ਵਿਗਿਆਨਕ ਸੋਚ ਤੇ ਖੇਤੀਬਾੜੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਨੌਬਤ ਇਥੋਂ ਤਕ ਆ ਪਹੁੰਚੀ ਹੈ ਕਿ ਜ਼ਮੀਨ ਹੇਠੋਂ 75 ਫ਼ੀ ਸਦੀ ਪਾਣੀ ਖਿੱਚਿਆ ਜਾ ਚੁਕਿਆ ਹੈ

Agriculture

ਅੱਜ ਡਾਹਦੀ ਪੈ ਪਈ ਗਈ ਹੈ ਇਸ ਭਖਦੇ ਵਿਸ਼ੇ ਨੂੰ ਨਜਿੱਠਣ ਦੀ ਕਿ ਇਨਸਾਨ ਅਪਣੀ ਹੀ ਨਹੀਂ ਆਉਣ ਵਾਲੀਆਂ ਪੀੜੀਆਂ ਅੱਗੇ ਵੀ ਜ਼ਹਿਰ ਦੇ ਛੱਟੇ ਦੇ ਰਿਹਾ ਹੈ-ਆਖ਼ਰ ਕਿਉਂ? ਧਰਤੀ ਉਤੇ ਗਰਮੀ ਭਾਵ ਵਧਦੀ ਆਲਮੀ ਤਪਸ਼ ਤੇ ਪਾਣੀ ਦੀ ਕਿੱਲਤ ਇਸ ਵਿਚਾਰੇ ਬਣ ਚੁੱਕੇ ਆਲਮ ਨੂੰ ਅਪਣੇ ਵਿਚ ਸਮਾਉਣ ਲਈ ਹਰ ਪਲ ਕਾਹਲੀ ਤੇ ਬੇਕਰਾਰ ਹੈ। ਹੱਥੀਂ ਪਾਲੇ ਜਾ ਰਹੇ ਜ਼ਹਿਰ ਦੀ ਖੇਤੀ ਮਨੁੱਖ ਦੀ ਸਿਹਤਮੰਦ ਵਿਵਸਥਾ ਸਾਹਮਣੇ ਨੱਕ ਚੜ੍ਹਾਅ ਰਹੀ ਹੈ ਜਿਵੇਂ ਕਹਿ ਰਹੀ ਹੋਵੇ 'ਤੁਹਾਨੂੰ ਪਾਣੀ ਪਿਲਾ-ਪਿਲਾ ਕੇ ਨਹੀਂ, ਪਾਣੀ ਲਈ ਤਰਸਾ-ਤਰਸਾ ਕੇ ਮਾਰਾਂਗੀ।' 

ਅੱਜ ਦੀ ਅਰਥ ਵਿਵਸਥਾ ਦਾ ਧ੍ਰੋਹਰ ਹੈ ਖੇਤੀ ਜੋ ਕਿ ਸਮੁੱਚੇ ਮਨੁੱਖੀ ਜੀਵਨ ਦੀ ਚੁਫੇਰਿਉਂ ਘੇਰਾਬੰਦੀ ਕਰਦੀ ਹੈ। ਉਦਯੋਗ ਅਪਣੇ ਆਪ ਵਿਚ ਸੁਤੰਤਰ ਇਕਾਈ ਮੰਨਣ ਦਾ ਦਾਅਵਾ ਕਰਨ ਦੀ ਗੁਸਤਾਖ਼ੀ ਕਰ ਹੀ ਨਹੀਂ ਸਕਦਾ ਕਿਉਂਕਿ ਇਸ ਦੀ ਖ਼ੁਰਾਕ ਭਾਵ ਕੱਚਾ ਮਾਲ ਤਾਂ ਇਸ ਦੀ ਮਾਂ ਖੇਤੀਬਾੜੀ ਹੀ ਜੁਟਾਉਂਦੀ ਹੈ। ਰਸੋਈ ਵਿਚ ਪਕਦੀ ਰੋਟੀ ਤੋਂ ਲੈ ਕੇ ਤੰਨ ਤੇ ਪਹਿਨਿਆ ਜਾਣ ਵਾਲਾ ਕਪੜਾ ਤੇ ਰਹਿਣ ਲਈ ਘਰ ਤਾਂ ਮੁਢਲੀਆਂ ਲੋੜਾਂ ਹੀ ਨੇ, ਜੋ ਖੇਤੀ ਪ੍ਰਦਾਨ ਕਰਦੀ ਹੈ ਪਰ ਮਨੁੱਖ ਤੇ ਬਾਕੀ ਜੀਵਾਂ ਨੂੰ ਦਵਾਈਆਂ ਦੀ ਪੂਰਤੀ ਵੀ ਜ਼ਮੀਨ ਦੇ ਪੇਟ ਵਿਚੋਂ ਹੀ ਪੈਦਾ ਹੁੰਦੀ ਹੈ। 

