ਬਾਰਸ਼ਾਂ ਅਤੇ ਗੜਿਆਂ ਨਾਲ ਦੋਆਬੇ 'ਚ ਆਲੂ ਦੀ 50 ਫ਼ੀ ਸਦੀ ਫ਼ਸਲ ਬਰਬਾਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿਧਾਨ ਸਭਾ ਵਿਚ ਅੱਜ ਆਲੂ ਕਾਸ਼ਤਕਾਰ ਕਿਸਾਨਾਂ ਦਾ ਮੁੱਦਾ ਉਠਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਰਸ਼ਾਂ ਅਤੇ ਗੜ੍ਹੇਮਾਰੀ ਨਾਲ ਹੋਏ ਭਾਰੀ ਨੁਕਸਾਨ ਦਾ.....

Due to Rain in Doaba, Waste 50 Percent of the Potato Crop

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਆਲੂ ਕਾਸ਼ਤਕਾਰ ਕਿਸਾਨਾਂ ਦਾ ਮੁੱਦਾ ਉਠਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਰਸ਼ਾਂ ਅਤੇ ਗੜ੍ਹੇਮਾਰੀ ਨਾਲ ਹੋਏ ਭਾਰੀ ਨੁਕਸਾਨ ਦਾ ਕਿਸਾਨਾਂ ਨੂੰ ਕੁੱਝ ਮੁਆਵਜ਼ਾ ਦਿਤਾ ਜਾਵੇ। ਇਸ ਸਬੰਧੀ ਸਿਫ਼ਰ ਕਾਲ ਸਮੇਂ ਧਿਆਨ ਦਿਵਾਊ ਮਤਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਲਿਆਂਦਾ।

ਉਨ੍ਹਾਂ ਦਸਿਆ ਕਿ ਪਿਛਲੇ ਤਿੰਨ ਚਾਰ ਹਫ਼ਤਿਆਂ ਵਿਚ ਗ਼ੈਰ ਮੌਸਮੀ ਬਾਰਸ਼ਾਂ ਅਤੇ ਗੜ੍ਹੇਮਾਰੀ ਨਾਲ ਦੋਆਬੇ ਦੇ ਇਲਾਕੇ ਵਿਚ ਭਾਰੀ ਨੁਕਸਾਨ ਹੋਇਆ ਹੈ। ਆਲੂ ਦੇ ਖੇਤਾਂ ਵਿਚ ਪਾਣੀ ਖੜਨ ਨਾਲ ਆਲੂ ਖ਼ਰਾਬ ਹੋ ਗਿਆ ਹੈ। ਇਸ ਇਲਾਕੇ ਵਿਚ ਲਗਭਗ ਇਕ ਲੱਖ ਹੈਕਟੇਅਰ ਰਕਬੇ ਵਿਚ ਆਲੂ ਦੀ ਖੇਤੀ ਹੁੰਦੀ ਹੈ। ਇਕ ਏਕੜ ਆਲੂ ਦੀ ਕਾਸ਼ਤ ਉਪਰ 60 ਤੋਂ 70 ਹਜ਼ਾਰ ਰੁਪਏ ਦਾ ਖ਼ਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਲਗਭਗ 50 ਫ਼ੀ ਸਦੀ ਫ਼ਸਲ ਬਰਬਾਦ ਹੋ ਚੁਕੀ ਹੈ।

ਉਨ੍ਹਾਂ ਕਿਹਾ ਕਿ ਜੋ ਫ਼ਸਲ ਬਚ ਵੀ ਗਈ ਹੈ, ਉਹ ਆਲੂ ਦੇ ਬੀਜ ਦੇ ਕਾਬਲ ਨਹੀਂ। ਇਸ ਤਰ੍ਹਾਂ ਅਗਲੀ ਫ਼ਸਲ ਲਈ ਕਿਸਾਨਾਂ ਨੂੰ ਆਲੂ ਦੇ ਬੀਜ ਦਾ ਵੀ ਸੰਕਟ ਆਵੇਗਾ। ਉਨ੍ਹਾਂ ਮੰਗ ਕੀਤੀ ਕਿ ਆਲੂ ਦੀ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਜਾਂ ਸਰਵੇਖਣ ਕਰਵਾਇਆ ਜਾਵੇ ਤਾਂ ਜੋ ਸਹੀ ਨੁਕਸਾਨ ਦਾ ਅੰਦਾਜ਼ਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਰਕਾਰ ਨੂੰ ਆਲੂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।

ਕਾਂਗਰਸ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਵੀ ਆਲੂ ਕਿਸਾਨਾਂ ਦਾ ਮੁੱਦਾ ਉਠਾਇਆ। ਉਨ੍ਹਾਂ ਵੀ ਮੰਗ ਕੀਤੀ ਕਿ ਸਰਕਾਰ ਨੂੰ ਕਿਸਾਨਾਂ ਲਈ ਕੁੱਝ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 80 ਫ਼ੀ ਸਦੀ ਫ਼ਸਲ ਖ਼ਰਾਬ ਹੋ ਚੁਕੀ ਹੈ। ਅਜੇ ਵੀ ਨੀਵੇਂ ਖੇਤਾਂ ਵਿਚ ਆਲੂ ਦੀ ਫ਼ਸਲ ਵਿਚ ਪਾਣੀ ਖੜਾ ਹੈ।