ਭਾਰੀ ਬਰਸਾਤ ਕਾਰਨ ਫ਼ਸਲਾਂ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਬੀਤੇ ਦਿਨ ਖੇਤਰ ਵਿਚ ਹੋਈ ਭਾਰੀ ਬਰਸਾਤ ਕਾਰਨ ਆਮਜਨ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਲੇਕਿਨ ਕਈ ਥਾਵਾਂ ਤੇ ਖੇਤਾਂ ਚ ਪਾਣੀ ਭਰ ਜਾਣ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ

Crop

ਕਾਲਾਂਵਾਲੀ (ਗੁਰਮੀਤ ਸਿੰਘ ਖ਼ਾਲਸਾ) : ਬੀਤੇ ਦਿਨ ਖੇਤਰ ਵਿਚ ਹੋਈ ਭਾਰੀ ਬਰਸਾਤ ਕਾਰਨ ਆਮਜਨ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਲੇਕਿਨ ਕਈ ਥਾਵਾਂ ਤੇ ਖੇਤਾਂ ਚ ਪਾਣੀ ਭਰ ਜਾਣ ਕਾਰਨ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਖੇਤਰ ਦੇ ਪਿੰਡ ਤਖਤਮੱਲ , ਕਾਲਾਂਵਾਲੀ, ਕੇਵਲ, ਸਿੰਘਪੁਰਾ, ਦੇਸੂ, ਚਕੇਰੀਆਂ ਆਦਿ ਪਿੰਡਾਂ ਵਿਖੇ ਨਰਮੇ ਦੀ ਫਸਲ ਨੁਕਸਾਨੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ  ਗੁਰਮੇਲ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਰਾਜਾ ਸਿੰਘ ਆਦਿ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਨਰਮੇ ਦੀ ਫਸਲ ਜਿਆਦਾ ਪਾਣੀ ਭਰ ਜਾਣ ਨਾਲ ਨੁਕਸਾਨੀ ਗਈ ਹੈ। ਉਹਨਾਂ ਕਿਹਾ ਕਿ ਇਸ ਵਾਰ ਫਸਲ ਚੰਗੀ ਲੱਗੀ ਸੀ ਲੇਕਿਨ ਅਚਾਨਕ ਭਾਰੀ ਬਰਸਾਤ ਕਾਰਨ ਪਾਣੀ ਭਰ ਗਿਆ ਅਤੇ ਫਸਲ ਲਗਭਗ 70-80 ਫੀਸਦੀ ਖ਼ਾਰਬ ਹੋ ਗਈ।

ਕਿਸਾਨਾਂ ਨੇ ਕਿਹਾ ਕਿ ਫਸਲ ਦੇ ਨੁਕਸਾਨ ਦੀ ਭਰਪਾਈ ਲਈ ਉਹ ਸਰਕਾਰ ਤੋਂ ਮੁਆਬਜੇ ਦੀ ਮੰਗ ਕਰਦੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਜਲਦ ਇਸ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਲਈ ਸਹਾਇਤਾ ਰਾਸ਼ੀ ਮੁਹਈਆ ਕਰਵਾਵੇ ਕਿਉਂ ਕਿ ਕਿਸਾਨਾਂ ਕੋਲ ਫਸਲ ਤੋਂ ਬਿਨਾਂ ਹੋਰ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ। 

ਕਿਸਾਨਾਂ ਵੱਲੋਂ ਨਰਮੇ ਦੀ ਫਸਲ ਚ ਭਰੇ ਹੋਏ ਪਾਣੀ ਨੂੰ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਲੇਕਿਨ ਬਰਸਾਤ ਜਿਆਦਾ ਹੋਣ ਕਾਰਨ ਕਿਸੇ ਵੀ ਪਾਸੇ ਪਾਣੀ ਨਿੱਕਲਣ ਨੂੰ ਜਗਾਹ ਨਾ ਹੋਣ ਕਾਰਨ ਕਿਸਾਨਾਂ ਦੀਆਂ ਕੋਸ਼ਿਸ਼ਾਂ ਨਾ ਕਾਮਯਾਬ ਦਿਖ ਰਹੀਆਂ ਹਨ ।