ਕੇਂਦਰ ਨੇ ਆੜ੍ਹਤੀ ਕਮਿਸ਼ਨ ਰੇਟ ਵਧਾਇਆ, ਕਣਕ ਖ਼ਰੀਦ 'ਤੇ ਪ੍ਰਤੀ ਕੁਇੰਟਲ 46 ਤੋਂ ਵਧਾ ਕੇ 50.75 ਰੁਪਏ ਕੀਤਾ
ਪੰਜਾਬ ਵਿਚ ਕਣਕ ਖ਼ਰੀਦ ਮੌਕੇ ਇਹ ਕਮਿਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 50.75 ਰੁਪਏ ਮਿਲੇਗਾ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਕੇਂਦਰ ਸਰਕਾਰ ਨੇ ਮੌਜੂਦਾ ਕਣਕ ਖ਼ਰੀਦ ਦੇ ਮੌਸਮ ਸ਼ੁਰੂ ਹੋਣ ਤੋਂ 2 ਹਫ਼ਤੇ ਪਹਿਲਾਂ ਹੀ ਆੜ੍ਹਤੀ ਕਮਿਸ਼ਨ ਦਾ ਰੇਟ ਪ੍ਰਤੀ ਕੁਇੰਟਲ 10 ਫ਼ੀ ਸਦੀ ਵਧਾ ਦਿਤਾ ਹੈ ਤਾਕਿ ਹਜ਼ਾਰਾਂ ਆੜ੍ਹਤੀਆਂ ਨੂੰ ਲਾਭ ਮਿਲ ਸਕੇ। ਕੇਂਦਰ ਸਰਕਾਰ ਤੇ ਐਫ਼.ਸੀ.ਆਈ. ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਕਣਕ ਖ਼ਰੀਦ ਮੌਕੇ ਇਹ ਕਮਿਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 50.75 ਰੁਪਏ ਮਿਲੇਗਾ ਜਦੋਂ ਕਿ ਰਾਜਸਥਾਨ ਵਿਚ 4.40 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 45.67 ਰੁਪਏ ਮਿਲੇਗਾ।
ਹਰਿਆਣਾ ਦੇ ਆੜ੍ਹਤੀਆਂ ਨੂੰ ਪੰਜਾਬ ਵਾਲਾ ਵਧਿਆ ਰੇਟ ਹੀ ਮਿਲੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਣਕ ਖ਼ਰੀਦ ਵਾਸਤੇ ਐਮ.ਐਸ.ਪੀ. ਦਾ ਰੇਟ ਪਿਛਲੇ ਸਾਲ ਦੇ 2450 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਵਿਚ 150 ਰੁਪਏ ਵਧਾ ਕੇ ਐਤਕੀਂ ਖ਼ਰੀਦ ਰੇਟ 2585 ਰੁਪਏ ਕਰ ਦਿੱਤਾ ਹੋਇਆ ਹੈ।
ਕੇਂਦਰ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 2026-27 ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਵੇਲੇ ਆੜ੍ਹਤੀ ਕਮਿਸ਼ਨ ਪ੍ਰਤੀ ਕੁਇੰਟਲ 45.88 ਰੁਪਏ ਤੋਂ ਵਧਾ ਕੇ 50.61 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਇਹੀ ਵਧਾਇਆ ਰੇਟ ਹਰਿਆਣਾ ਦੇ ਆੜ੍ਹਤੀਆਂ ਨੂੰ ਵੀ ਮਿਲੇਗਾ। ਕੇਂਦਰ ਦੁਆਰਾ ਜਾਰੀ ਵਧੇ ਰੇਟਾ ਸਬੰਧੀ ਬਿਆਨ ਵਿਚ ਇਹ ਵੀ ਕਿਹਾ ਹੈ ਕਿ ਕਣਕ ਖ਼ਰੀਦ ਵਿਚ ਲੱਗੀਆਂ ਸਹਿਯੋਗੀਆਂ ਸੁਸਾਇਟੀਆਂ ਵਾਸਤੇ ਇਹ ਕਮਿਸ਼ਨ 27 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 29.79 ਰੁਪਏ ਮਿਲੇਗਾ ਜਦੋਂ ਕਿ ਝੋਨਾ ਖ਼ਰੀਦ ਮੌਕੇ ਇਹ ਕਮਿਸ਼ਨ ਪੁਰਾਣੇ 32 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 35.30 ਰੁਪਏ ਮਿਲਿਆ ਕਰੇਗਾ।
ਕੇਂਦਰ ਸਰਕਾਰ ਦੇ ਸੂਤਰਾਂ ਨੇ ਇਹ ਵੀ ਦਸਿਆ ਕਿ ਇਨ੍ਹਾਂ ਆੜ੍ਹਤ ਕਮਿਸ਼ਨਾਂ ਵਿਚ ਰੇਟ ਦਾ ਵਾਧਾ ਪੰਜਾਬ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਸਰਕਾਰਾਂ ਸਮੇਤ ਕਈ ਅਦਾਰਿਆਂ ਦੀ ਬੇਨਤੀ ਕਰਨ ’ਤੇ ਕੀਤਾ ਹੈ। ਇਸ ਆਧਾਰ ’ਤੇ ਇਕ ਉਪ ਕਮੇਟੀ ਐਫ਼.ਸੀ.ਆਈ. ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਫ਼ੂਡ ਸਪਲਾਈ ਵਿਭਾਗ ਦੇ ਨੁਮਾਇੰਦਿਆਂ ਦੀ ਬਣਾਈ ਜਿਸ ਨੇ ਆੜ੍ਹਤ ਦੀਆਂ ਦਰਾਂ ਵਿਚ ਵਾਧੇ ਦੀਆਂ ਸਿਫ਼ਾਰਸ਼ਾਂ ਕੀਤੀਆਂ ਸਨ।