ਹੁਣ ਫਿਕਰ ਤੇ ਮੰਨ ਨੂੰ ਅਸ਼ਾਂਤ ਤੋਂ ਇਲਾਵਾ ਬਿਮਾਰ ਕਰਨ ਵਾਲਾ ਸਵਾਲ ਹੈ ਕਿ ਇਹ ਅਨਾਜ ਅਤੇ ਮਨੁੱਖੀ ਜੀਵਨ ਲਈ ਉਦਯੋਗਾਂ ਵਿਚ ਵਰਤਿਆ ਜਾਣ ਵਾਲਾ ਕੱਚਾ ਮਾਲ ਹੀ ਜੇਕਰ ਜ਼ਹਿਰ ਨਾਲ ਲੁਪਤ ਹੋ ਗਿਆ ਤਾਂ ਮਨੁੱਖ ਦੀ ਹੋਂਦ ਦਾ ਆਖ਼ਰ ਹਸ਼ਰ ਕੀ ਹੋਵੇਗਾ? ਇਹ ਰਹੱਸ ਕੋਈ ਬਹੁਤਾ ਡੂੰਘਾ ਜਾਂ ਪੇਚੀਦਾ ਨਹੀਂ।
ਅੱਜ ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਨਾਲ ਦੋਚਾਰ ਹੈ ਤੇ ਚਲ ਰਹੇ ਵਰਤਾਰੇ ਉਪਰ ਖੇਦ ਵਿਅਕਤ ਕਰਦਾ ਹੋਇਆ ਅਪਣੇ ਆਪ ਨੂੰ ਬੇਵਸ ਜਿਹਾ ਮਹਿਸੂਸ ਕਰਦਾ ਹੈ ਤੇ ਚਾਹੁੰਦਾ ਹੈ ਕਿ ਇਹ ਅਪਣੀ ਹੀ ਪੈਦਾ ਕੀਤੀ ਤੇ ਪਾਲੀ ਹੋਈ ਆਫ਼ਤ ਕਿਸੇ ਕੁਦਰਤੀ ਚਮਤਕਾਰ ਨਾਲ ਹੀ ਦੂਰ ਹੋਵੇ।

ਅੱਜ ਦਾ ਸਿਸਟਮ ਹੀ ਅਜਿਹਾ ਬਣਦਾ ਜਾ ਰਿਹਾ ਹੈ ਕਿ ਗੱਲ ਭਾਵੇਂ ਮਾਹਰਾਂ ਦੀ ਹੋਵੇ ਜਾਂ ਸਰਕਾਰਾਂ ਦੀ, ਵਿਦਵਾਨਾਂ ਦੀ ਹੋਵੇ ਜਾਂ ਸਮਾਜ ਸੁਧਾਰਕਾਂ ਦੀ- ਮੰਨਣੀ ਹੀ ਨਹੀਂ-ਸਿਰਫ਼ ਇਕ ਦੂਜੇ ਕੋਲ ਜਾਂ ਤਾਂ ਖ਼ਬਰ ਦੇ ਰੂਪ ਵਿਚ ਸੁਨਾਉਣੀ ਹੈ ਤੇ ਜਾਂ ਫਿਰ ਸ਼ਿਕਾਇਤ ਕਰਨੀ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਰਹੇਗਾ। ਅਕਾਸ਼ਵਾਣੀ ਤੇ ਦੂਰਦਰਸ਼ਨ ਉਪਰ ਚਲਦੇ ਖੇਤੀ ਸਬੰਧੀ ਪ੍ਰੋਗਰਾਮ, ਗੋਸ਼ਟੀਆਂ, ਵਿਚਾਰਾਂ, ਹਦਾਇਤਾਂ, ਨਸੀਹਤਾਂ ਤੇ ਖੇਤੀ ਮਾਹਰਾਂ ਨਾਲ ਵਿਸ਼ੇਸ਼ ਪ੍ਰੋਗਰਾਮਾਂ ਉਤੇ ਜ਼ਰਾ ਗੌਰ ਕਰੀਏ। ਰਸਾਇਣਿਕ ਖਾਦਾਂ ਤੋਂ ਭਾਵੇਂ ਜ਼ਹਿਰ ਨਹੀਂ ਪਰ ਸਿਆਣੇ ਕਹਿੰਦੇ ਹਨ ਕਿ ਜੇਕਰ ਜ਼ਿਆਦਾ ਖਾ ਲਈਏ ਤਾਂ ਮਾਰੂ ਸਾਬਤ ਹੁੰਦਾ ਹੈ। 

