UP ਵਿਧਾਨ ਸਭਾ ਚੋਣਾਂ : ਅੱਜ ਚੌਥੇ ਗੇੜ੍ਹ 'ਚ 9 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ’ਤੇ ਹੋਵੇਗੀ ਵੋਟਿੰਗ
ਕਿਸਾਨ ਵਿਰੋਧੀ ਲੋਕਾਂ ਨੂੰ ਸਜ਼ਾ ਦੇਣ ਲਈ ਜਨਤਾ ਨੂੰ ਕਰਾਂਗੇ ਸੁਚੇਤ - ਟਿਕੈਤ
ਰਾਕੇਸ਼ ਟਿਕੈਤ ਤੇ ਹੋਰ ਕਿਸਾਨ ਆਗੂ ਅੱਜ ਤੋਂ ਪ੍ਰਯਾਗਰਾਜ, ਗੋਰਖਪੁਰ ਅਤੇ ਵਾਰਾਣਸੀ ਦਾ ਕਰਨਗੇ ਦੌਰਾ
ਨੋਇਡਾ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਪ੍ਰਯਾਗਰਾਜ, ਗੋਰਖਪੁਰ ਅਤੇ ਵਾਰਾਣਸੀ ਵਿਚ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਸੰਯੁਕਤ ਕਿਸਾਨ ਮੋਰਚਾ (ਐਸ. ਕੇ.ਐਮ.) ਦੇ ਹੋਰ ਆਗੂ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਟਿਕੈਤ ਐਸ.ਕੇ.ਐਮ. ਦੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਹਨ। ਸੰਯੁਕਤ ਕਿਸਾਨ ਮੋਰਚਾ ਕਈ ਕਿਸਾਨ ਜਥੇਬੰਦੀਆਂ ਦਾ ਸਾਂਝਾ ਮੰਚ ਹੈ, ਜਿਸ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚਲੇ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕੀਤੀ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਸੌਰਭ ਉਪਾਧਿਆਏ ਨੇ ਦਸਿਆ ਕਿ ਸੰਯੁਕਤ ਕਿਸਾਨ ਮੋਰਚਾ 23 ਫ਼ਰਵਰੀ ਨੂੰ ਪ੍ਰਯਾਗਰਾਜ ’ਚ, 28 ਫ਼ਰਵਰੀ ਨੂੰ ਗੋਰਖਪੁਰ ਅਤੇ 2 ਮਾਰਚ ਨੂੰ ਵਾਰਾਣਸੀ ’ਚ ਪੱਤਰਕਾਰ ਸੰਮੇਲਨ ਕਰਨਗੇ। ਉਪਾਧਿਆਏ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕਿਸਾਨ ਆਗੂ ਰਾਕੇਸ਼ ਟਿਕੈਤ, ਸ਼ਿਵਕੁਮਾਰ ਸ਼ਰਮਾ ‘ਕੱਕਾਜੀ’, ਯੋਗੇਂਦਰ ਯਾਦਵ ਅਤੇ ਹੋਰ ਆਗੂ ਸੰਯੁਕਤ ਕਿਸਾਨ ਮੋਰਚਾ ਦੇ ਇਸ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ। ਇਸ ਦੌਰਾਨ ਅਸੀਂ ਇਹ ਨਹੀਂ ਕਹਾਂਗੇ ਕਿ ਕਿਸ ਦੇ ਪੱਖ ਵਿਚ ਵੋਟਾਂ ਪਾਈਆਂ ਜਾਣ। ਅਸੀਂ ਬਸ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ, ਜੋ ਕਿਸਾਨਾਂ ਖਿਲਾਫ਼ ਹਨ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ 7 ਗੇੜ੍ਹਾਂ ’ਚ ਕੁਲ 403 ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਅੱਜ 23 ਫ਼ਰਵਰੀ ਨੂੰ ਵੋਟਾਂ ਦਾ ਚੌਥਾ ਗੇੜ੍ਹ ਹੈ, ਜਿਸ ’ਚ 9 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਚੌਥੇ ਗੇੜ੍ਹ ’ਚ ਕੁਲ 624 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪ੍ਰਯਾਗਰਾਜ ਵਿਚ 27 ਫ਼ਰਵਰੀ ਨੂੰ, ਗੋਰਖਪੁਰ ’ਚ 3 ਮਾਰਚ ਨੂੰ ਅਤੇ ਵਾਰਾਣਸੀ ’ਚ 7 ਮਾਰਚ ਨੂੰ ਵੋਟਾਂ ਪੈਣਗੀਆਂ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।