ਐਨ.ਸੀ.ਈ.ਐਲ. ਨੂੰ ਮਿਲੇ ਲਾਭ ਦਾ 50 ਫ਼ੀ ਸਦੀ ਮੈਂਬਰ ਕਿਸਾਨਾਂ ਨਾਲ ਸਾਂਝਾ ਕੀਤਾ ਜਾਵੇਗਾ: ਅਮਿਤ ਸ਼ਾਹ
ਕਿਹਾ, ਹੁਣ ਤਕ 7000 ਕਰੋੜ ਰੁਪਏ ਦੇ ਆਰਡਰ ਮਿਲ ਚੁਕੇ ਹਨ
ਪੰਜ ਐਨ.ਸੀ.ਈ.ਐਲ. ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡੇ
ਨਵੀਂ ਦਿੱਲੀ: ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਸਥਾਪਤ ਨੈਸ਼ਨਲ ਕੋ-ਆਪਰੇਟਿਵ ਫਾਰ ਐਕਸਪੋਰਟਸ ਲਿਮਿਟੇਡ (ਐਨ.ਸੀ.ਈ.ਐਲ.) ਨੂੰ ਹੁਣ ਤਕ 7,000 ਕਰੋੜ ਰੁਪਏ ਦੇ ਆਰਡਰ ਮਿਲੇ ਹਨ। ਨਾਲ ਹੀ, ਨਿਰਯਾਤ ਸੰਸਥਾ ਸਮਰਥਨ ਮੁੱਲ ਤੋਂ ਇਲਾਵਾ ਘੱਟੋ-ਘੱਟ 50 ਫ਼ੀ ਸਦੀ ਲਾਭ ਮੈਂਬਰ ਕਿਸਾਨਾਂ ਨਾਲ ਸਾਂਝਾ ਕਰੇਗੀ।
ਇਥੇ ਐਨ.ਸੀ.ਈ.ਐਲ. ਦਾ ਲੋਗੋ ਅਤੇ ਵੈੱਬਸਾਈਟ ਜਾਰੀ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਐਨ.ਸੀ.ਈ.ਐਲ. 15,000 ਕਰੋੜ ਰੁਪਏ ਦੇ ਆਰਡਰ ਲਈ ਗੱਲਬਾਤ ਕਰ ਰਿਹਾ ਹੈ। ਐਨ.ਸੀ.ਈ.ਐਲ. ਨੂੰ ਇਸ ਸਾਲ 25 ਜਨਵਰੀ ਨੂੰ ਮਲਟੀ-ਸਟੇਟ ਕੋ-ਆਪਰੇਟਿਵ ਸੋਸਾਇਟੀਜ਼ ਐਕਟ ਤਹਿਤ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਐਨ.ਸੀ.ਈ.ਐਲ. ਵਿਸ਼ਵ ਨਿਰਯਾਤ ਬਾਜ਼ਾਰ ਨੂੰ ਵਰਤਣ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਉਤਪਾਦਾਂ ਦਾ ਉਤਪਾਦਨ ਕਰਨ ’ਚ ਸਹਿਕਾਰਤਾਵਾਂ ਦੀ ਮਦਦ ਕਰੇਗਾ। ਦੇਸ਼ ’ਚ ਕਰੀਬ ਅੱਠ ਲੱਖ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਦੇ 29 ਕਰੋੜ ਤੋਂ ਵੱਧ ਮੈਂਬਰ ਹਨ।
ਰਾਸ਼ਟਰੀ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ, ‘‘ਇਸ ਸਮੇਂ ਐਨ.ਸੀ.ਈ.ਐਲ. ਇਕ ਅਸਥਾਈ ਦਫਤਰ ਤੋਂ ਕੰਮ ਕਰ ਰਿਹਾ ਹੈ। ਅਸੀਂ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਾਂ। ਹੁਣ ਤਕ ਸਾਨੂੰ (ਐਨ.ਸੀ.ਈ.ਐਲ. ਨੂੰ) 7,000 ਕਰੋੜ ਰੁਪਏ ਦੇ ਆਰਡਰ ਮਿਲੇ ਹਨ ਅਤੇ 15,000 ਕਰੋੜ ਰੁਪਏ ਦੇ ਆਰਡਰ ਲਈ ਗੱਲਬਾਤ ਚੱਲ ਰਹੀ ਹੈ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਐਨ.ਸੀ.ਈ.ਐਲ. ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਖਰੀਦ ਕਰੇਗੀ।