ਇਹੋ ਸਿਧਾਂਤ ਰਸਾਇਣਕ ਖਾਦਾਂ ਉਪਰ ਵੀ ਲਾਗੂ ਹੁੰਦਾ ਹੈ। ਵੱਖ-ਵੱਖ ਜ਼ਮੀਨਾਂ ਨੂੰ ਵੱਖ-ਵੱਖ ਪੋਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਪਰ ਸਾਡਾ ਕਿਸਾਨ ਅੱਜ ਵੀ ਰੂੜੀਵਾਦੀ ਹੈ, ਭਾਵੇਂ ਪੜ੍ਹ ਲਿਖ ਗਿਆ ਹੈ ਅਤੇ ਵਿਸ਼ਵੀਕਰਨ ਬਾਰੇ ਬਹੁਤ ਗਿਆਨ ਰੱਖਣ ਦਾ ਦਾਅਵਾ ਕਰਦਾ ਹੈ ਪਰ ਖਾਦਾਂ ਦੀ ਲੋੜੋਂ ਵੱਧ ਮਿਕਦਾਰ ਜ਼ਮੀਨ ਨੂੰ ਭਸਮ ਕਰਨ ਦਾ ਕੰਮ ਕਰਦੀ ਹੈ। ਪਰ ਕਿਸਾਨ ਇਸ ਸਚਾਈ ਨੂੰ ਅਜੇ ਤਕ ਜਾਣ ਨਹੀਂ ਸਕਿਆ। ਇਸ ਤੋਂ ਇਲਾਵਾ ਨਵੀਆਂ-ਨਵੀਆਂ ਤਕਨੀਕਾਂ ਤੇ ਖੋਜਾਂ ਉਪਰ ਅਧਾਰਤ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪੇ ਲੇਖਾਂ ਦੇ ਹਵਾਲੇ ਜੋ ਅੱਜ ਦੇ ਕਿਸਾਨ ਨੂੰ ਅਨਪੜ੍ਹ ਹੋਣ ਨਹੀਂ ਦੇਂਦੇ, ਪਰ ਵਾਪਰ ਇੰਜ ਹੀ ਰਿਹਾ ਹੈ।

ਨਵੇ-ਨਵੇਂ ਢੰਗਾਂ ਨਾਲ ਖੇਤਾਂ ਵਿਚ ਛੋਟੀਆਂ ਫ਼ਸਲਾਂ ਜਿਵੇਂ ਕਿ ਝਿੰਜਣ, ਚਰ੍ਹੀ ਆਦਿ ਨੂੰ ਵੱਢ ਕੇ ਸਸਤੀ ਤੇ ਜ਼ਮੀਨ ਦੇ ਅਸਲ ਤੱਤਾਂ ਨੂੰ ਬਣਾ ਕੇ ਰੱਖਣ ਲਈ ਅੱਜ ਵੀ ਬਹੁਤ ਘੱਟ ਕਿਸਾਨ ਉਦਮ ਕਰਦੇ ਹਨ। ਇਸੇ ਹੀ ਰਸਾਇਣਕ ਖਾਦ ਦੀ ਜੁੜਵਾਂ ਭੈਣ ਹੈ ਕੀਟ ਨਾਸ਼ਕ ਦਵਾਈ। ਲੋੜੋਂ ਵੱਧ ਤੇ ਮਾਹਰਾਂ ਦੁਆਰਾ ਸਿਫ਼ਾਰਸ਼ ਨਾ ਕੀਤੀ ਗਈ ਕੀਟਨਾਸ਼ਕ ਵੀ ਭਸਮ ਦਾ ਹੀ ਕੰਮ ਕਰਦੀ ਹੈ, ਭਾਵ ਕੀਟਾਂ ਨੂੰ ਨਹੀਂ, ਜ਼ਮੀਨ ਦੇ ਉਪਜਾਊ ਤੱਤਾਂ ਨੂੰ ਭਸਮ ਕਰ ਰਹੀ ਹੈ।

