Agriculture Minister Shivraj Chauhan: ਇਸ ਸਾਲ ਦੇਸ਼ ’ਚ ਕਣਕ ਦੀ ਚੰਗੀ ਫ਼ਸਲ ਹੋਵੇਗੀ: ਖੇਤੀਬਾੜੀ ਮੰਤਰੀ ਚੌਹਾਨ
ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਵੀ ਸਾਲ 2024-25 ’ਚ ਕਣਕ ਦਾ ਚੰਗਾ ਉਤਪਾਦਨ ਹੋਣ ਦੀ ਉਮੀਦ ਪ੍ਰਗਟਾਈ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਹਾੜ੍ਹੀ ਦੇ ਮੌਜੂਦਾ ਸੀਜ਼ਨ ’ਚ ਭਾਰਤ ’ਚ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਸੰਭਾਵਨਾ ਹੈ। ਭਾਰਤ ਨੇ 2023-24 ’ਚ ਰੀਕਾਰਡ 1,132.92 ਲੱਖ ਟਨ ਕਣਕ ਦਾ ਉਤਪਾਦਨ ਕੀਤਾ। ਉਨ੍ਹਾਂ ਕਿਹਾ, ‘‘ਇਸ ਸਾਲ ਕਣਕ ਦਾ ਬੰਪਰ ਉਤਪਾਦਨ ਹੋਵੇਗਾ। ਫ਼ਸਲ ਦੀ ਸਿਹਤ ਚੰਗੀ ਹੈ।’’
ਫਸਲੀ ਵਰ੍ਹੇ 2024-25 (ਜੁਲਾਈ-ਜੂਨ) ਦੇ ਹਾੜੀ ਸੀਜ਼ਨ ’ਚ ਕਣਕ ਦਾ ਰਕਬਾ 320 ਲੱਖ ਹੈਕਟੇਅਰ ਰਿਹਾ ਜੋ ਪਿਛਲੇ ਸਾਲ 315.63 ਲੱਖ ਹੈਕਟੇਅਰ ਸੀ। ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਵੀ ਸਾਲ 2024-25 ’ਚ ਕਣਕ ਦਾ ਚੰਗਾ ਉਤਪਾਦਨ ਹੋਣ ਦੀ ਉਮੀਦ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਫਸਲ ਦੀ ਸਥਿਤੀ ਹੁਣ ਤਕ ਚੰਗੀ ਹੈ ਅਤੇ ਦਿਨ ਅਤੇ ਰਾਤ ਦਾ ਤਾਪਮਾਨ ਆਮ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਵੀਰਵਾਰ ਨੂੰ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਲਈ ਕਣਕ ਦੀ ਸਟਾਕ ਹੱਦ ਸਖਤ ਕਰ ਦਿਤੀ ਹੈ ਤਾਂ ਜੋ ਕੀਮਤਾਂ ਨੂੰ ਕਾਬੂ ’ਚ ਰੱਖਿਆ ਜਾ ਸਕੇ। ਵਿਭਾਗ ਨੇ ਇਹ ਵੀ ਕਿਹਾ ਕਿ ਦੇਸ਼ ’ਚ ਅਨਾਜ ਦਾ ਲੋੜੀਂਦਾ ਸਟਾਕ ਹੈ।
ਇਹ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਦੇਸ਼ ’ਚ ਆਸਾਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਣਕ ਦੇ ਸਟਾਕ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਦੇਸ਼ ’ਚ ਖਪਤਕਾਰਾਂ ਲਈ ਕੀਮਤ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਦਖਲਅੰਦਾਜ਼ੀ ਕਰਦਾ ਹੈ।
31 ਮਾਰਚ ਤਕ ਲਾਗੂ ਹੋਣ ਵਾਲੀ ਸੋਧੀ ਹੋਈ ਸਟਾਕ ਸੀਮਾ ਅਨੁਸਾਰ ਵਪਾਰੀ ਅਤੇ ਥੋਕ ਵਿਕਰੇਤਾ ਸਿਰਫ 250 ਟਨ ਕਣਕ ਸਟੋਰ ਕਰ ਸਕਦੇ ਹਨ, ਜਦਕਿ ਪਹਿਲਾਂ ਇਹ ਨਿਯਮ 1,000 ਟਨ ਸੀ। ਪ੍ਰਚੂਨ ਵਿਕਰੇਤਾਵਾਂ ਲਈ, ਹਰੇਕ ਪ੍ਰਚੂਨ ਦੁਕਾਨ ਲਈ ਸਟਾਕ ਸੀਮਾ ਨੂੰ ਸੋਧ ਕੇ ਚਾਰ ਟਨ ਕਰ ਦਿਤਾ ਗਿਆ ਹੈ। ਪਹਿਲਾਂ ਇਹ ਸੀਮਾ ਪੰਜ ਟਨ ਸੀ।