ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ਵਿਚ ਕਿਸਾਨਾਂ ਲਾਏ ਰੇਲਵੇ ਸਟੇਸ਼ਨਾਂ ਤੇ ਡੇਰੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਮੱਦੇਨਜ਼ਰ ਝੋਨੇ ਦੀ ਫਸਲ ਦੀ ਬਿਜਾਈ ਦਾ ਸਮਾ 20 ਜੂਨ ਮੁਕੱਰਰ ਕਰਨ ਦੇ ਫੈਸਲੇ ਅਨੁਸਾਰ ਭਾਂਵੇ...

Farmers Farming

ਸੰਗਰੂਰ : ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਮੱਦੇਨਜ਼ਰ ਝੋਨੇ ਦੀ ਫਸਲ ਦੀ ਬਿਜਾਈ ਦਾ ਸਮਾ 20 ਜੂਨ ਮੁਕੱਰਰ ਕਰਨ ਦੇ ਫੈਸਲੇ ਅਨੁਸਾਰ ਭਾਂਵੇ ਝੋਨੇ ਦੀ ਬਿਜਾਈ ਦਾ ਕੰਮ ਜੋਰ ਸ਼ੋਰ ਨਾਲ ਸ਼ੁਰੂ ਹੋ ਚੁਕਿਆ ਹੈ ਅਤੇ ਸਰਕਾਰ ਵੱਲੋਂ ਅਪਣੇ ਵਾਅਦੇ ਅਨੁਸਾਰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਵੀ ਦਿੱਤੀ ਜਾ ਰਹੀ ਹੈ।

ਸਾਰੇ ਪਾਸੇ ਇੱਕ ਦਮ ਕੰਮ ਸ਼ੁਰੂ ਹੋਣ ਕਾਰਨ ਹੁਣ ਸਮੱਸਿਆ ਇਹ ਹੈ ਕਿ ਕੋਈ ਵੀ ਝੋਨੇ ਦੀ ਲਵਾਈ ਦਾ ਕੰਮ ਹੁਣ ਇਕ ਦਿਨ ਵੀ ਹੋਰ ਲੇਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲਵਾਈ ਜਿੰਨੀ ਲੇਟ ਹੋਵੇਗੀ ਓਨਾ ਹੀ ਫਸਲ ਦਾ ਝਾੜ ਘੱਟ ਹੋਵੇਗਾ ਤੇ ਅੱਗੇ ਜਾ ਕੇ ਮੰਡੀਕਰਨ ਵਿੱਚ ਵੀ ਦਿੱਕਤ ਪੇਸ਼ ਆਵੇਗੀ। 

ਪ੍ਰਵਾਸੀ ਮਜ਼ਦੂਰਾਂ ਆਮਦ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਕੁਝ ਕਾਰਨਾਂ ਕਰਕੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜਦੂਰ ਦੇਰ ਨਾਲ ਪਹੁੰਚ ਰਹੇ ਹਨ ਜਿਸ ਕਰਕੇ ਝੋਨਾ ਲਾਉਣ ਵਾਲੀ ਲੇਬਰ ਦੀ ਵੱਡੀ ਘਾਟ ਪੈਦਾ ਹੋ ਗਈ ਹੈ। ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨੂੰ ਲੈ ਕੇ ਇਨੀ ਦਿਨੀ ਰੇਲਵੇ ਸਟੇਸ਼ਨਾਂ ਤੇ ਕਿਸਾਨਾਂ ਦੀ ਮੌਜੂਦਗੀ ਅਕਸਰ ਵੇਖੀ ਜਾ ਸਕਦੀ ਹੈ ।