ਇਹ ਕੀਟਨਾਸ਼ਕ ਜ਼ਹਿਰਾਂ ਨਾ ਸਿਰਫ਼ ਖੇਤੀ ਉਤਪਾਦਨ ਬਲਕਿ ਇਹ ਅਨਾਜ ਤੇ ਚਾਰਾ ਜੋ ਵੀ ਇਨਸਾਨ ਤੇ ਪਸ਼ੂ ਖਾਂਦੇ ਹਨ, ਉਨ੍ਹਾਂ ਉੱਪਰ ਮਾਰੂ ਤੇ ਭਾਰੂ ਪੈਂਦੀ ਹੈ, ਫਿਰ ਚੱਕਰ ਕੱਟਣੇ ਪੈਂਦੇ ਨੇ ਡਾਕਟਰਾਂ ਦੇ ਜੋ ਅਪਣੇ ਹੀ ਕੁਕਰਮਾਂ ਦੀ ਸਜ਼ਾ ਹੈ। ਗੱਲ ਇਥੇ ਹੀ ਬੱਸ ਨਹੀਂ ਸਾਡੇ ਦੇਸ਼ ਦੇ ਵਪਾਰੀ ਕਿਸੇ ਵੀ ਹੱਦ ਤਕ ਡਿੱਗ ਸਕਦੇ ਹਨ। ਸਮੁੱਚੇ ਵਿਸ਼ਵ ਵਿਚ ਪ੍ਰਤੀ ਏਕੜ 250 ਗ੍ਰਾਮ ਕੀਟਨਾਸ਼ਕ ਦੀ ਸਿਫ਼ਾਰਸ਼ ਹੈ ਪਰ ਸਾਡੇ ਦੇਸ਼ ਵਿਚ ਇਹ ਮਾਤਰਾ ਕੇਵਲ 1000 ਗਰਾਮ ਯਾਨੀ ਸਿਰਫ਼ ਇਕ ਕਿਲੋ ਹੈ। ਕੀਟਨਾਸ਼ਕ ਕੰਪਨੀਆਂ ਵਲੋਂ ਵਿਕਰੇਤਾਵਾਂ ਨੂੰ ਵੱਧ ਦਵਾਈਆਂ ਵੇਚਣ ਲਈ ਦਿਲ ਲੁਭਾਵਣੇ ਤੋਹਫ਼ੇ ਦਿਤੇ ਜਾਂਦੇ ਹਨ, ਜਿਵੇਂ ਕਿ ਯੂਰਪ ਦਾ ਟੂਰ ਆਦਿ।

ਇਸ ਟੂਰ ਨੂੰ ਹਾਸਲ ਕਰਨ ਲਈ ਡੀਲਰ ਕਿਸਾਨਾਂ ਨੂੰ ਜਾਲ ਵਿਚ ਫ਼ਸਾਉਂਦਾ ਕਹਿੰਦਾ ਹੈ, “ਭਾਅ ਜੀ 250 ਗ੍ਰਾਮ ਦਵਾਈ ਕੀ ਕਰੇਗੀ, ਤੁਸੀ ਆਪ ਹੀ ਸੋਚੋ।”
ਕਿਸਾਨ ਉਨ੍ਹਾਂ ਦੀਆਂ ਮਿਠੀਆਂ ਗੱਲਾਂ ਵਿਚ ਆ ਕੇ ਜ਼ਹਿਰ ਦੇ ਰੂਪ ਵਿਚ ਵੱਧ ਦਵਾਈ ਖ਼ਰੀਦ ਲੈਂਦਾ ਹੈ। ਇਥੇ ਹੀ ਬਸ ਨਹੀਂ ਕਈ ਡੀਲਰ ਤਾਂ ਮਿਆਦ ਪੁਗਾ ਚੁਕੀਆਂ ਦਵਾਈਆਂ ਵੀ ਵੇਚ ਦੇਂਦੇ ਹਨ। ਬਹੁਤ ਸਾਰੇ ਜ਼ਿੰਮੀਦਾਰ ਭਰਾਵਾਂ ਨੂੰ ਤਾਂ ਸ਼ਇਦ ਇਹ ਵੀ ਨਹੀਂ ਪਤਾ ਕਿ ਖੇਤੀਬਾੜੀ ਮਹਿਕਮੇ ਦੀ ਸਿਫ਼ਾਰਸ਼ ਨਾਲ ਸਰਕਾਰ ਨੇ ਕਿਹੜੇ-ਕਿਹੜੇ ਕੀਟਨਾਸ਼ਕਾਂ ਉਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ।

