ਹੜ੍ਹਾਂ ਦੇ ਬਾਵਜੂਦ ਸਾਉਣੀ ਸੀਜ਼ਨ ਦਾ ਅਨਾਜ ਉਤਪਾਦਨ ਚੰਗਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੌਜੂਦਾ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਸਾਲ 2019 ਦੇ ਸਾਉਣੀ ਸੀਜ਼ਨ ਵਿਚ ਅਨਾਜ ਉਤਪਾਦਨ 14.8 ਕਰੋੜ ਟਨ ਰਹਿ ਸਕਦਾ ਹੈ,

Wheat

ਨਵੀਂ ਦਿੱਲੀ  : ਮੌਜੂਦਾ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਸਾਲ 2019 ਦੇ ਸਾਉਣੀ ਸੀਜ਼ਨ ਵਿਚ ਅਨਾਜ ਉਤਪਾਦਨ 14.8 ਕਰੋੜ ਟਨ ਰਹਿ ਸਕਦਾ ਹੈ, ਜੋ ਪਿਛਲੇ ਸੀਜ਼ਨ 'ਚ 14.2 ਕਰੋੜ ਟਨ ਦੇ ਅਨੁਮਾਨਤ ਉਤਪਾਦਨ ਨਾਲੋਂ ਲਗਭਗ 4.4 ਫ਼ੀ ਸਦੀ ਵੱਧ ਹੈ। ਖੇਤੀਬਾੜੀ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ, ਸਾਉਣੀ ਸੀਜ਼ਨ 'ਚ ਮੋਟੇ ਅਨਾਜ, ਦਾਲਾਂ ਤੇ ਤੇਲ ਬੀਜਾਂ ਦੇ ਉਤਪਾਦਨ 'ਚ ਕਾਫ਼ੀ ਵਾਧਾ ਹੋਣ ਦਾ ਅੰਦਾਜ਼ਾ ਹੈ, ਜਦੋਂ ਕਿ ਚੌਲ ਉਤਪਾਦਨ ਵੱਧ ਜਾਂ ਘੱਟ ਰਹਿਣ ਦੀ ਸੰਭਾਵਨਾ ਹੈ।

ਮੋਟੇ ਅਨਾਜ ਦਾ ਉਤਪਾਦਨ 3.6 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ, ਜੋ ਪਹਿਲਾਂ 3.1 ਕਰੋੜ ਟਨ ਰਹਿਣ ਦਾ ਅੰਦਾਜ਼ਾ ਸੀ। ਉੱਥੇ ਹੀ, ਦਾਲਾਂ ਦਾ ਉਤਪਾਦਨ 100 ਲੱਖ ਟਨ ਤੋਂ ਵੱਧ ਪਹੁੰਚਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਦੇ ਅਨੁਮਾਨਤ ਅੰਦਾਜ਼ੇ 85.9 ਲੱਖ ਟਨ ਨਾਲੋਂ ਕਿਤੇ ਵੱਧ ਹੈ। ਉੱਥੇ ਹੀ, 2019 ਦੇ ਸਾਉਣੀ ਸੀਜ਼ਨ ਵਿਚ ਤੇਲ ਬੀਜਾਂ ਦਾ ਉਤਪਾਦਨ 20 ਫ਼ੀ ਸਦੀ ਵੱਧ ਕੇ 258.4 ਲੱਖ ਟਨ 'ਤੇ ਪਹੁੰਚ ਸਕਦਾ ਹੈ।

ਇਸ ਸਾਉਣੀ ਸੀਜ਼ਨ 'ਚ ਚਾਵਲ ਉਤਪਾਦਨ 10.2 ਕਰੋੜ ਟਨ ਰਹਿਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਦੇ ਅੰਦਾਜ਼ਨ ਉਤਪਾਦਨ ਦੇ ਲਗਭਗ ਬਰਾਬਰ ਹੀ ਹੈ। ਉੱਥੇ ਹੀ, ਸਰਕਾਰ ਦਾ ਅੰਦਾਜ਼ਾ ਹੈ ਕਿ ਸਾਉਣੀ ਤੇ ਹਾੜ੍ਹੀ ਨੂੰ ਮਿਲਾ ਕੇ ਪੂਰੇ ਸਾਲ ਵਿਚ ਅਨਾਜ ਉਤਪਾਦਨ 29.11 ਕਰੋੜ ਟਨ ਰਹਿ ਸਕਦਾ ਹੈ, ਜੋ ਪਹਿਲੇ ਅਨੁਮਾਨ 28.5 ਕਰੋੜ ਟਨ ਤੋਂ ਤਕਰੀਬਨ 2.2 ਫ਼ੀ ਸਦੀ ਵੱਧ ਹੈ। ਸਰਕਾਰ ਨੂੰ ਉਮੀਦ ਹੈ ਕਿ ਮਾਨਸੂਨ ਦੀ ਚੰਗੀ ਬਾਰਸ਼ ਨਾਲ ਇਸ ਵਾਰ ਸਾਉਣੀ-ਹਾੜ੍ਹੀ ਫ਼ਸਲਾਂ ਦਾ ਉਤਪਾਦਨ ਕਾਫੀ ਚੰਗਾ ਰਹਿਣ ਵਾਲਾ ਹੈ।