ਮਿਸ਼ਨ ਤੰਦਰੁਸਤ ਪੰਜਾਬ: ਖੇਤੀਬਾੜੀ ਵਿਭਾਗ ਨੇ ਭਰੇ 15 ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੇ ਸੈਂਪਲ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਸ਼ਹਿਣਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਲਏ ਗਏ
ਸ਼ਹਿਣਾ, 23 ਜੂਨ (ਸੁਖਵਿੰਦਰ ਧਾਲੀਵਾਲ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਸ਼ਹਿਣਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਲਏ ਗਏ ਤਾਂ ਜੋ ਬਾਜ਼ਾਰ 'ਚੋਂ ਨਕਲੀ ਅਤੇ ਗੈਰ ਮਿਆਰੀ ਉਤਪਾਦਾਂ ਦੀ ਵਿਕਰੀ ਨੂੰ ਰੋਕਿਆ ਜਾਵੇ। ਇਸ ਮੌਕੇ ਬਲਾਕ ਸ਼ਹਿਣਾ ਵਿਖੇ ਡਾ. ਗੁਰਬਿੰਦਰ ਸਿੰਘ ਸੰਧੂ ਖੇਤੀਬਾੜੀ ਵਿਕਾਸ ਅਫ਼ਸਰ ਸ਼ਹਿਣਾ, ਦੀ ਅਗਵਾਈ ਹੇਠ ਟੀਮ ਵੱਲੋਂ ਤਕਰੀਬਨ 15 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਕੀਟਨਾਸ਼ਕ ਦਵਾਈਆਂ ਦੇ 5 ਸੈਂਪਲ ਲਏ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਛਪਾਲ ਸਿੰਘ ਖੋਸਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਇਕੱਠੇ ਕੀਤੇ ਗਏ ਸੈਂਪਲ ਟੈਸਟ ਕਰਨ ਲਈ ਗੁਪਤ ਰੂਪ 'ਚ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ ਅਤੇ ਖੇਤੀਬਾੜੀ ਲਈ ਲੋੜੀਂਦੀਆਂ ਵਧੀਆ ਮਿਆਰੀ ਦਵਾਈਆਂ ਮੁਹੱਈਆ ਕਰਵਾਉਣਾ ਹੈ।
ਡਾ. ਰਛਪਾਲ ਸਿੰਘ ਖੋਸਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਹੁੰਗਾਰਾ ਦੇਣ, ਫਸਲੀ ਰਹਿੰਦ-ਖੂਹੰਦ ਦੇ ਯੋਗ ਪ੍ਰਬੰਧਨ ਬਾਰੇ, ਮਿੱਟੀ ਸਿਹਤ ਕਾਰਡ ਦੇ ਆਧਾਰ 'ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ, ਖੇਤੀ ਵਸਤਾਂ ਦੀ ਲੋੜ ਅਨੁਸਾਰ ਖਰੀਦ ਕਰਕੇ ਖੇਤੀ ਖਰਚੇ ਘਟਾ ਕੇ ਵਧੇਰੇ ਮੁਨਾਫ਼ਾ ਲੈਣ, ਘਰੇਲੂ ਬਗੀਚੀ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਉਣੀ ਦੀਆਂ ਫਸਲਾਂ ਖ਼ਾਸ ਕਰਕੇ ਝੋਨੇ ਅਤੇ ਮੱਕੀ ਦੀ ਕਾਸ਼ਤ, ਖ਼ਤਰਨਾਕ ਕੀੜੇ-ਮਕੌੜਿਆਂ ਤੋਂ ਫ਼ਸਲ ਦੇ ਬਚਾਅ ਅਤੇ ਖੇਤੀ 'ਚ ਨਿੱਤ ਨਵੀਂਆਂ ਆ ਰਹੀਆਂ ਤਕਨੀਕਾਂ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਮੌਕੇ ਸੁਖਪਾਲ ਸਿੰਘ, ਸਤਿਨਾਮ ਸਿੰਘ ਆਦਿ ਵੀ ਹਾਜਰ ਸਨ।