ਗਿਆਨ ਨਾ ਹੋਣ ਕਾਰਨ ਕਿਸਾਨ ਇਨ੍ਹਾਂ ਲਾਭਕਾਰੀ ਨੀਤੀਆਂ ਦਾ ਵੀ ਫ਼ਾਇਦਾ ਨਹੀਂ ਉਠਾ ਪਾਉਂਦਾ। ਇਹ ਹੈ ਇਥੋਂ ਦਾ ਕਲਚਰ ਜਾਂ ਸਿਸਟਮ। ਹੁਣ ਇਥੇ ਸਰਕਾਰ ਜਾਂ ਖੇਤੀਬਾੜੀ ਮਾਹਰ ਕੁੱਝ ਕਰਨ ਵੀ ਤਾਂ ਕੀ ਕਰਨ? ਉਨ੍ਹਾਂ ਵਲੋਂ ਦਿਤੀਆਂ ਹਦਾਇਤਾਂ ਦਾ ਕੋਈ ਪਾਲਣ ਨਹੀਂ ਕਰਦਾ। ਇਸ ਲੋੜੋਂ ਵੱਧ ਜ਼ਹਿਰ ਦਾ ਮਨੁੱਖੀ ਸਿਹਤ ਉਤੇ ਕੀ ਅਸਰ ਹੋਇਆ? ਅੰਜਾਮ ਅਸੀ ਸਾਰੇ ਭੁਗਤ ਰਹੇ ਹਾਂ ਤੇ ਹੋਰ ਕਠੋਰ ਭੁਗਤਾਂਗੇ। ਜ਼ਮੀਨ ਦੀ ਉਪਜਾਊ ਸ਼ਕਤੀ ਗਈ ਸੋ ਗਈ, ਲੋੜੀਂਦੇ ਤੱਤ ਮਰੇ ਸੋ ਮਰੇ, ਕੀ ਅਗਾਂਹ ਅਸੀ ਸਾਵਧਾਨ ਹੋਏ ਹਾਂ? ਕੀ ਅੱਜ ਅਸਲ ਵਿਚ ਹੀ ਵਿਗਿਆਨਕ ਢੰਗ ਨਾਲ ਖੇਤੀ ਹੋ ਰਹੀ ਹੈ? ਸਿਆਣੇ ਕਹਿੰਦੇ ਹਨ ਕਿ ਜਦੋਂ ਜਾਗੋ ਉਦੋਂ ਹੀ ਸਵੇਰਾ।

ਸੁਝਵਾਨ ਇਸ ਸਿਧਾਂਤ ਨੂੰ ਪੱਲੇ ਬੰਨਦੇ ਹਨ। ਕਹਿਣ ਮਾਤਰ ਜਾਂ ਸੁਣਨ ਨਾਲ ਗਿਆਨ ਕਦੇ ਵਫ਼ਾ ਨਹੀਂ ਕਰਦਾ। ਬਾਬੇ ਨਾਨਕ ਨੇ ਵੀ ਫ਼ੁਰਮਾਇਆ ਹੈ  ਕਿ 'ਵਿਦਿਆ ਵਿਚਾਰੀ ਤਾਂ ਪਰਉਪਕਾਰੀ' ਭਾਵ ਵਿਦਿਆ ਦੇ ਅਰਥ ਨੂੰ ਹਿਰਦੇ ਵਿਚ ਉਤਾਰ ਕੇ ਜੇ ਅਮਲ ਨਾ ਕੀਤਾ ਜਾਵੇ ਤਾਂ ਪੜ੍ਹਿਆ ਵੀ ਮੂਰਖ ਜਾਣੀਏ। ਅਗਲੀ ਗੱਲ ਜੋ ਮਹੱਤਵਪੂਰਨ ਹੈ ਕਿ ਅਸੀ ਸਿਰਫ਼ ਰਵਾਇਤੀ ਫ਼ਸਲਾਂ ਜਿਵੇਂ ਕਣਕ ਜਾਂ ਝੋਨੇ ਦਾ ਹੀ ਪੱਲਾ ਕਿਉਂ ਫੜਿਆ ਹੋਇਆ ਹੈ? ਇਹ ਜਾਣ ਕੇ ਹੈਰਾਨ ਨਹੀਂ ਪ੍ਰੇਸ਼ਾਨ ਹੋਣ ਦੀ ਲੋੜ ਹੈ ਕਿ ਇਕ ਕਿੱਲੋ ਚੌਲਾਂ ਦੀ ਪੈਦਾਵਾਰ ਲਈ ਜ਼ਮੀਨ ਵਿਚੋਂ 2497 ਲੀਟਰ ਪਾਣੀ ਖਿੱਚਿਆ ਜਾਂਦਾ ਹੈ।

