ਲਖੀਮਪੁਰ ਖੇੜੀ ’ਚ ਚਲ ਰਿਹਾ ਕਿਸਾਨ ਅੰਦੋਲਨ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

6 ਸਤੰਬਰ ਨੂੰ ਹੋਵੇਗੀ ਦਿੱਲੀ ਵਿਚ ਬੈਠਕ

The ongoing farmers' movement in Lakhimpur Khedi ended

ਲਖੀਮਪੁਰ ਖੇੜੀ : ਕੇਂਦਰੀ ਮੰਤਰੀ ਅਜੇ ਮਿਸ਼ਰਾ ‘ਟੇਨੀ’ ਨੂੰ ਬਰਖ਼ਾਸਤ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦਾ ਕਿਸਾਨ ਅੰਦੋਲਨ ਅੱਜ ਦੁਪਹਿਰ ਨੂੰ ਕਿਸਾਨਾਂ ਨਾਲ ਗੱਲਬਾਤ ਮਗਰੋਂ ਖ਼ਤਮ ਹੋ ਗਿਆ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠਕ ਮਗਰੋਂ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ। 

ਮੰਚ ਤੋਂ ਕਿਸਾਨਾਂ ਨੂੰ ਸੰਬੋਧਤ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਇਥੇ ਅੰਦੋਲਨ ਨੂੰ ਖ਼ਤਮ ਕਰ ਦਿਤਾ ਗਿਆ ਹੈ ਅਤੇ ਮੋਰਚੇ ਦੀ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ 6 ਸਤੰਬਰ ਨੂੰ ਦਿੱਲੀ ਵਿਚ ਬੈਠਕ ਹੋਵੇਗੀ। ਜ਼ਿਲ੍ਹਾ ਅਧਿਕਾਰੀ ਮਹਿੰਦਰ ਬਹਾਦਰ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਦੁਪਹਿਰ ਕਰੀਬ 2.30 ਵਜੇ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਕਿਸਾਨਾਂ ਦਾ ਮੰਗ ਪੱਤਰ ਲਿਆ, ਜਿਸ ਮਗਰੋਂ ਉਨ੍ਹਾਂ ਧਰਨਾ ਵਾਪਸ ਲੈ ਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਸਤੰਬਰ ਦੇ ਪਹਿਲੇ ਹਫ਼ਤੇ ’ਚ ਉਨ੍ਹਾਂ ਲਈ ਸ਼ਾਸਨ ਪੱਧਰ ’ਤੇ ਬੈਠਕ ਦੀ ਵਿਵਸਥਾ ਕੀਤੀ ਜਾਵੇਗੀ, ਜਿਸ ਤੋਂ ਬਾਅਦ ਟਿਕੈਤ ਅਤੇ ਹੋਰ ਕਿਸਾਨ ਨੇਤਾਵਾਂ ਨੇ ਅਪਣਾ ਅੰਦੋਲਨ ਖ਼ਤਮ ਕਰ ਦਿਤਾ।

ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਸਵੇਰੇ ਲਖੀਮਪੁਰ ਸ਼ਹਿਰ ਦੇ ਰਾਜਾਪੁਰ ਮੰਡੀ ’ਚ ਅਪਣਾ ਧਰਨਾ ਸ਼ੁਰੂ ਕੀਤਾ ਸੀ, ਜਿਸ ’ਚ ਗ੍ਰਹਿ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖਾਸਤ ਕਰਨ, ਐਮਐਸਪੀ ’ਤੇ ਗਰੰਟੀ ਕਾਨੂੰਨ, ਬਿਜਲੀ ਸੋਧ ਬਿੱਲ 2022 ਨੂੰ ਵਾਪਸ ਲੈਣ, ਗੰਨਾ ਬਕਾਇਆ ਦਾ ਭੁਗਤਾਨ ਕਰਨ ਸਮੇਤ ਅਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ’ਤੇ ਦਬਾਅ ਬਣਾਇਆ ਸੀ। ਲਖੀਮਪੁਰ ਖੇੜੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਜੱਦੀ ਜ਼ਿਲ੍ਹਾ ਹੈ। 

ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੇੜੀ ਜ਼ਿਲ੍ਹੇ ’ਚ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪਿੰਡ ਜਾ ਰਹੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰ ਦਾ ਕਿਸਾਨਾਂ ਵਲੋਂ ਵਿਰੋਧ ਕਰਨ ਦੌਰਾਨ ਤਿਕੋਨੀਆ ਪਿੰਡ ’ਚ ਹੋਈ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕ ਮਾਰੇ ਗਏ ਸਨ। ਇਸ ਮਾਮਲੇ ’ਚ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਬਤੌਰ ਮੁੱਖ ਦੋਸ਼ੀ ਗਿ੍ਰਫ਼ਤਾਰ ਕੀਤਾ ਗਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਜੇ ਮਿਸ਼ਰਾ ਨੂੰ ਮੰਤਰੀ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।