Agriculture News: ਪੰਜਾਬ ’ਚ ਕਣਕ ਖ਼ਰੀਦ ਇਕ ਅਪ੍ਰੈਲ ਤੋਂ ਕਰਨ ਦੇ ਪ੍ਰਬੰਧ ਪੂਰੇ, ਪ੍ਰਤੀ ਕੁਇੰਟਲ ਐਮ.ਐਸ.ਪੀ. 2425 ਰੁਪਏ ਕੀਤੀ
Agriculture News: ਕੇਂਦਰ ਤੋਂ 32,800 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਛੇਤੀ ਜਾਰੀ ਹੋਵੇਗੀ
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਤਿੰਨ ਸਾਲ ਪਹਿਲਾਂ 16 ਮਾਰਚ 2022 ਨੂੰ ‘ਆਪ’ ਸਕਾਰ ਵਲੋਂ ਪੰਜਾਬ ਦੀ ਵਾਗਡੋਰ ਸੰਭਾਲਣ ਉਪਰੰਤ ਕਣਕ ਤੇ ਝੋਨੇ ਦੀਆਂ 6 ਫ਼ਸਲਾਂ ਦੀ ਸਫ਼ਲਤਾਪੂਰਵਕ ਖ਼ਰੀਦ ਕਰਨ ਮਗਰੋਂ ਹੁਣ ਫਿਰ ਅਨਾਜ ਸਪਲਾਈ ਵਿਭਾਗ ਨੇ ਐਤਕੀਂ 132 ਲੱਖ ਟਨ ਕਣਕ ਖ਼ਰੀਦ ਕਰਨ ਦੇ ਪ੍ਰਬੰਧ ਪੂਰੇ ਕਰ ਲਏ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਨ ਦੌਰਾਨ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਸ ਸੀਜ਼ਨ ਵਿਚ ਭਾਵੇਂ ਕੇਂਦਰ ਸਰਕਾਰ ਨੇ 124 ਲੱਖ ਟਲ ਕਣਕ ਖ਼ਰੀਦ ਦਾ ਟੀਚਾ ਮਿਥਿਆ ਹੈ ਪਰ ਮਹਿਕਮੇ ਨੇ 1900 ਤੋਂ ਵੱਧ ਮੰਡੀਆਂ ਰਾਹੀਂ 132 ਲੱਖ ਟਲ ਦੇ ਪ੍ਰਬੰਧ ਕਰ ਲਏ ਹਨ, ਜਿਨ੍ਹਾਂ ਲਈ 5 ਲੱਖ ਵੱਡੀਆਂ ਗੰਢਾਂ ਦਾ ਇੰਤਜ਼ਾਮ ਕੀਤਾ ਹੈ। ਇਕ ਗੰਢ ਵਿਚ 500 ਬੋਰੀਆਂ ਹੁੰਦੀਆਂ ਹਨ।
ਸੀਨੀਅਰ ਅਧਿਕਾਰੀ ਨੇ ਇਹ ਵੀ ਦਸਿਆ ਕਿ ਇਸ ਵੱਡੀ ਖ਼ਰੀਦ ਵਾਸਤੇ ਕੇਂਦਰ ਸਰਕਾਰ ਦੇ ਵਿੱਤ ਮੰਤਰਾਲਾ ਨੇ 32,800 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਮਨਜ਼ੂਰ ਕੀਤੀ ਹੈ, ਜੋ ਅਗਲੇ ਹਫ਼ਤੇ ਰਿਜ਼ਰਵ ਬੈਂਕ ਰਾਹੀਂ ਜਾਰੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਕੈੲਂਦਰ ਸਕਾਰ ਨੇ ਐਤਕੀਂ ਕਣਕ ਖ਼ਰੀਦ ਲਈ ਪ੍ਰਤੀ ਕੁਇੰਟਲ ਐਮ.ਐਸ.ਪੀ. 2275 ਰੁਪਏ ਰੇਟ ਤੋਂ 150 ਰੁਪਏ ਵਧਾ ਕੇ 2425 ਰੁਪਏ ਕੀਤੀ ਹੋਈ ਹੈ।
ਪਿਛਲੀਆਂ 6 ਤੋਂ 8 ਫ਼ਸਲਾਂ ਦੀ ਖ਼ਰੀਦ 6,000 ਕਰੋੜ ਤੋਂ 9,000 ਕਰੋੜ ਦਾ ਦਿਹਾਤੀ ਵਿਕਾਸ ਫ਼ੰਡ ਦਾ ਬਕਾਇਆ ਦੇ ਰੇੜਕੇ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਵਿਚ ਹੈ ਅਤੇ ਅਗਲੀ ਸੁਣਵਾਈ 21 ਅਪ੍ਰੈਲ ਨੂੰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਸਬੰਧਤ ਮੰਤਰੀਆਂ, ਅਧਿਕਾਰੀਆਂ ਅਤੇ ਪ੍ਰਬੰਧਾਂ ਨਾਲ ਬੈਠਕਾਂ ਦਾ ਦੌਰ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਸਮੇਤ ਸੀਨੀਅਰ ਅਧਿਕਾਰੀਆਂ ਦਾ ਪਿਛਲੇ ਮਹੀਨੇ ਤੋਂ ਜਾਰੀ ਹੈ।
ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਕਣਕ ਦੀ ਫ਼ਸਲ ਅਜੇ ਪੂਰੀ ਪੱਕੀ ਨਹੀਂ ਪਰ ਫਿਰ ਵੀ ਮੰਡੀ ਬੋਰਡ ਦੀਆਂ 1900 ਤੋਂ ਵੱਧ ਪੱਕੀਆਂ ਮੰਡੀਆਂ ਸਮੇਤ ਆਰਜ਼ੀ ਖ਼ਰੀਦ ਕੇਂਦਰਾਂ ਦੀ ਸਾਫ਼-ਸਫ਼ਾਈ, ਪਾਣੀ, ਬਿਜਲੀ ਦੇ ਪ੍ਰਬੰਧ, ਪਖ਼ਾਨੇ ਤੇ ਹੋਰ ਮਸ਼ੀਨਰੀ ਦਾ ਬੰਦੋਬਸਤ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।