ਨੌਬਤ ਇਥੋਂ ਤਕ ਆ ਪਹੁੰਚੀ ਹੈ ਕਿ ਜ਼ਮੀਨ ਹੇਠੋਂ 75 ਫ਼ੀ ਸਦੀ ਪਾਣੀ ਖਿੱਚਿਆ ਜਾ ਚੁਕਿਆ ਹੈ। ਇਹ ਸਹੀ ਹੈ ਕਿ ਇਨ੍ਹਾਂ ਫ਼ਸਲਾਂ ਉਪਰ ਮਿਹਨਤ ਘੱਟ ਹੁੰਦੀ ਹੈ ਪਰ ਕੀ ਅਸੀ ਵੱਧ ਮਿਹਨਤ ਕਰਨਾ ਨਹੀਂ ਚਾਹੁੰਦੇ? ਬਹੁਤੇ ਕਿਸਾਨਾਂ ਨੂੰ ਉਨ੍ਹਾਂ ਦੇ ਨੌਕਰੀ ਕਰਦੇ ਬੱਚਿਆਂ ਤੋਂ ਜ਼ਰੂਰ ਪਤਾ ਹੈ ਕਿ ਅੱਜ ਦਾ ਕੰਪਿਊਟਰ ਇੰਜੀਨੀਅਰ ਕਿੰਨੇ ਘੰਟੇ ਕੰਮ ਕਰਦਾ ਹੈ? ਉਦਯੋਗਾਂ ਤੇ ਕੰਪਨੀਆਂ ਵਿਚ ਕਿੰਨੀ ਮਾਰਾ-ਮਾਰੀ ਕਰਨੀ ਪੈਂਦੀ ਹੈ। ਜੋ ਮਿਹਨਤ ਜਾਂ ਜਾਨ ਲਗਾ ਨਹੀਂ ਸਕਦੇ, ਟਿਕ ਵੀ ਨਹੀਂ ਸਕਦੇ ਤੇ ਜੋ ਜਾਨ ਲਗਾ ਕੇ ਕੰਮ ਕਰਦੇ ਹਨ, ਤਰੱਕੀ ਦੀਆਂ ਬੁਲੰਦੀਆਂ ਵੀ ਛੁਹੰਦੇ ਹਨ।

ਇਹੀ ਹਾਲ ਖੇਤੀ ਦਾ ਹੈ। ਕਿਉ ਨਹੀਂ ਵੱਧ ਮਿਹਨਤ ਕਰ ਕੇ ਫੱਲਦਾਰ ਬੂਟਿਆਂ ਜਾ ਦਾਲਾਂ-ਸਬਜ਼ੀਆਂ ਨੂੰ ਨਵੀਨ ਢੰਗ ਨਾਲ ਤਿਆਰ ਕੀਤਾ ਜਾਂਦਾ ਤੇ ਕਰਜ਼ੇ ਤੋਂ ਮੁਕਤ ਹੋਇਆ ਜਾਂਦਾ? ਅਗਾਂਹਵਧੂ ਦੇਸ਼ਾਂ ਵਿਚ ਫੱਲਦਾਰ ਬੂਟਿਆਂ ਨਾਲ ਲੋਕ ਮਾਲਾ-ਮਾਲ ਹੋਏ ਪਏ ਹਨ। ਸ਼ਹਿਦ ਦੀਆਂ ਮੱਖੀਆਂ ਪਾਲਣਾ ਇਕ ਆਮਦਨ ਵਧਾਉਣ ਵਾਲਾ ਕਿੱਤਾ ਹੈ ਜਿਸ ਦੀ ਸਿਖਲਾਈ ਖੇਤੀਬਾੜੀ ਯੂਨੀਵਰਸਟੀ ਵਿਚ ਲੈਣ ਲਈ ਕਾਫ਼ੀ ਲੋਕ ਜਾਂਦੇ ਹੀ ਨਹੀਂ।  ਇਸ ਤੋਂ ਇਲਾਵਾ ਡਾਹਢਾ ਫਿਕਰ ਹੈ ਕਿ ਅੱਜ ਕਿੰਨੇ ਜ਼ਿੰਮੀਦਾਰ ਭਰਾ ਵਾਤਾਵਰਣ ਦਾ ਸੰਤੁਲਨ ਵਿਗਾੜ ਰਹੇ ਹਨ ਪਰ ਚਿੰਤਾ ਕਿਸੇ ਨੂੰ ਹੀ ਹੈ।

