ਕਿਸਾਨ ਸਿਰਫ ਪੀ.ਆਰ. ਕਿਸਮ ਦੇ ਝੋਨੇ ਦੀ ਹੀ ਕਾਸ਼ਤ ਕਰਨ : ਖੇਤੀਬਾੜੀ ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਰ ਸਾਲ 2 ਕਿਸਾਨਾਂ ਮੇਲੇ ਆਯੋਜਿਤ ਕਰਦੀ ਹੈ

ricepedia

ਪਟਿਆਲਾ 23 ਮਈ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਰ ਸਾਲ 2 ਕਿਸਾਨਾਂ ਮੇਲੇ ਆਯੋਜਿਤ ਕਰਦੀ ਹੈ, ਜਿਸ ਵਿੱਚ ਕਿਸਾਨਾਂ ਨੂੰ ਵਧੀਆ ਕਿਸਮ ਦੇ ਕਣਕ ਅਤੇ ਝੋਨੇ ਦੀ ਬੀਜ਼ ਤਕਸੀਮ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵਾਤਾਵਰਣ ਪੱਖੀ ਫਸਲਾਂ ਬੀਜਣ ਦੀ ਨੇਕ ਸਲਾਹ ਵੀ ਹਰ ਸਾਲ ਖੇਤੀ ਵਿਗਿਆਨੀ ਕਿਸਾਨਾਂ ਨੂੰ ਦਿੰਦੇ ਆ ਰਹੇ ਹਨ।

ਇਨ੍ਹਾਂ ਦਿਨਾਂ ਵਿੱਚ ਹੁਣ ਜਦੋਂ ਕਿ ਕਿਸਾਨ ਝੋਨੇ ਦੀ ਪਨੀਰੀ ਲਗਾਉਣ ਵਿੱਚ ਰੁਝੇ ਹਨ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਕਿਸਾਨ ਕੈਂਪ ਆਯੋਜਿਤ ਕਰ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਵਾਤਾਵਰਣ ਪੱਖੀ ਝੋਨਾ ਬੀਜਣ ਅਤੇ ਉਹ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਹੜੀਆਂ ਘੱਟ ਪਾਣੀ ਨਾਲ ਪੱਕ ਜਾਣ ਅਤੇ ਪੱਕਣ ਲਈ ਘੱਟ ਸਮਾਂ ਲੈਣ।

ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਕਿਸਾਨਾਂ ਨੂੰ ਇਹ ਸਲਾਹ ਦੇ ਰਹੇ ਹਨ ਕਿ ਉਹ ਇਨ੍ਹਾਂ ਦਿਨਾਂ ਵਿੱਚ ਸਿਰਫ ਪੀ.ਆਰ. 121, ਪੀ.ਆਰ.122, ਪੀ.ਆਰ. 123, ਪੀ.ਆਰ. 124, ਪੀ.ਆਰ. 126 ਅਤੇ ਪੀ.ਆਰ. 127 ਦੀਆਂ ਕਿਸਮਾਂ ਬੀਜਣ ਅਤੇ ਰਿਵਾਇਤੀ ਝੋਨਾ ਪੂਸਾ 44 ਦਾ ਵਿਚਾਰ ਤਿਆਗ ਦੇਣ। ਖੇਤੀ ਵਿਗਿਆਨੀ ਨੇ ਇਹ ਵੀ ਕਿਹਾ ਕਿ ਪੂਸਾ 44 ਦੂਸਰੀਆਂ ਕਿਸਮਾਂ ਨਾਲੋਂ ਪਕਣ ਵਿੱਚ ਬਹੁਤ ਸਮਾਂ ਵੱਧ ਲੈਂਦੀ ਹੈ ਅਤੇ ਉਸ ਨੂੰ ਪਾਣੀ ਦੀ ਵੱਧ ਲੋੜ ਪੈਂਦੀ ਹੈ ਬਾਕੀ ਪੂਸਾ 44 ਨੂੰ 20 ਜੂਨ ਤੋਂ ਬਾਅਦ ਬੀਜਣ ਦਾ ਬਹੁਤ ਫਾਇਦਾ ਨਹੀਂ ਹੁੰਦਾ। ਇਸ ਕਰਕੇ ਪੰਜਾਬ ਦੇ ਕਿਸਾਨ ਸਿਰਫ ਪੀ.ਆਰ. ਕਿਸਮ ਦੇ ਝੋਨੇ ਦੀ ਹੀ ਕਾਸ਼ਤ ਕਰਨ।