੇਅਰੀ ਫਾਰਮਿੰਗ ਵਿੱਚ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੈ। ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਡੇਅਰੀ ਫਾਰਮਰ ਹਨ।

ਅੱਜ ਹਰ ਡੇਅਰੀ ਕਿਸਾਨ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਚਾਹੇ ਉਹ ਦੁੱਧ ਦਾ ਵੱਡਾ ਉਤਪਾਦਕ ਹੋਵੇ ਜਾਂ ਛੋਟਾ। ਪਿਛਲੇ ਦੋ ਸਾਲਾਂ ਵਿੱਚ, ਅਸੀਂ ਮਹਾਂਮਾਰੀ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ 'ਤੇ ਕੋਈ ਮੁੱਦਾ ਨਹੀਂ ਉਠਾਇਆ ਕਿਉਂਕਿ ਅਸੀਂ ਜਾਣਦੇ ਹਾਂ ਕਿ ਡੇਅਰੀ ਕਿਸਾਨਾਂ ਸਮੇਤ ਹਰ ਕੋਈ ਸੰਕਟ ਵਿੱਚੋਂ ਲੰਘ ਰਿਹਾ ਹੈ।  ਉਨ੍ਹਾਂ ਮੰਗ ਕੀਤੀ ਹੈ ਕਿ ਦੁੱਧ ਦੇ ਮੁੱਲ ਵਿਚ ਵਾਧਾ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਮਾਨ ਸਰਕਾਰ ਨੇ ਦੁੱਧ ਉਤਪਾਦਕਾਂ ਦੇ ਹਿੱਤ ਵੱਡਾ ਫ਼ੈਸਲਾ ਲੈਂਦਿਆਂ ਦੁੱਧ ਦੀ ਖਰੀਦ ਕੀਮਤ ਵਧਾਈ ਹੈ। ਮਿਲਕਫੈਡ ਨੇ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਕੀਤਾ ਹੈ। ਇਹ ਵਾਧਾ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਕੀਤਾ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਦੁੱਧ ਉਤਪਾਦਕਾਂ ਲਈ ਹੋਰ ਫੈਸਲੇ ਲਏ ਜਾਣਗੇ।