ਕਈ ਤਾਂ ਜ਼ਿੱਦ ਵਿਚ ਇਕੱਠੇ ਹੋ ਕੇ ਸਰਕਾਰ ਨੂੰ ਨਹੀਂ, ਅਪਣੀਆਂ ਨਸਲਾਂ ਨੂੰ ਸ਼ਰੇਆਮ ਧਮਕੀਆਂ ਦੇਂਦੇ ਨੇ ਕਿ ਅਸੀ ਪਰਾਲੀ ਸਾੜ ਕੇ, ਨਾੜ ਨੂੰ ਅੱਗ ਦੀ ਭੇਂਟ ਚੜ੍ਹਾ ਕੇ ਤੁਹਾਡੇ ਹਿੱਸੇ ਦੀ ਅਕਸੀਜ਼ਨ ਅਗਨ ਭੇਂਟ ਕਰ ਰਹੇ ਹਾਂ। ਲਉ, ਕਰ ਲਉ ਇਨ੍ਹਾਂ ਸਿਆਣੇ ਤੇ ਭੋਲੇ ਕਹੇ ਜਾਣ ਵਾਲੇ ਕਿਸਾਨਾਂ ਦੀਆਂ ਗੱਲਾਂ। ਉਏ ਭਲਿਉ ਲੋਕੋ, ਇਹ ਅਲਟੀਮੇਟਮ ਜਾਂ ਡਰਾਵਾ ਕਿਸ ਨੂੰ ਦੇ ਰਹੇ ਹੋ? ਧੂਏਂ ਕਾਰਨ ਸੱਭ ਤੋਂ ਪਹਿਲਾਂ ਮਾਰ ਪੈਂਦੀ ਏ ਤੁਹਾਡੇ ਅਪਣੇ ਹੀ ਬੱਚਿਆਂ, ਖਾਂਸੀ, ਦਮੇ, ਕੈਂਸਰ ਤੇ ਅੱਖਾਂ ਦੀਆਂ ਭਿਆਨਕ ਬਿਮਾਰੀਆਂ ਦੇ ਰੂਪ ਵਿਚ।   

ਅਖ਼ੀਰ ਵਿਚ ਹੈ ਉਹ ਭਖਵਾਂ ਮੁੱਦਾ ਜੋ ਅੱਜ ਦੇ ਕਿਸਾਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਜਾਂ ਇੰਜ ਕਹਿ ਲਉ ਕਿ ਲਾ-ਇਲਾਜ ਕੈਂਸਰ ਦਾ ਰੂਪ ਧਾਰਨ ਕੀਤਾ ਹੋਇਆ ਹੈ। ਉਹ ਹੈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ। ਮੇਰੇ ਭਰਾਵੋ ਅਪਣੇ ਦਿਲ ਤੇ ਹੱਥ ਰੱਖ ਕੇ ਸਾਨੂੰ ਨਹੀਂ, ਅਪਣੇ ਆਪ ਨੂੰ ਜਵਾਬ ਦਿਉ ਕਿ ਕੀ ਖ਼ੁਦਕੁਸ਼ੀਆਂ ਕਿਸੇ ਵੀ ਸੂਰਤ ਜਾਂ ਕਿਸੇ ਵੀ ਹਾਲਤ ਵਿਚ ਜਾਇਜ਼ ਹਨ? ਬਹੁਤੇ ਕਹਿਣਗੇ 'ਜੀ ਜਾਇਜ਼ ਨਹੀਂ ਤਾਂ ਹੁਣ 'ਮਰਦਾ ਕੀ ਨਾ ਕਰਦਾ' ਅਨੁਸਾਰ ਜੇ ਜਾਨ ਉਪਰ ਬਣ ਆਈ ਹੋਵੇ ਫਿਰ ਚਾਰਾ ਹੋਰ ਕੋਈ ਨਹੀਂ। ਪਰ ਇਹ ਗਿਆਨ-ਵਿਹੁਣੇ ਤੇ ਡਰਪੋਕ ਵਿਅਕਤੀਆਂ ਦੇ ਵਿਚਾਰ ਹੋ ਸਕਦੇ ਨੇ ਨਾ ਕਿ ਸਿਆਣੇ ਮਨੁੱਖਾਂ ਦੇ।