ਉਨ੍ਹਾਂ ਕਿਹਾ ਕਿ ਐਨ.ਸੀ.ਈ.ਐਲ. ਨੂੰ ਨਿਰਯਾਤ ਤੋਂ ਮਿਲਣ ਵਾਲੇ ਕੁਲ ਮੁਨਾਫੇ ਦਾ ਅੱਧਾ, ਭਾਵ ਲਗਭਗ 50 ਫ਼ੀ ਸਦੀ, ਮੈਂਬਰ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਸਿੱਧਾ ਟਰਾਂਸਫਰ ਕੀਤਾ ਜਾਵੇਗਾ। ਮੁਨਾਫਾ ਐਮ.ਐਸ.ਪੀ. ਤੋਂ ਇਲਾਵਾ ਹੋਵੇਗਾ। ਉਨ੍ਹਾਂ ਕਿਹਾ, ‘‘ਕਣਕ ਹੋਵੇ, ਖੰਡ ਹੋਵੇ ਜਾਂ ਦੁੱਧ ਉਤਪਾਦ, ਕਿਸਾਨਾਂ ਨੂੰ ਇਸ ਵੇਲੇ ਕੁਝ ਨਹੀਂ ਮਿਲਦਾ। ਐਨ.ਸੀ.ਈ.ਐਲ. ਕਿਸਾਨਾਂ ਨਾਲ ਘੱਟੋ-ਘੱਟ 50 ਫੀਸਦੀ ਮੁਨਾਫੇ ਸਾਂਝੇ ਕਰੇਗੀ।’’
ਐਨ.ਸੀ.ਈ.ਐਲ. ਨਾ ਸਿਰਫ਼ ਨਿਰਯਾਤ ਤੋਂ ਮੁਨਾਫ਼ਾ ਕਮਾਉਣ ’ਤੇ ਧਿਆਨ ਕੇਂਦਰਿਤ ਕਰੇਗਾ ਸਗੋਂ ਕਿਸਾਨਾਂ ਨੂੰ ਨਿਰਯਾਤ ਬਾਜ਼ਾਰ ਲਈ ਉਤਪਾਦ ਤਿਆਰ ਕਰਨ ’ਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਬ੍ਰਾਂਡਿੰਗ, ਪੈਕੇਜਿੰਗ, ਗੁਣਵੱਤਾ, ਬੁਨਿਆਦੀ ਢਾਂਚੇ ਬਾਰੇ ਜਾਗਰੂਕਤਾ ਪੈਦਾ ਕਰਨ ’ਚ ਮਦਦ ਕਰੇਗਾ, ਘੱਟੋ-ਘੱਟ ਚਾਰਜ ’ਤੇ ਉਤਪਾਦਾਂ ਦੇ ਮਾਨਕੀਕਰਨ ਲਈ ਮਾਪਦੰਡ ਤੈਅ ਕਰੇਗਾ।
ਉਨ੍ਹਾਂ ਕਿਹਾ ਕਿ ਐਨ.ਸੀ.ਈ.ਐਲ. ਛੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਦੇ ਹੋਏ ਸਹਿਕਾਰੀ ਖੇਤਰ ਨੂੰ ਨਵੀਂ ਤਾਕਤ ਦੇਵੇਗੀ। ਇਹ ਛੇ ਉਦੇਸ਼ ਨਿਰਯਾਤ ਨੂੰ ਵਧਾਉਣਾ, ਕਿਸਾਨਾਂ/ਪੇਂਡੂ ਆਮਦਨ ਨੂੰ ਵਧਾਉਣਾ, ਫਸਲਾਂ ਦੇ ਪੈਟਰਨ ਨੂੰ ਬਦਲਣਾ, ਜੈਵਿਕ ਉਪਜ, ਜੈਵਿਕ ਈਂਧਨ ਲਈ ਗਲੋਬਲ ਮਾਰਕੀਟ ਨੂੰ ਵਰਤਣਾ ਅਤੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨਾ ਹੈ। ਨਿਰਯਾਤ ਸੰਸਥਾ ਸਹਿਕਾਰੀ ਸਭਾਵਾਂ ਨੂੰ ਵਿਸ਼ਵ ਬਾਜ਼ਾਰ ’ਚ ਮੰਗ ਅਨੁਸਾਰ ਫਸਲਾਂ ਉਗਾਉਣ ਦੇ ਤਰੀਕੇ ਨੂੰ ਬਦਲਣ ’ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜੈਵਿਕ ਉਤਪਾਦਾਂ ਦੀ ਨਿਰਯਾਤ ’ਚ ਵੀ ਮਦਦ ਮਿਲੇਗੀ। ਸ਼ਾਹ ਨੇ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਐਨ.ਸੀ.ਈ.ਐਲ. ਵੀ ਇਫਕੋ ਅਤੇ ਅਮੂਲ ਵਾਂਗ ਇਕ ਸਫਲ ਉੱਦਮ ਵਜੋਂ ਉਭਰੇਗਾ।’’
ਸ਼ਾਹ ਨੇ ਇੱਥੇ ਪੂਸਾ ਕੈਂਪਸ ’ਚ ਕਰਵਾਏ ਸੈਮੀਨਾਰ ’ਚ ਪੰਜ ਐਨ.ਸੀ.ਈ.ਐਲ. ਮੈਂਬਰਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡੇ। ਉਨ੍ਹਾਂ ਕਿਹਾ ਕਿ ਸਹਿਕਾਰੀ ਨਿਰਯਾਤ ਸੰਸਥਾ ਦੇ ਪਹਿਲਾਂ ਹੀ 1500 ਮੈਂਬਰ ਹਨ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਤਹਿਸੀਲ ਪੱਧਰ ’ਤੇ ਘੱਟੋ-ਘੱਟ ਇੱਕ ਸਹਿਕਾਰੀ ਸੰਸਥਾ ਇਸ ਨਾਲ ਜੁੜੀ ਹੋਵੇ। ਪ੍ਰੋਗਰਾਮ ’ਚ ਮੌਜੂਦ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਐਨ.ਸੀ.ਈ.ਐਲ. ਦੇ ਨਿਰਮਾਣ ਨਾਲ ਬਰਾਮਦ ਨੂੰ ਹੁਲਾਰਾ ਮਿਲੇਗਾ। ਇਹ ਦੇਸ਼ ਦੇ ਵਿਕਾਸ ਅਤੇ ਪੇਂਡੂ ਪਰਿਵਰਤਨ ’ਚ ਯੋਗਦਾਨ ਪਾਵੇਗਾ।