ਘਰੇਲੂ ਬਗ਼ੀਚੀ ’ਚ ਲਗਾਉ ਹਰੀਆਂ ਸਬਜ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜੁਲਾਈ ਮਹੀਨੇ ਦੌਰਾਨ ਬੈਂਗਣ, ਮੂਲੀ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆਤੋਰੀ, ਕਰੇਲਾ, ਟੀਂਡਾ, ਰਵਾਂਹ, ਸ਼ਕਰਕੰਦੀ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ

Plant green vegetables in your home garden

ਸਿਹਤਮੰਦ ਜੀਵਨ ਲਈ ਹਰੀਆਂ ਸਬਜ਼ੀਆਂ ਉਨੀਆਂ ਹੀ ਜ਼ਰੂਰੀ ਹਨ, ਜਿੰਨਾ ਬੀਮਾਰ ਹੋਣ ’ਤੇ ਦਵਾਈ ਲੈਣਾ। ਇਹ ਸਬਜ਼ੀਆਂ ਜਿੰਨੀਆਂ ਰਸਾਇਣਕ ਦਵਾਈਆਂ ਅਤੇ ਬੀਮਾਰੀ ਤੋਂ ਰਹਿਤ ਹੋਣਗੀਆਂ, ਉਨੀਆਂ ਹੀ ਚੰਗੀਆਂ ਹਨ। ਜੋ ਲੋਕ ਵਪਾਰਕ ਪੱਧਰ ’ਤੇ ਸਬਜ਼ੀਆਂ ਦੀ ਖੇਤੀ ਨਹੀਂ ਕਰਨਾ ਚਾਹੁੰਦੇ ਜਾਂ ਜਿਨ੍ਹਾਂ ਕੋਲ ਜ਼ਮੀਨ ਦੀ ਘਾਟ ਹੈ, ਉਹ ਘਰੇਲੂ ਬਗ਼ੀਚੀ ਵਿਚ ਘਰੇਲੂ ਜ਼ਰੂਰਤਾਂ ਲਈ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਨ।

ਜੁਲਾਈ ਮਹੀਨੇ ਦੌਰਾਨ ਬੈਂਗਣ, ਮੂਲੀ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ, ਟੀਂਡਾ, ਰਵਾਂਹ, ਸ਼ਕਰਕੰਦੀ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ। ਬੈਂਗਣ ਦੀ ਫ਼ਸਲ ਲਈ ਇਕ ਏਕੜ ਦੀ ਪਨੀਰੀ ਤਿਆਰ ਕਰਨ ਵਾਸਤੇ 300-400 ਗ੍ਰਾਮ ਬੀਜ ਨੂੰ 10-15 ਸੈਂਟੀਮੀਟਿੰਰ ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ ਵਿਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਬੈਂਗਣਾਂ ਵਿਚ ਫਲ ਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜ਼ਨ 18.5 ਐਸਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸਜੀ ਨੂੰ 100-125 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਫੁੱਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45*30 ਸੈਂਟੀਮੀਟਰ ਦੇ ਫ਼ਾਸਲੇ ’ਤੇ ਖੇਤ ਵਿਚ ਲਗਾਉ। 40 ਟਨ ਰੂੜੀ, 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਵਰਤੋ।

ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫ਼ਤੇ ਬਾਅਦ ਪਾਉ। ਮੂਲੀ ਦੀ ਪੂਸਾ ਚੇਤਕੀ ਕਿਸਮ ਇਸ ਮਹੀਨੇ ਵਿਚ ਬਿਜਾਈ ਲਈ ਢੁਕਵੀਂ ਹੈ। ਭਿੰਡੀ 4-6 ਕਿਲੋ ਕੈਪਟਾਨ ਨਾਲ ਸੋਧਿਆ (3 ਗ੍ਰਾਮ ਪ੍ਰਤੀ ਕਿਲੋ ਬੀਜ) ਬੀਜ ਪੰਜਾਬ-8 ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ ਵਿਚ ਭਿਉਂ ਦੇਵੋ। 

ਸ਼ਕਰਕੰਦੀ ਦੀ ਕਿਸਮ ਪੀਐਸਪੀ-21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25 ਹਜ਼ਾਰ, 30 ਹਜ਼ਾਰ ਕਟਿੰਗ ਵੱਟਾਂ ’ਤੇ 60 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 30 ਸੈਂਟੀਮੀਟਰ ਦੇ ਫ਼ਾਸਲੇ ਤੇ ਲਗਾਉ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 155 ਕਿਲੋ ਸਿੰਗਲ ਸੁਪਰਫਾਸਫੇਟ ਤੇ 35 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਵਧੀਆ ਫ਼ਸਲ ਲੈਣ ਲਈ ਪਾਉ।