ਉਹ ਅਪਣੀ ਤਕਲੀਫ਼ ਤੋਂ ਤਾਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਪ੍ਰਵਾਰ ਦੇ ਨਿੱਕੇ ਵੱਡੇ ਜੀਆਂ ਨੂੰ ਦੁਖਾਂ ਦੇ ਸਮੁੰਦਰ ਵਿਚ ਸੁੱਟ ਕੇ ਗ਼ੈਰ-ਜ਼ਿਮੇਵਾਰੀ ਦਾ ਸਰਟੀਫ਼ਿਕੇਟ ਦੇ ਕੇ ਮੂੰਹ ਛੁਪਾ ਕੇ ਜਾਂਦੇ ਬਣਦੇ ਨੇ। ਕਿਸਾਨ ਵੀਰੋ, ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਦੇ ਇਹ ਸੋਚਿਐ ਕਿ ਤੁਹਾਡੇ ਵਿਲਕਦੇ ਜੁਆਕ, ਤੜਪਦੇ ਬੁੱਢੇ ਮਾਪੇ, ਰੋਣਹਾਕੀ ਔਰਤ ਇਸ ਸਮਾਜ ਦੀਆਂ ਠੋਹਕਰਾਂ ਬਰਦਾਸ਼ਤ ਕਰਨਗੇ ਤਾਂ ਕਿਵੇਂ?

ਉਏ ਭਰਾਉ ਭੁੱਖ ਬੜੀ ਜ਼ਾਲਮ ਹੈ ਪਰ ਇਸ ਭੁੱਖ ਦਾ ਜੁਗਾੜ ਇਨਸਾਨ ਕਿਵੇਂ ਨਾ ਕਿਵੇਂ ਖ਼ੁਦ ਕਰ ਸਕਦਾ ਹੈ ਪਰ ਕਿਸੇ ਦੀ ਮੌਤ ਤੋਂ ਬਾਅਦ ਜੋ ਹਨੇਰੀ ਆਂਉਦੀ ਹੈ, ਉਸ ਦਾ ਤੋੜ ਕੋਈ ਨਹੀਂ। ਵਿਆਹਾਂ ਸ਼ਾਦੀਆਂ ਉਪਰ ਘੱਟ ਖ਼ਰਚ ਕਰਨਾ ਕੋਈ ਗੁਨਾਹ ਨਹੀਂ ਪਰ ਮੋਟਰ ਸਾਈਕਲਾਂ ਤੇ ਗੱਡੀਆਂ ਵਿਚ ਘੁੰਮਣਾ ਤੇ ਵੱਡੇ-ਵੱਡੇ ਪੈਲਸਾਂ ਵਿਚ ਲੱਖਾਂ ਰੁਪਏ ਉਜਾੜ ਦੇਣੇ ਬਹੁਤੇ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣੇ ਹਨ। ਅਪਣੇ ਬੱਚਿਆਂ ਨੂੰ ਹੀ ਨਹੀਂ ਆਂਢ ਗੁਆਂਢ ਵਿਚ ਵੀ ਨਸ਼ੇ ਤੋਂ ਅਤੇ ਕਰਜ਼ੇ ਤੋਂ ਬਚਣ ਦਾ ਹੋਕਾ ਦੇ ਕੇ ਪ੍ਰਉਕਾਰੀ ਕੰਮ ਕਰੋ, ਤੁਹਾਨੂੰ ਅਪਣੇ ਆਪ ਤੇ ਫ਼ਖਰ ਹੋਵੇਗਾ।

ਗੁਰਨਾਮ ਸਿੰਘ ਸੀਤਲ , ਸੰਪਰਕ : 98761-05647