ਇਨ੍ਹਾਂ ਮਜਦੂਰਾਂ ਦੀ ਉਡੀਕ ਵਿੱਚ ਧੂਰੀ ਜੰਕਸ਼ਨ ਸਮੇਤ ਮਾਲਵਾ ਦੇ ਹੋਰਨਾਂ ਰੇਲਵੇ ਸਟੇਸ਼ਨਾਂ ਤੇ ਕਿਸਾਨਾਂ ਦੀਆਂ ਟੋਲੀਆਂ ਨੇ ਬੀਤੇ ਕਈ ਕਈ ਦਿਨਾਂਂ ਤੋਂ ਪ੍ਰਵਾਸੀ ਮਜਦੂਰਾਂ ਦੀ ਉਡੀਕ 'ਚ ਡੇਰੇ ਲਗਾਏ ਹੋਏ ਹਨ। ਰੇਲਵੇ ਸਟੇਸ਼ਨ ਤੇ ਲੇਬਰ ਦੀ ਉਡੀਕ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤਾ ਗਿਆ 20 ਜੂਨ ਵਾਲਾ ਫੈਸਲਾ ਸਹੀ ਨਹੀਂ ਹੈ ਇਸ ਫੈਸਲੇ ਨਾਲ ਕਿਸਾਨ ਦੀ ਫਸਲ ਲੇਟ ਹੋਣ ਦੇ ਨਾਲ ਨਾਲ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਵੀ ਹੋਵੇਗਾ ਕਿਉਂਕਿ ਪਿਛਲੇ ਸਾਲ ਪ੍ਰਤੀ ਏਕੜ ਝੋਨੇ ਦੀ ਲਵਾਈ 2000-2300 ਰੁਪਏ ਤੱਕ ਸੀ ਇਸ ਵਾਰ ਓਹੀ ਰੇਟ 2800-3000 ਰੁਪਏ ਪ੍ਰਤੀ ਏਕੜ ਤਕ ਪੁੱਜ ਗਿਆ ਹੈ।

ਐਨੀਆਂ ਮੁਸ਼ਕਲਾਂ ਦੇ ਬਾਵਜੂਦ ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਕਿਵੇਂ ਨਾ ਕਿਵੇਂ ਲੇਬਰ ਮਿਲੇ ਤੇ ਝੋਨੇ ਦਾ ਕੰਮ ਸਮੇਟਿਆ ਜਾ ਸਕੇ। ਰੇਲਵੇ ਸਟੇਸ਼ਨਾਂ ਤੇ ਬੈਠੇ ਕਿਸਾਨਾਂ ਦੀਆਂ ਅੱਖਾਂ ਹਰ ਵੇਲੇ ਦਿੱਲੀ ਵਾਲੇ ਪਾਸੇ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਤੇ ਲੱਗੀਆਂ ਹੋਈਆਂ ਹਨ ਤੇ ਇਸ ਵੇਲੇ ਉਹਨਾਂ ਨੂੰ ਹਰ ਹਾਲਤ 'ਚ ਝੋਨਾ ਲਗਾਉਣ ਲਈ ਲੇਬਰ ਚਾਹੀਦੀ ਹੈ ਭਾਵੇਂ ਕਿ ਇਹ ਓਹਨਾ ਦੀ ਜੇਬ ਤੇ ਭਾਰੀ ਹੀ ਪੈ ਜਾਵੇ।

ਝੋਨੇ ਦੀ ਲਵਾਈ ਦੇ ਸੰਦਰਭ ਵਿੱਚ ਮਜਦੂਰਾਂ ਦੇ ਦੂਜੇ ਪਹਿਲੂ ਦੀ ਗੱਲ ਕਰੀਏ ਤਾਂ ਇਸ ਵਾਰ ਪੇਂਡੂ ਮਜ਼ਦੂਰਾਂ ਵੱਲੋਂ ਵੀ ਝੋਨੇ ਦੇ ਕੰਮ ਵਿੱਚ ਚੰਗਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਵਿੱਚ ਔਰਤਾਂ ਵੱਲੋਂ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਝੋਨੇ ਦੀ ਲਵਾਈ ਲਈ ਸਿਰਫ ਤੇ ਸਿਰਫ ਪ੍ਰਵਾਸੀ ਮਜ਼ਦੂਰਾਂ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਸੀ ਪਰ ਸਮਾਂ ਦਰ ਸਮਾ ਪੰਜਾਬੀ ਪੇਂਡੂ ਮਜ਼ਦੂਰ ਵੀ ਇਸ ਕੰਮ ਵਿਚ ਹੱਥ ਚਲਾਉਣ ਲੱਗੇ ਹਨ ਤੇ ਹੁਣ ਕਈ ਕਈ ਪਰਿਵਾਰਾਂ ਦੇ ਮਰਦ ਔਰਤਾਂ ਸਾਂਝੇ ਰੂਪ ਵਿੱਚ ਟੋਲੀਆਂ ਬਣਾ ਕੇ ਝੋਨੇ ਦੀ ਲਵਾਈ ਦਾ ਕੰਮ ਕਰ ਰਹੇ ਹਨ।