ਪੰਜਾਬ 'ਚ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦਾ ਹਮਲਾ, ਗ਼ਲਤ ਬੀਜ ਵਰਤਣ ਕਾਰਨ ਪੈਦਾ ਹੋਇਆ ਸੰਕਟ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬਠਿੰਡਾ 'ਚ 15 ਤੋਂ 20 ਫ਼ੀਸਦ ਕਿਸਾਨਾਂ ਦੇ ਖੇਤਾਂ ਵਿਚ ਮਿਲਿਆ ਵਾਇਰਸ  

Attack of white fly on cotton crop in Punjab

ਗੁਲਾਬੀ ਸੁੰਡੀ ਤੋਂ ਬਚਾਉਣ ਦਾ ਕਹਿ ਕੇ ਗੁਜਰਾਤੀ ਕੰਪਨੀ ਨੇ ਵੇਚਿਆ ਸੀ ਬੀਜ 

ਮੁਹਾਲੀ : ਆਏ ਦਿਨ ਕਿਸਾਨਾਂ ਨੂੰ ਫਸਲੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਹੜ੍ਹ ਅਤੇ ਕਦੇ ਗੁਲਾਬੀ ਸੁੰਡੀ ਪਰ ਹੁਣ ਕਿਸਾਨਾਂ ਨੂੰ ਜਿਸ ਅਲਾਮਤ ਦਾ ਸਾਹਮਣਾ ਕਰਨਾ ਪੈ ਰਿਹਾ ਆਈ ਉਸ ਦਾ ਨਾਮ ਹੈ ਚਿੱਟੀ ਮੱਖੀ। ਅਸਲ ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਨਰਮੇ ਦੀ ਫ਼ਸਲ 'ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਹੈ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹ ਸੰਕਟ ਗਲਤ ਬੀਜ ਵਰਤਣ ਕਾਰਨ ਪੈਦਾ ਹੋਇਆ ਹੈ ਜਿਸ ਦੀ ਖੇਤੀਬਾੜੀ ਵਿਭਾਗ ਨੇ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ਵਿਚ ਮਾਲਵਾ ਦੇ ਕਈ ਜ਼ਿਲ੍ਹਿਆਂ ਵਿਚ ਨਰਮਾ ਪੱਟੀ ਦੇ ਕਿਸਾਨਾਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ ਜਿਸ ਕਾਰਨ ਕਿਸਾਨ ਖੇਤਾਂ ਨੂੰ ਵਾਹ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਗੁਲਾਬੀ ਸੁੰਡੀ ’ਤੇ ਕਾਬੂ ਪਾਉਣ ਅਤੇ ਵਧੇਰੇ ਝਾੜ ਲੈਣ ਲਈ ਗੁਜਰਾਤ ਦੀ ਕੰਪਨੀ ਤੋਂ ਬੀਜ ਖਰੀਦਿਆ ਸੀ। ਬਠਿੰਡਾ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਵਾਇਰਸ ਦਾ ਹਮਲਾ ਉਨ੍ਹਾਂ ਖੇਤਾਂ ਵਿਚ ਜ਼ਿਆਦਾ ਹੋਇਆ ਹੈ ਜਿਨ੍ਹਾਂ ਨੇ ਗੁਜਰਾਤੀ ਬੀਜ ਵਰਤਿਆ ਸੀ।

ਉਨ੍ਹਾਂ ਮੰਨਿਆ ਕਿ ਬਠਿੰਡਾ ਵਿੱਚ 15 ਤੋਂ 20 ਫੀਸਦੀ ਕਿਸਾਨਾਂ ਦੇ ਖੇਤਾਂ ਵਿੱਚ ਵਾਇਰਸ ਮਿਲਿਆ ਹੈ। ਇਹ ਵਾਇਰਸ ਚਿੱਟੀ ਮੱਖੀ ਰਾਹੀਂ ਅੱਗੇ ਫੈਲ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਗੁਜਰਾਤੀ ਕੰਪਨੀ ਦੇ ਬੀਜ ਨੂੰ ਜ਼ਿਆਦਾ ਰੇਟ ’ਤੇ ਇਹ ਕਹਿ ਕੇ ਵੇਚਿਆ ਗਿਆ ਸੀ ਕਿ ਇਹ ਬੀਜ ਫਸਲਾਂ ਨੂੰ ਗੁਲਾਬੀ ਸੁੰਡੀ ਤੋਂ ਬਚਾਏਗਾ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੀਜਾਂ ਦਾ ਨਾ ਤਾਂ ਵਿਕਾਸ ਹੁੰਦਾ ਹੈ ਅਤੇ ਨਾ ਹੀ ਫੁੱਲ ਆ ਰਹੇ ਹਨ। ਇਹ ਬੀਜ ਕਿਸਾਨਾਂ ਨੂੰ ਤਬਾਹ ਕਰ ਗਏ ਹਨ। ਪੀੜਤ ਕਿਸਾਨਾਂ ਦੀ ਹਾਲਤ ਇਹ ਹੈ ਕਿ ਉਹ ਇਸ ਦੀ ਕਿਸੇ ਕੋਲ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕਦੇ ਕਿਉਂਕਿ ਅਜਿਹੇ ਬੀਜਾਂ ਦੀ ਖਰੀਦ ਕਿਸੇ ਵੀ ਬੀਮਾ ਦਾਅਵੇ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮੁਆਵਜ਼ੇ ਤਹਿਤ ਕਵਰ ਨਹੀਂ ਹੁੰਦੀ।